July 6, 2024 01:00:28
post

Jasbeer Singh

(Chief Editor)

Punjab, Haryana & Himachal

ਪੰਜ ਜਮਾਤਾਂ, ਇਕ ਅਧਿਆਪਕ, ਉਹ ਵੀ ਆਰਜ਼ੀ, ਵਿਭਾਗ ਦੀ ਬੇਰੁਖੀ ਦਾ ਸ਼ਿਕਾਰ ਪਿੰਡ ਸ਼ਮਸ਼ਪੁਰ ਦਾ ਪ੍ਰਾਇਮਰੀ ਸਕੂਲ

post-img

ਪੰਜਾਬ ਸਰਕਾਰ ਵੱਲੋਂ ਇੱਕ ਪਾਸੇ ਸਰਕਾਰੀ ਸਕੂਲਾਂ ਦਾ ਮਿਆਰ ਹੋਰ ਚੰਗੇਰਾ ਬਣਾਉਣ ਲਈ ਤੇ ਨਿੱਜੀ ਸਕੂਲਾਂ ਦਾ ਮੁਕਾਬਲਾ ਕਰਨ ਲਈ ਵੱਡੇ-ਵੱਡੇ ਬਦਲਾਅ ਲਿਆਉਣ ਦੇ ਦਮਗੱਜੇ ਮਾਰ ਜਾ ਰਹੇ ਹਨ ਪਰ ਦੂਜੇ ਸਿੱਖਿਆ ਵਿਭਾਗ ਵੱਲੋਂ ਕੀਤਾ ਅਜਿਹਾ ਕਾਰਨਾਮਾ ਸਾਹਮਣੇ ਆਇਆ ਹੈ ਜਿਸ ਦੇ ਨਾਲ ਵਿਦਿਆਰਥੀਆਂ ਦਾ ਭਵਿੱਖ ਧੁੰਦਲਾਂ ਤੇ ਅੰਧਕਾਰ ’ਚ ਗ੍ਰਸਤ ਹੁੰਦਾ ਜਾਪਦਾ ਹੈ।ਇਸੇ ਤਰ੍ਹਾਂ ਦੀ ਮਿਸਾਲ ਤਹਿਸੀਲ ਸਮਰਾਲਾ ਦੇ ਪਿੰੰਡ ਸ਼ਮਸ਼ਪੁਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਮੌਜੂਦਾ ਹਾਲਾਤ ਨੂੰ ਵੇਖ ਕੇ ਮਿਲਦੀ ਹੈ। ਇਸ ਸਕੂਲ ਦੀਆਂ ਪੰਜ ਜਮਾਤਾਂ ਨੂੰ ਪੜ੍ਹਾਉਣ ਲਈ ਸਿਰਫ਼ ਇੱਕ ਅਧਿਆਪਕਾ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ ਜਿਸ ਨੂੰ ਵੀ ਸਿੱਖਿਆ ਵਿਭਾਗ ਵੱਲੋਂ ਇੱਥੇ ਆਰਜ਼ੀ ਤੌਰ ’ਤੇ ਲਾਇਆ ਗਿਆ ਹੈ। ਇੰਨਾ ਹੀ ਕਾਫ਼ੀ ਨਹੀਂ ਹੈ ਵਿਭਾਗ ਵੱਲੋਂ ਨਿਯਮਾਂ ਨੂੰ ਛਿੱਕੇ ਟੰਗਦੇ ਹੋਏ ਸਕੂਲ ਦੀ ਇੰਚਾਰਜ ਨੂੰ ਉਸ ਦੀ ਮਨਮਰਜ਼ੀ ਦੇ ਸਕੂਲ ’ਚ ਕਿਸੇ ਹੋਰ ਪਿੰਡ ’ਚ ਆਰਜ਼ੀ ਤੌਰ ’ਤੇ ਲਾ ਰੱਖਿਆ ਹੈ।ਪਿੰਡ ਦੇ ਸਾਬਕਾ ਸਰਪੰਚ ਅਵਤਾਰ ਸਿੰਘ ਸਮੇਤ ਹੋਰ ਪਤਵੰਤਿਆਂ ਨੇ ਦੱਸਿਆ ਕਿ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਪੰਚਾਇਤ ਵੱਲੋਂ ਅਨੇਕਾਂ ਵਾਰ ਬੇਨਤੀ ਕੀਤੀ ਗਈ ਕਿ ਪਿੰਡ ਦੇ ਬੱਚਿਆਂ ਦਾ ਭਵਿੱਖ ਖਰਾਬ ਨਾ ਕੀਤਾ ਜਾਵੇ। ਇਸ ਦੇ ਬਾਵਜੂਦ ਵੀ ਸਿਰਫ਼ ਇੱਕ ਅਧਿਆਪਕਾ ਨੂੰ ਹੀ ਇੱਥੇ ਡੈਪੂਟੇਸ਼ਨ ’ਤੇ ਭੇਜਿਆ ਗਿਆ। ਇੱਕ ਅਧਿਆਪਕ ਲਈ ਪੰਜ ਜਮਾਤਾਂ ਨੂੰ ਪੜ੍ਹਾਉਣਾ, ਮਿੱਡ ਡੇ ਮੀਲ ਤਿਆਰ ਕਰਵਾਉਣਾ ਤੇ ਸਕੂਲ ਦੇ ਕਾਰਜ ਸੰਭਾਲਣਾ ਵਸ ਦੇ ਗੱਲ ਨਹੀਂ ਹੈ। ਇਹ ਵੀ ਪਤਾ ਚੱਲਿਆ ਹੈ ਕਿ ਨਿਯਮਾਂ ਮੁਤਾਬਿਕ ਸਕੂਲ ਦੀ ਇੰਚਾਰਜ ਨੂੰ ਡੈਪੂਟੇਸ਼ਨ ’ਤੇ ਕਿਤੇ ਹੋਰ ਨਹੀਂ ਲਾਇਆ ਜਾ ਸਕਦਾ। ਇੱਥੇ ਵੱਡੀ ਮੁਸ਼ਕਿਲ ਦਾ ਕਾਰਨ ਵੀ ਇਹੋ ਹੈ ਕਿ ਇੰਚਾਰਜ ਦੀ ਅਸਾਮੀ ਖਾਲੀ ਨਹੀਂ। ਅਸਾਮੀ ਖਾਲੀ ਹੋਣ ਦੀ ਸੂਰਤ ’ਚ ਹੀ ਨਵਾਂ ਇੰਚਾਰਜ ਜੁਆਇੰਨ ਕਰ ਸਕਦਾ ਹੈ।ਇਹ ਵੀ ਪਤਾ ਲੱਗਿਆ ਹੈ ਕਿ ਸਕੂਲ ਇੰਚਾਰਜ ਅਧਿਆਪਕਾ ਦਾ ਜੱਦੀ ਪਿੰਡ ਜ਼ਿਲ੍ਹਾ ਫਾਜ਼ਿਲਕਾ ’ਚ ਹੈ ਤੇ ਉਹ ਖੁਦ ਹੈੱਡ ਟੀਚਰ ਦੀ ਸਿੱਧੀ ਭਰਤੀ ਦੌਰਾਨ ਇੱਥੇ ਨਿਯੁਕਤ ਹੋਏ ਸਨ। ਹੁਣ ਤਕਨੀਕੀ ਅੜਿੱਕਾ ਇਹ ਹੈ ਕਿ ਉਸ ਜ਼ਿਲ੍ਹੇ ’ਚ ਹੈੱਡ ਟੀਚਰ ਦੀ ਅਸਾਮੀ ਖਾਲੀ ਨਹੀਂ ਹੈ ਇਸ ਕਰਕੇ ਉਹ ਆਪਣੀ ਪੱਕੀ ਬਦਲੀ ਵੀ ਫਾਜ਼ਿਲਕਾ ਜ਼ਿਲ੍ਹੇ ’ਚ ਨਹੀਂ ਕਰਵਾ ਸਕਦੀ ਪਰ ਉਸ ਨੇ ਆਪਣੀ ਸਿਆਸੀ ਪਹੁੰਚ ਦਾ ਲਾਹਾ ਲੈਂਦੇ ਹੋਏ ਨਿਯਮਾਂ ਨੂੰ ਛਿੱਕੇ ਟੰਗ ਕੇ ਆਪਣੀ ਆਰਜ਼ੀ ਐਡਜਸਟਮੈਂਟ ਆਪਣੇ ਜੱਦੀ ਜ਼ਿਲ੍ਹੇ ’ਚ ਕਰਵਾ ਲਈ ਹੈ।ਮਾਮਲੇ ਨੂੰ ਸੁਲਝਾ ਕੇ ਕੀਤਾ ਜਾਵੇਗਾ ਜਲਦੀ ਹੱਲ : ਜ਼ਿਲ੍ਹਾ ਸਿੱਖਿਆ ਅਫਸਰਪਿੰਡ ਸ਼ਮਸਪੁਰ ਦੇ ਪ੍ਰਾਇਮਰੀ ਸਕੂਲ ਦੇ ਬਾਬਤ ਜ਼ਿਲ੍ਹਾ ਸਿੱਖਿਆ ਅਫਸਰ ਲਲਿਤਾ ਨੇ ਕਿਹਾ ਕਿ ਇਹ ਮਸਲਾ ਉਨ੍ਹਾਂ ਦੇ ਧਿਆਨ ’ਚ ਨਹੀਂ ਕਿਉਂਕਿ ਉਨ੍ਹਾਂ ਦੀ ਅਜੇ ਬਤੌਰ ਜ਼ਿਲ੍ਹਾ ਸਿੱਖਿਆ ਅਫਸਰ ਨਵੀਂ ਜੁਆਇਨਿੰਗ ਹੈ। ਉਨ੍ਹਾਂ ਕਿਹਾ ਕਿ ਜਲਦ ਇਸ ਮਸਲੇ ਨੂੰ ਸੁਲਝਾ ਕੇ ਅਧਿਆਪਕਾਂ ਦੀ ਕਮੀ ਦਾ ਮਸਲਾ ਹੱਲ ਕਰ ਦਿੱਤਾ ਜਾਵੇਗਾ।

Related Post