ਡੀ. ਸੀ. ਤੇ ਐਸ. ਐਸ. ਪੀ. ਵੱਲੋਂ ਪਰਾਲੀ ਪ੍ਰਬੰਧਨ ਕਰਨ ਵਾਲੇ ਅਗਾਂਹਵਧੂ ਕਿਸਾਨਾਂ ਦਾ ਸਨਮਾਨ
ਡੀ. ਸੀ. ਤੇ ਐਸ. ਐਸ. ਪੀ. ਵੱਲੋਂ ਪਰਾਲੀ ਪ੍ਰਬੰਧਨ ਕਰਨ ਵਾਲੇ ਅਗਾਂਹਵਧੂ ਕਿਸਾਨਾਂ ਦਾ ਸਨਮਾਨ -ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਵਾਲੇ ਕਿਸਾਨਾਂ ਵੱਲੋਂ ਹੋਰਨਾਂ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਦਾ ਸੱਦਾ -ਪਿੰਡ ਲੌਂਗੋਵਾਲ ਅਤੇ ਸ਼ੇਰੋਂ ਵਿਖੇ ਡਿਪਟੀ ਕਮਿਸ਼ਨਰ ਤੇ ਐਸ.ਐਸ.ਪੀ. ਨੇ ਕਿਸਾਨਾਂ ਨਾਲ ਕੀਤੀ ਮਿਲਣੀ -ਵਾਤਾਵਰਣ ਨੂੰ ਗੰਧਲਾ ਹੋਣੋਂ ਬਚਾਉਣ ਲਈ ਸਾਂਝੇ ਯਤਨਾਂ ਦੀ ਲੋੜ : ਡਿਪਟੀ ਕਮਿਸ਼ਨਰ ਸੰਗਰੂਰ, 24 ਅਕਤੂਬਰ 2025 : ਸੰਗਰੂਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਅਤੇ ਐਸ. ਐਸ. ਪੀ. ਸਰਤਾਜ ਸਿੰਘ ਚਾਹਲ ਵੱਲੋਂ ਜ਼ਿਲ੍ਹੇ ਦੇ ਪਿੰਡ ਲੌਂਗੋਵਾਲ ਅਤੇ ਸ਼ੇਰੋ ਦੇ ਪਰਾਲੀ ਪ੍ਰਬੰਧਨ ਕਰਨ ਵਾਲੇ 18 ਅਗਾਂਹਵਧੂ ਕਿਸਾਨਾਂ ਦਾ ਸਨਮਾਨ ਕੀਤਾ ਗਿਆ । ਇਸ ਮੌਕੇ ਉਨ੍ਹਾਂ ਦੇ ਨਾਲ ਏ. ਡੀ. ਸੀ. ਅਮਿਤ ਬੈਂਬੀ ਤੇ ਐਸ.ਡੀ.ਐਮ ਸੁਨਾਮ ਸ੍ਰੀ ਪ੍ਰਮੋਦ ਸਿੰਗਲਾ ਵੀ ਮੌਜੂਦ ਸਨ । ਇਸ ਮੌਕੇ ਰਾਹੁਲ ਚਾਬਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਰਾਲੀ ਦਾ ਇਨ ਸੀਟੂ ਅਤੇ ਐਕਸ ਸੀਟੂ ਤਕਨੀਕਾਂ ਨਾਲ ਨਿਪਟਾਰਾ ਕਰਨ ਵਾਲੇ ਅਤੇ ਫ਼ਸਲੀ ਵਿਭਿੰਨਤਾ ਅਪਣਾਉਣ ਵਾਲੇ ਕਿਸਾਨਾਂ ਤੋਂ ਹੋਰਨਾਂ ਕਿਸਾਨਾਂ ਨੂੰ ਸੇਧ ਲੈ ਕੇ ਆਪਣੀ ਆਮਦਨ ਵਧਾਉਣ ਦੇ ਨਾਲ ਨਾਲ ਵਾਤਾਵਰਣ ਦੀ ਸ਼ੁੱਧਤਾ ਲਈ ਕੰਮ ਕਰਨਾ ਚਾਹੀਦਾ ਹੈ । ਉਨ੍ਹਾਂ ਕਿਹਾ ਕਿ ਪਰਾਲੀ ਪ੍ਰਬੰਧਨ ਕਰਨ ਵਾਲੇ ਕਿਸਾਨ ਸਾਡੇ ਨਾਇਕ ਹਨ ਜੋ ਆਪਣੇ ਫ਼ਾਇਦੇ ਤੋਂ ਉਪਰ ਉਠਕੇ ਲੋਕਾਂ ਨੂੰ ਹੋਣ ਵਾਲੇ ਨੁਕਸਾਨ ਪ੍ਰਤੀ ਪਹਿਲਾਂ ਸੋਚਦੇ ਹਨ । ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾ ਕੇ ਖੇਤੀਬਾੜੀ ਵਿਭਾਗ ਵੱਲੋਂ ਸਬਸਿਡੀ ਉਤੇ ਮੁਹੱਈਆ ਕਰਵਾਈ ਗਈ ਖੇਤੀ ਮਸ਼ੀਨਰੀ ਦੀ ਸੁਚੱਜੀ ਵਰਤੋਂ ਕਰਕੇ ਅਗਲੀ ਫ਼ਸਲ ਬੀਜਣ ਲਈ ਪ੍ਰੇਰਿਤ ਕੀਤਾ ਉਨ੍ਹਾਂ ਦੋਵਾਂ ਪਿੰਡਾਂ ਦੇ ਪਿਛਲੇ ਸਾਲਾਂ ਦੌਰਾਨ ਝੋਨੇ ਦੀ ਪਰਾਲੀ ਦਾ ਸੁਚੱਜਾ ਪ੍ਰਬੰਧਨ ਕਰਨ ਵਾਲੇ 18 ਅਗਾਂਹਵਧੂ ਕਿਸਾਨਾਂ ਨੂੰ ਸਨਮਾਨਿਤ ਵੀ ਕੀਤਾ । ਸਮਾਗਮ ਦੌਰਾਨ ਐਸ. ਐਸ. ਪੀ. ਸਰਤਾਜ ਸਿੰਘ ਚਾਹਲ ਨੇ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਕਰਨ ਲਈ ਨਵੀਨਤਮ ਤਕਨੀਕਾਂ ਦੀ ਵਰਤੋਂ ਕਰਨ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਪਰਾਲੀ ਨੂੰ ਅੱਗ ਲਗਾਉਣਾ ਕੋਈ ਸਮੱਸਿਆ ਦਾ ਹੱਲ ਨਹੀਂ ਸਗੋਂ ਇਹ ਹੋਰਨਾ ਸਮੱਸਿਆਵਾਂ ਨੂੰ ਜਨਮ ਦਿੰਦਾ ਹੈ। ਉਨ੍ਹਾਂ ਕਿਹਾ ਕਿ ਅੱਗ ਲਗਾਉਣ ਵਾਲੇ ਨੂੰ ਸਭ ਤੋਂ ਪਹਿਲਾ ਇਸ ਦੇ ਧੂੰਏਂ ਦਾ ਸਾਹਮਣਾ ਕਰਨਾ ਪੈਦਾ ਹੈ ਜੋ ਉਸ ਵਿਅਕਤੀ ਦੀ ਸਿਹਤ ਉਤੇ ਮਾੜਾ ਪ੍ਰਭਾਵ ਪਾਉਂਦਾ ਹੈ ਤੇ ਨਾਲ ਹੀ ਉਸ ਦੀ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਅੱਗ ਲੱਗਣ ਨਾਲ ਘਟਦੀ ਹੈ । ਉਨ੍ਹਾਂ ਕਿਸਾਨਾਂ ਨੂੰ ਇਨ ਸੀਟੂ ਤੇ ਐਕਸ ਸੀਟੂ ਤਕਨੀਕਾਂ ਵਰਤਣ ਲਈ ਪ੍ਰੇਰਿਤ ਕੀਤਾ । ਮੁੱਖ ਖੇਤੀਬਾੜੀ ਅਫ਼ਸਰ ਧਰਮਿੰਦਰਜੀਤ ਸਿੰਘ ਨੇ ਕਿਸਾਨਾਂ ਨਾਲ ਕਣਕ ਬੀਜਣ ਲਈ ਖੇਤੀ ਮਸ਼ੀਨਰੀ ਦੀ ਵਰਤੋਂ ਸਬੰਧੀ ਜਾਣਕਾਰੀ ਸਾਂਝੀ ਕੀਤੀ । ਇਸ ਮੌਕੇ ਡੀ. ਐਸ. ਪੀ. ਸੁਨਾਮ ਹਰਵਿੰਦਰ ਸਿੰਘ ਖਹਿਰਾ, ਡੀ. ਆਰ. ਸਹਿਕਾਰੀ ਸਭਾਵਾਂ ਕਰਨਵੀਰ ਸਿੰਘ, ਡਾ. ਇੰਦਰਜੀਤ ਸਿੰਘ ਭੱਟੀ, ਇੰਜ. ਗੁਰਿੰਦਰ ਸਿੰਘ, ਡਾ. ਨਰਿੰਦਰਪਾਲ ਸਿੰਘ ਚੀਮਾ, ਡਾ. ਅਮਰਜੀਤ ਸਿੰਘ, ਡਾ.ਪਰਮਿੰਦਰ ਸਿੰਘ ਬੁੱਟਰ, ਸੁਖਜਿੰਦਰ ਸਿੰਘ, ਸੁਖਪਾਲ ਸਿੰਘ ਅਤੇ ਵੱਡੀ ਗਿਣਤੀ ਕਿਸਾਨ ਮੌਜੂਦ ਸਨ ।

