July 6, 2024 01:30:05
post

Jasbeer Singh

(Chief Editor)

Latest update

ਪੁਲਿਸ ਨੇ ਅੰਮ੍ਰਿਤਪਾਲ ਸਿੰਘ ਨੂੰ ਗੋਲੀ ਮਾਰਨ ਵਾਲੇ ਦੀ ਸੂਹ ਦੇਣ ਉਤੇ ਇਨਾਮ ਐਲਾਨਿਆ

post-img

ਮੁਕੇਰੀਆਂ ਦੇ ਪਿੰਡ ਮਨਸੂਰਪੁਰ ਵਿਚ ਰੇਡ ਮਾਰਨ ਪੁੱਜੀ ਸੀਆਈਏ ਸਟਾਫ ਦੀ ਟੀਮ ਉੱਤੇ ਫਾਇਰਿੰਗ ਕਾਰਨ ਟੀਮ ’ਚ ਸ਼ਾਮਲ ਹਵਾਲਦਾਰ ਦੀ ਮੌਤ ਹੋ ਗਈ ਹੈ। ਮ੍ਰਿਤਕ ਹਵਾਲਦਾਰ ਦੀ ਪਛਾਣ ਅੰਮ੍ਰਿਤਪਾਲ ਸਿੰਘ ਵਾਸੀ ਪਿੰਡ ਜੰਡੋਰ ਵਜੋਂ ਹੋਈ ਹੈ। ਗੈਂਗਸਟਰ ਵੀ ਪੁਲਿਸ ਦੀ ਗੋਲੀ ਨਾਲ ਜ਼ਖ਼ਮੀ ਹੋ ਗਿਆ ਪਰ ਉਹ ਹਥਿਆਰ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਨੇ ਗੈਂਗਸਟਰ ਖਿਲਾਫ਼ ਕਤਲ ਤੇ ਅਸਲਾ ਐਕਟ ਅਧੀਨ ਕੇਸ ਦਰਜ ਕਰ ਕੇ ਉਸ ਦੀ ਸੂਚਨਾ ਦੇਣ ਵਾਲੇ ਨੂੰ 25 ਹਜ਼ਾਰ ਰੁਪਏ ਇਨਾਮ ਦੇਣ ਦਾ ਐਲਾਨ ਕੀਤਾ ਹੈ।ਘਟਨਾ ਤੋਂ ਬਾਅਦ ਪੁਲਿਸ ਨੇ ਇਲਾਕੇ ਦੇ ਨਾਕਾਬੰਦੀ ਕਰਕੇ ਘਰਾਂ ਤੇ ਗੰਨੇ ਦੇ ਖੇਤਾਂ ਵਿੱਚ ਤਲਾਸ਼ੀ ਅਰੰਭ ਦਿੱਤੀ।ਦੱਸਣਯੋਗ ਹੈ ਕਿ ਸੀਆਈਏ ਸਟਾਫ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਮਨਸੂਰਪੁਰ ਦਾ ਸੁਖਵਿੰਦਰ ਸਿੰਘ ਉਰਫ ਰਾਣਾ ਜੋ ਕਿ ਜੇਲ੍ਹ ਵਿੱਚੋਂ ਜ਼ਮਾਨਤ ’ਤੇ ਪਿੰਡ ਆਇਆ ਹੋਇਆ ਸੀ, ਅਸਲੇ ਸਮੇਤ ਪਿੰਡ ਵਿੱਚ ਲੁਕਿਆ ਹੋਇਆ ਹੈ। ਸੂਚਨਾ ਦੇ ਅਧਾਰ ਉਤੇ ਸੀਆਈਏ ਸਟਾਫ ਦੇ ਏਐਸਆਈ ਲਖਵੀਰ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਜਦੋਂ ਪਿੰਡ ਛਾਪੇਮਾਰੀ ਕੀਤੀ ਤਾਂ ਗੈਂਗਸਟਰ ਰਾਣਾ ਮਨਸੂਰਪੁਰ ਤੋਂ ਮਹਿਤਪੁਰ ਨੂੰ ਜਾਂਦੀ ਨਹਿਰ ਕਿਨਾਰੇ ਜਾ ਰਿਹਾ ਸੀ। ਪੁਲਿਸ ਨੂੰ ਦੇਖ ਕੇ ਉਸ ਨੇ ਟੀਮ ਵਿਚ ਸ਼ਾਮਲ ਹਵਾਲਦਾਰ ਅੰਮ੍ਰਿਤਪਾਲ ਸਿੰਘ ਵਾਸੀ ਪਿੰਡ ਜੰਡੋਰ ਉਤੇ ਗੋਲੀ ਚਲਾ ਦਿੱਤੀ, ਜਿਹੜੀ ਕਿ ਉਸ ਦੀ ਛਾਤੀ ਵਿੱਚ ਵੱਜੀ ਤੇ ਉਹ ਗੰਭੀਰ਼ ਜ਼ਖਮੀ ਹੋ ਗਿਆ।ਉਸ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੋਂ ਹਾਲਤ ਗੰਭੀਰ ਹੋਣ ਕਾਰਨ ਸ਼ਹਿਰ ਦੇ ਪ੍ਰਣਵ ਹਸਪਤਾਲ ਰੈਫਰ ਕੀਤਾ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲਿਸ ਨੇ ਮੌਕੇ ‘ਤੇ 3 ਫਾਇਰ ਹੋਣੇ ਤਸਦੀਕ ਕੀਤੇ ਹਨ। ਐਸਐਸਪੀ ਸੁਰਿੰਦਰ ਸਿੰਘ ਲਾਂਬਾ ਨੇ ਦੱਸਿਆ ਕਿ ਗੈਂਗਸਟਰ ਰਾਣਾ ਮਨਸੂਰਪੁਰੀਆ ਦੀਆਂ ਫੋਟੋਆਂ ਸੂਬੇ ਦੇ ਥਾਣਿਆਂ ਅੰਦਰ ਭੇਜ ਕੇ ਸੂਚਨਾ ਦੇਣ ਵਾਲੇ ਨੂੰ 25 ਹਜ਼ਾਰ ਰੁਪਏ ਦਾ ਇਨਾਮ ਐਲਾਨਿਆ ਗਿਆ ਹੈ। ਉਨ੍ਹਾਂ ਲੋਕਾਂ ਨੂੰ ਸਹਿਯੋਗ ਕਰਨ ਦੀ ਅਪੀਲ ਕਰਦਿਆਂ ਦਾਅਵਾ ਕੀਤਾ ਕਿ ਮੁਲਜ਼ਮ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।

Related Post