July 6, 2024 00:57:57
post

Jasbeer Singh

(Chief Editor)

Punjab, Haryana & Himachal

ਭਾਸ਼ਾ ਵਿਭਾਗ ਪੰਜਾਬ ਨੇ ਸਜਾਈ ‘ਮਹਿਫ਼ਿਲ ਏ ਕਵਾਲੀ’, ਕਵਾਲ ਨੀਲੇ ਖਾਨ ਨੇ ਬੰਨਿਆ ਰੰਗਿਆ

post-img

ਪਟਿਆਲਾ, 8 ਮਾਰਚ (ਜਸਬੀਰ)-ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਅਤੇ ਉਚੇਰੀ ਸਿੱਖਿਆ ਤੇ ਭਾਸ਼ਾ ਮੰਤਰੀ ਸ. ਹਰਜੋਤ ਸਿੰਘ ਬੈਂਸ  ਦੀ ਯੋਗ ਰਹਿਨੁਮਾਈ ’ਚ ਭਾਸ਼ਾ ਵਿਭਾਗ ਪੰਜਾਬ ਵੱਲੋਂ ਇੱਥੇ ਸ਼ੇਰਾਂ ਵਾਲਾ ਗੇਟ ਵਿਖੇ ਸਥਿਤ ਮੁੱਖ ਦਫ਼ਤਰ ਦੇ ਓਪਨ ਏਅਰ ਥੀਏਟਰ ’ਚ ਮਹਿਫ਼ਿਲ-ਏ-ਕੱਵਾਲੀ ਸਜਾਈ ਗਈ। ਸਕੱਤਰ ਉਚੇਰੀ ਸਿੱਖਿਆ ਤੇ ਭਾਸ਼ਾਵਾਂ ਸ਼੍ਰੀ ਕਮਲ ਕਿਸ਼ੋਰ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਭਾਸ਼ਾ ਵਿਭਾਗ ਦੀ ਨਿਰਦੇਸ਼ਕਾ ਸ੍ਰੀਮਤੀ ਹਰਪ੍ਰੀਤ ਕੌਰ ਦੀ ਅਗਵਾਈ ’ਚ ਕਰਵਾਏ ਗਏ ਇਸ ਸਮਾਗਮ ਦੌਰਾਨ ਉਘੇ ਕੱਵਾਲ ਨੀਲੇ ਖ਼ਾਨ ਨੇ ਆਪਣੀ ਖ਼ੂਬਸੂਰਤ ਗਾਇਕੀ ਨਾਲ ਖਚਾ-ਖਚ ਭਰੇ ਪੰਡਾਲ ’ਚ ਮੌਜੂਦ ਸਰੋਤਿਆਂ ਨੂੰ ਝੂਮਣ ਲਾ ਦਿੱਤਾ। ਇਸ ਸਮਾਗਮ ਦੀ ਸ਼੍ਰੋਮਣੀ ਉਰਦੂ ਸਾਹਿਤਕਾਰ ਡਾ. ਨਾਸ਼ਿਰ ਨਕਵੀ ਨੇ ਪ੍ਰਧਾਨਗੀ ਕੀਤੀ ਅਤੇ ਸ਼੍ਰੋਮਣੀ ਉਰਦੂ ਸਾਹਿਤਕਾਰ ਡਾ. ਰੁਬੀਨਾ ਸ਼ਬਨਮ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ। ਮੇਜ਼ਬਾਨ ਵਿਭਾਗ ਦੀ ਡਾਇਰੈਕਟਰ ਸ੍ਰੀਮਤੀ ਹਰਪ੍ਰੀਤ ਕੌਰ ਨੇ ਆਏ ਮਹਿਮਾਨਾਂ ਨੂੰ ਖੁਸ਼ਾਮਦੀਦ ਕਿਹਾ ਅਤੇ ਦੱਸਿਆ ਕਿ ਭਾਸ਼ਾ ਵਿਭਾਗ ਜਿੱਥੇ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਪ੍ਰਸਾਰ ਲਈ ਯਤਨਸ਼ੀਲ ਹੈ ਉਥੇ ਹਿੰਦੀ ਤੇ ਉਰਦੂ ਦੇ ਸਤਿਕਾਰ ਲਈ ਵੀ ਵਚਨਬੱਧ ਹੈ। ਜਿਸ ਤਹਿਤ ਮਹਿਫ਼ਿਲ ਏ ਕਵਾਲੀ ਸਜਾਈ ਗਈ ਹੈ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਹੋਰਨਾਂ ਭਾਸ਼ਾਵਾਂ ਵਾਂਗ ਉਰਦੂ ਭਾਸ਼ਾ ਨਾਲ ਸਬੰਧਤ ਵੀ ਕਈ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ। ਆਪਣੇ ਪ੍ਰਧਾਨਗੀ ਭਾਸ਼ਨ ’ਚ ਡਾ. ਨਾਸ਼ਿਰ ਨਕਵੀ ਨੇ ਕੱਵਾਲੀ ਦੇ ਇਤਿਹਾਸ ਬਾਰੇ ਵਿਸਥਾਰ ’ਚ ਦੱਸਿਆ। ਉਨ੍ਹਾਂ ਕਿਹਾ ਕਿ ਕਵਾਲੀ ਦੀ ਗਾਇਨ ਸ਼ੈਲੀ ਦੀ ਮਹਾਰਤ ਬਹੁਤ ਮਿਹਨਤ, ਵਧੀਆ ਸਿਖਲਾਈ ਤੇ ਜ਼ਜਬੇ ਨਾਲ ਹਾਸਿਲ ਕੀਤੀ ਜਾਂਦੀ ਹੈ। ਤਕਰੀਬਨ ਸੱਤ ਸਦੀਆਂ ਪੁਰਾਣੀ ਇਹ ਸੂਫ਼ੀ ਗਾਇਨ ਪ੍ਰੰਪਰਾ ਰਾਹੀਂ ਪੰਜਾਬੀ, ਉਰਦੂ ਤੇ ਹਿੰਦੀ ਵਰਗੀਆਂ ਭਾਸ਼ਾਵਾਂ ਦੀ ਮਿਆਰੀ ਸ਼ਾਇਰੀ ਨੂੰ ਪੇਸ਼ ਕੀਤਾ ਜਾਂਦਾ ਹੈ। ਉਨ੍ਹਾਂ ਭਾਸ਼ਾ ਵਿਭਾਗ ਪੰਜਾਬ ਦੇ ਉਰਦੂ ਜ਼ੁਬਾਨ ਦੇ ਪ੍ਰਚਾਰ-ਪਸਾਰ ਲਈ ਕੀਤੇ ਜਾਂਦੇ ਯਤਨਾਂ ਲਈ ਸ਼ਲਾਘਾ ਕੀਤੀ। ਇਸ ਮੌਕੇ ਵਿਸ਼ੇਸ਼ ਮਹਿਮਾਨ ਡਾ. ਰੂਬੀਨਾ ਸ਼ਬਨਮ ਨੇ ਭਾਸ਼ਾ ਵਿਭਾਗ ਪੰਜਾਬ ਵੱਲੋਂ ਹਰ ਸਾਲ ਕਰਵਾਏ ਜਾਂਦੇ ਸਮਾਗਮਾਂ ’ਚ ਉਰਦੂ ਜ਼ੁਬਾਨ ਨੂੰ ਦਿੱਤੇ ਜਾਂਦੇ ਸਥਾਨ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਸ ਖੂਬਸੂਰਤ ਜ਼ੁਬਾਨ ਦੇ ਸਾਹਿਤਕਾਰਾਂ ਨੂੰ ਵੀ ਭਾਸ਼ਾ ਵਿਭਾਗ ਪੰਜਾਬ ਵੱਲੋਂ ਸਮਾਂਤਰ ਸਤਿਕਾਰ ਦੇਣਾ ਬਹੁਤ ਸ਼ਲਾਘਾਯੋਗ ਕਦਮ ਹੈ। ਮਹਿਫ਼ਿਲ ਏ ਕੱਵਾਲੀ ਦੌਰਾਨ ਕਵਾਲ ਨੀਲੇ ਖ਼ਾਨ ਨੇ ਆਪਣੇ ਵਿਲੱਖਣ ਅੰਦਾਜ਼ ’ਚ ‘ਦਮਾ-ਦਮ ਮਸਤ ਕਲੰਧਰ’, ‘ਭੱਠੀ ਵਾਲੀਏ ਚੰਬੇ ਦੀਏ ਡਾਲੀਏ’, ‘ਮੇਰੇ ਰਸ਼ਕੇ ਏ ਕਮਲ’, ‘ਸੁਣ ਸੋਨੇ ਦਿਆ ਕੰਗਣਾ’, ‘ਇੱਥੇ ਉਮਰਾਂ ਦੇ ਹੋਣੇ ਨੇ ਨਿਬੇੜੇ’ ਸਮੇਤ ਦਰਜ਼ਨ ਤੋਂ ਵਧੇਰੇ ਗੀਤਾਂ ਦੀਆਂ ਪੇਸ਼ਕਾਰੀਆਂ ਨਾਲ ਦਰਸ਼ਕਾਂ ਨੂੰ ਥਿਰਕਣ/ਝੂੰਮਣ ਲਗਾ ਦਿੱਤਾ। ਹਰ ਉਮਰ ਵਰਗ ਦੇ ਸਰੋਤਿਆਂ ਦਾ ਨੀਲੇ ਖ਼ਾਨ ਦੀ ਸੰਗੀਤਕ ਮੰਡਲੀ ਨੇ ਵਧੀਆ ਮਨੋਰੰਜਨ ਕੀਤਾ। ਸਮਾਗਮ ਦੇ ਆਯੋਜਕ ਸਹਾਇਕ ਨਿਰਦੇਸ਼ਕ ਅਸ਼ਰਫ਼ ਮਹਿਮੂਦ ਨੰਦਨ ਨੇ ਸਭ ਦਾ ਧੰਨਵਾਦ ਕੀਤਾ। ਵਿਸ਼ੇਸ਼ ਮਹਿਮਾਨਾਂ ਤੇ ਗਾਇਕ ਨੀਲੇ ਖ਼ਾਨ ਦਾ ਭਾਸ਼ਾ ਵਿਭਾਗ ਦੀ ਤਰਫ਼ੋ ਸਨਮਾਨ ਕੀਤਾ ਗਿਆ। ਮੰਚ ਸੰਚਾਲਨ ਖੋਜ ਅਫਸਰ ਡਾ. ਸੁਖਦਰਸ਼ਨ ਸਿੰਘ ਚਹਿਲ ਨੇ ਕੀਤਾ। ਇਸ ਮੌਕੇ ਡਿਪਟੀ ਡਾਇਰੈਕਟਰ ਹਰਭਜਨ ਕੌਰ ਤੇ ਸਤਨਾਮ ਸਿੰਘ, ਸਹਾਇਕ ਨਿਰਦੇਸ਼ਕ ਅਲੋਕ ਚਾਵਲਾ, ਅਮਰਿੰਦਰ ਸਿੰਘ, ਸੁਰਿੰਦਰ ਕੌਰ ਤੇ ਜਸਪ੍ਰੀਤ ਕੌਰ, ਭੁਪਿੰਦਰਪਾਲ ਸਿੰਘ, ਸਾਬਕਾ ਡਾਇਰੈਕਟਰ ਟੈਕਸਟ ਬੁੱਕ ਬੋਰਡ ਅਸ਼ੋਕ ਲੋਹਗੜ੍ਹ, ਪ੍ਰੋ. ਬਾਵਾ ਸਿੰਘ, ਪਦਮ ਸ਼੍ਰੀ ਪ੍ਰਾਣ ਸੱਭਰਵਾਲ, ਸਾਬਕਾ ਜਿਲ੍ਹਾ ਸਿੱਖਿਆ ਅਫਸਰ ਅਮਰਜੀਤ ਸਿੰਘ, ਪ੍ਰਿੰ. ਮਨਮੋਹਨ ਸਿੰਘ, ਸੰਗੀਤਕ ਹਸਤੀ ਪ੍ਰੋ. ਨਿਵੇਦਤਾ ਉਪਲ, ਗੁਰਮੇਲ ਸਿੰਘ ਵਿਰਕ, ਭਾਸ਼ਾ ਵਿਭਾਗ ਦੇ ਸਾਬਕਾ ਅਧਿਕਾਰੀ ਡਾ. ਹਰਨੇਕ ਸਿੰਘ, ਕਰਮਵੀਰ ਸਿੰਘ ਸੂਰੀ ਤੇ ਨਿਰਮਲ ਸਿੰਗਲਾ, ਦਲਜੀਤ ਸਿੰਘ ਅਰੋੜਾ, ਸ਼ਾਇਰ ਡਾ. ਅਮਰਜੀਤ ਕੌਂਕੇ, ਅਵਤਾਰਜੀਤ ਅਟਵਾਲ, ਨਵਦੀਪ ਮੁੰਡੀ, ਜਸਪ੍ਰੀਤ ਫਲਕ, ਰਾਜੇਸ਼ ਸ਼ਰਮਾ ਸਮੇਤ ਬਹੁਤ ਸਾਰੀਆਂ ਸੰਗੀਤ ਤੇ ਸਾਹਿਤ ਪ੍ਰੇਮੀ ਹਸਤੀਆਂ ਮੌਜੂਦ ਸਨ।

Related Post