July 9, 2024 03:39:56
post

Jasbeer Singh

(Chief Editor)

ਖਨੌਰੀ ਬਾਰਡਰ ਤੇ ਕਿਵੇਂ ਵਿਗੜੇ ਸਨ ਹਾਲਾਤ, ਵੇਖੋ ਕਿਸਾਨਾਂ ਤੇ ਪੁਲਿਸ ਕਰਵਾਈ

post-img

ਖਨੌਰੀ ਬਾਰਡਰ ਉਤੇ ਕੱਲ੍ਹ ਹਰਿਆਣਾ ਪੁਲਿਸ ਅਤੇ ਕੇਂਦਰੀ ਸੁਰੱਖਿਆ ਬਲਾਂ ਵੱਲੋਂ ਅੱਥਰੂ ਗੈਸ ਦੇ ਗੋਲਿਆਂ, ਰਬੜ ਦੀਆਂ ਗੋਲੀਆਂ ਅਤੇ ਪਾਣੀਆਂ ਦੀਆਂ ਬੁਛਾੜਾਂ ਨਾਲ ਕਿਸਾਨਾਂ ਉਪਰ ਕੀਤੇ ਗਏ ਹਮਲੇ ਵਿਚ ਇੱਕ ਨੌਜਵਾਨ ਕਿਸਾਨ ਦੀ ਮੌਤ ਜਦਕਿ ਕਰੀਬ 40 ਕਿਸਾਨ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਵੱਖ-ਵੱਖ ਹਸਪਤਾਲਾਂ ਵਿਚ ਦਾਖਲ ਕਰਵਾਇਆ ਗਿਆ ਹੈ।ਹਰਿਆਣਾ ਬਾਰਡਰ ’ਤੇ ਤਾਇਨਾਤ ਸੁਰੱਖਿਆ ਬਲਾਂ ਵੱਲੋਂ ਕਥਿਤ ਤੌਰ ਉਤੇ ਕਿਸਾਨਾਂ ਦੇ ਟਰੈਕਟਰਾਂ, ਕਾਰਾਂ, ਜੀਪਾਂ ਅਤੇ ਹੋਰ ਸਾਮਾਨ ਦੀ ਭੰਨਤੋੜ ਵੀ ਕੀਤੀ ਗਈ ਅਤੇ ਟਰਾਲੀਆਂ ’ਚ ਪਿਆ ਰਾਸ਼ਨ ਸੜਕਾਂ ’ਤੇ ਖਿਲਾਰ ਦਿੱਤਾ ਗਿਆ।ਕੱਲ੍ਹ ਕਿਸਾਨਾਂ ਦੇ ਦਿੱਲੀ ਕੂਚ ਦੀ ਕੋਸ਼ਿਸ਼ ਦੀਆਂ ਵੀਡੀਓ ਵੀ ਸਾਹਮਣੇ ਆ ਰਹੀਆਂ ਹਨ, ਜਿਨ੍ਹਾਂ ਵਿਚ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਹਾਲਾਤ ਤਣਾਅ ਵਾਲੇ ਬਣ ਗਏ ਅਤੇ ਪੁਲਿਸ ਨੂੰ ਸਖਤੀ ਵਰਤਣੀ ਪਈ। ਇਸ ਦੌਰਾਨ ਪੁਲਿਸ ਨੇ ਖੇਤਾਂ ਵਿਚ ਉਤਰ ਕੇ ਕਿਸਾਨਾਂ ਨੂੰ ਖਦੇੜਿਆ, ਅੰਨ੍ਹਵਾਹ ਅੱਥਰੂ ਗੈਸ ਦੇ ਗੋਲੇ ਦਾਗੇ ਗਏ। ਕਿਸਾਨਾਂ ਦੇ ਦੋਸ਼ ਹਨ ਕਿ ਇਸ ਦੌਰਾਨ ਪੁਲਿਸ ਵੱਲੋਂ ਫਾਇਰਿੰਗ ਵੀ ਕੀਤੀ ਗਈ। ਜਿਸ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ।ਜਾਣਕਾਰੀ ਮੁਤਾਬਕ ਸੰਯੁਕਤ ਕਿਸਾਨ ਮੋਰਚਾ ਗੈਰ-ਸਿਆਸੀ ਦੇ ਸੱਦੇ ’ਤੇ ਕਿਸਾਨਾਂ ਨੇ ਸਵੇਰੇ 11 ਕੁ ਵਜੇ ਹੀ ਪੰਜਾਬ-ਹਰਿਆਣਾ ਹੱਦ ਵੱਲ ਵਧਣਾ ਸ਼ੁਰੂ ਕਰ ਦਿੱਤਾ ਸੀ। ਕਰੀਬ 12 ਵਜੇ ਤੱਕ ਵੱਡੀ ਗਿਣਤੀ ਕਿਸਾਨ ਹੱਦ ਨੇੜੇ ਪੁੱਜ ਗਏ। ਇਸ ਦੌਰਾਨ ਜਦੋਂ ਕਿਸਾਨਾਂ ਵੱਲੋਂ ਨਾਅਰੇਬਾਜ਼ੀ ਕੀਤੀ ਜਾ ਰਹੀ ਸੀ ਤਾਂ ਹਰਿਆਣਾ ਪੁਲਿਸ ਤੇ ਸੁਰੱਖਿਆ ਬਲਾਂ ਨੇ ਉਨ੍ਹਾਂ ’ਤੇ ਅੱਥਰੂ ਗੈਸ ਦੇ ਗੋਲੇ ਸੁੱਟਣੇ ਸ਼ੁਰੂ ਕਰ ਦਿੱਤੇ। ਇਸੇ ਤਰ੍ਹਾਂ ਕਿਸਾਨਾਂ ’ਤੇ ਰਬੜ ਦੀਆਂ ਗੋਲੀਆਂ ਅਤੇ ਪਾਣੀ ਦੀਆਂ ਬੁਛਾੜਾਂ ਵੀ ਮਾਰੀਆਂ ਗਈਆਂ।ਕਰੀਬ ਇੱਕ ਕਿਲੋਮੀਟਰ ਤੱਕ ਅੱਥਰੂ ਗੈਸ ਦੇ ਗੋਲੇ ਦਾਗੇ ਜਾਂਦੇ ਰਹੇ। ਕਿਸਾਨਾਂ ਨੇ ਦੋਸ਼ ਲਾਇਆ ਕਿ ਕਿਸਾਨਾਂ ਉਪਰ ਪੈਲਟ ਗੰਨ ਨਾਲ ਛਰੇ ਵੀ ਦਾਗੇ ਗਏ। ਕਿਸਾਨ ਆਗੂਆਂ ਅਨੁਸਾਰ 40 ਤੋ ਵੱਧ ਕਿਸਾਨ ਜ਼ਖ਼ਮੀ ਹੋਏ ਹਨ, ਜਿਨ੍ਹਾਂ ’ਚੋ ਬਹੁਤਿਆਂ ਨੂੰ ਪਾਤੜਾਂ ਦੇ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਇਨ੍ਹਾਂ ’ਚੋਂ ਕੁੱਝ ਨੂੰ ਪਟਿਆਲਾ ਰੈਫ਼ਰ ਕਰ ਦਿੱਤਾ ਗਿਆ ਹੈ।  

Related Post