ਸੂਬੇ ਭਰ ’ਚ ਓਪੀਡੀ ਸੇਵਾਵਾਂ ਬੰਦ ਰਹੀਆਂ ਤੇ ਡਾਕਟਰਾਂ ਰਹੇ ਜ਼ਬਰਦਸਤ ਰੋਸ ਪ੍ਰਦਰਸ਼ਨ ਕਰਨ ਤੇ
- by Jasbeer Singh
- September 12, 2024
ਸੂਬੇ ਭਰ ’ਚ ਓਪੀਡੀ ਸੇਵਾਵਾਂ ਬੰਦ ਰਹੀਆਂ ਤੇ ਡਾਕਟਰਾਂ ਰਹੇ ਜ਼ਬਰਦਸਤ ਰੋਸ ਪ੍ਰਦਰਸ਼ਨ ਕਰਨ ਤੇ ਚੰਡੀਗੜ੍ਹ : ਪੰਜਾਬ ਦੇ ਸਰਕਾਰੀ ਡਾਕਟਰਾਂ ਵਲੋਂ ਅੱਜ ਜਿਥੇ ਓਪੀਡੀ ਸੇਵਾਵਾਂ ਬੰਦ ਕਰਕੇ ਹੜ੍ਹਤਾਲ ਨੂੰ ਜਾਰੀ ਰੱਖਦਿਆਂ ਪ੍ਰਦਰਸ਼ਨ ਕੀਤਾ ਗਿਆ। ਇਸਦੇ ਬਾਵਜੂਦ ਹਸਪਤਾਲ ਵਿਚ ਪਹਿਲਾਂ ਤੋਂ ਦਾਖਲ ਮਰੀਜ਼ਾਂ ਦਾ ਇਲਾਜ ਕੀਤਾ ਗਿਆ ਅਤੇ ਐਮਰਜੈਂਸੀ ਸੇਵਾਵਾਂ ਚਾਲੂ ਰੱਖੀਆਂ ਗਈਆਂ। ਉਕਤ ਹੜ੍ਹਤਾਲ ਦੇ ਚਲਦਿਆਂ ਨਵੇਂ ਮਰੀਜ਼ਾਂ ਦੀ ਰਜਿਸਟਰੇਸ਼ਨ ਪੂਰਨ ਤੌਰ ਤੇ ਬੰਦ ਰੱਖੀ ਗਈ। ਸੂਬੇ ਭਰ ਦੇ ਵਿੱਚ ਅੱਜ ਸਰਕਾਰੀ ਹਸਪਤਾਲਾਂ ਚ ਇਲਾਜ ਦੇ ਚਾਹਵਾਨ ਮਰੀਜ਼ਾਂ ਨੂੰ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਡਾਕਟਰਾਂ ਵੱਲੋਂ ਲਗਾਤਾਰ ਸਰਕਾਰ ਤੋਂ ਮੰਗਾਂ ਮੰਨਣ ਦੇ ਲਿਖਤੀ ਭਰੋਸੇ ਦੀ ਮੰਗ ਕੀਤੀ ਜਾ ਰਹੀ ਹੈ। ਡਾਕਟਰਾਂ ਦੇ ਨਾਲ ਸਰਕਾਰੀ ਨੁਮਾਇੰਦਿਆਂ ਦੀ ਹੋਈ ਮੀਟਿੰਗ ਦੇ ਵਿੱਚ ਅਜੇ ਕੋਈ ਵੀ ਸਹਿਮਤੀ ਨਹੀਂ ਬਣ ਪਾਈ ਹੈ। ਡਾਕਟਰਾਂ ਵੱਲੋਂ ਲਗਾਤਾਰ ਕੰਮ ਦੇ ਬੋਝ ਨੂੰ ਦੇਖਦਿਆਂ ਨਵੇਂ ਡਾਕਟਰਾਂ ਦੀ ਭਰਤੀ ਦੀ ਮੰਗ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਪਿਛਲੇ ਸਮੇਂ ਦੌਰਾਨ ਦੇਸ਼ ਅਤੇ ਸੂਬੇ ਵਿੱਚ ਹੋਈਆਂ ਡਾਕਟਰਾਂ ਤੇ ਹਮਲੇ ਦੀਆਂ ਘਟਨਾਵਾਂ ਨੂੰ ਦੇਖਦਿਆਂ ਡਾਕਟਰਾਂ ਵੱਲੋਂ ਸੁਰੱਖਿਆ ਦੇ ਮੁਕੰਮਲ ਬੰਦੋਬਸਤ ਦੀ ਵੀ ਮੰਗ ਕੀਤੀ ਜਾ ਰਹੀ ਹੈ। ਤੁਹਾਨੂੰ ਦੱਸ ਦਈਏ ਬੀਤੇ ਕੱਲ ਡਾਕਟਰਾਂ ਦੀ ਸਰਕਾਰ ਦੇ ਨਾਲ ਮੀਟਿੰਗ ਹੋਈ ਸੀ ਜਿਸ ਦਾ ਕੋਈ ਵੀ ਸਿੱਟਾ ਨਹੀਂ ਨਿਕਲਿਆ। ਸਰਕਾਰ ਵੱਲੋਂ ਮਸਲੇ ਹੱਲ ਕਰਨ ਦਾ ਜਬਾਨੀ ਭਰੋਸਾ ਦਿੱਤਾ ਗਿਆ ਸੀ ਪਰ ਡਾਕਟਰਾਂ ਵੱਲੋਂ ਲਿਖਤੀ ਰੂਪ ਦੇ ਵਿੱਚ ਭਰੋਸੇ ਦੀ ਮੰਗ ਕੀਤੀ ਜਾ ਰਹੀ ਹੈ। ਪੰਜਾਬ ਦੇ ਵੱਡੇ ਸ਼ਹਿਰਾਂ ਮੁਹਾਲੀ ਲੁਧਿਆਣਾ ਅੰਮ੍ਰਿਤਸਰ ਪਟਿਆਲਾ ਅਤੇ ਜਲੰਧਰ ਦੇ ਵਿੱਚ ਡਾਕਟਰਾਂ ਵੱਲੋਂ ਹੱਥਾਂ ਦੇ ਵਿੱਚ ਬੈਨਰ ਫੜ ਕੇ ਨਾਰੇਬਾਜ਼ੀ ਅਤੇ ਪ੍ਰਦਰਸ਼ਨ ਦੀਆਂ ਖਬਰਾਂ ਆਈਆਂ ਹਨ। ਡਾਕਟਰਾਂ ਦੇ ਨਾਲ ਹਸਪਤਾਲਾਂ ਦੇ ਸਹਾਇਕ ਅਤੇ ਟੈਕਨੀਕਲ ਸਟਾਫ ਵੱਲੋਂ ਵੀ ਇਸ ਹੜਤਾਲ ਦਾ ਸਮਰਥਨ ਕੀਤਾ ਜਾ ਰਿਹਾ ਹੈ। ਡਾਕਟਰਾਂ ਵੱਲੋਂ ਰੱਖੀਆਂ ਮੰਗਾਂ ਦੇ ਵਿੱਚ ਤਨਖਾਹਾਂ ਦੇ ਵਿੱਚ ਵਾਧੇ ਦੀ ਮੰਗ ਵੀ ਸ਼ਾਮਿਲ ਹੈ। ਤੁਹਾਨੂੰ ਦੱਸ ਦਈਏ ਇਸ ਤੋਂ ਪਹਿਲਾਂ ਡਾਕਟਰਾਂ ਨੇ ਅੰਸ਼ਿਕ ਰੂਪ ਦੇ ਵਿੱਚ ਹੜਤਾਲ ਕੀਤੀ ਸੀ ਅਤੇ ਉਹ ਪੀਡੀ ਸੇਵਾਵਾਂ ਸਵੇਰੇ 8 ਤੋਂ 11 ਵਜੇ ਤੱਕ ਬੰਦ ਰੱਖੀਆਂ ਗਈਆਂ ਸਨ। ਪਰ ਅੱਜ ਇਸ ਹੜਤਾਲ ਨੂੰ ਵਧਾਇਆ ਗਿਆ ਹੈ ਅਤੇ ਅੱਜ ਓਪੀਡੀ ਸੇਵਾਵਾਂ ਮੁਕੰਮਲ ਤੌਰ ਤੇ ਬੰਦ ਕੀਤੀਆਂ ਗਈਆਂ ਹਨ। ਡਾਕਟਰਾਂ ਮੁਤਾਬਿਕ ਹੜਤਾਲ ਦਾ ਇਹ ਦੂਸਰਾ ਚਰਨ ਹੈ ਜਿਸ ਦੇ ਵਿੱਚ ਓਪੀਡੀ ਸੇਵਾਵਾਂ ਬੰਦ ਹਨ। ਪਰ ਮੌਜੂਦਾ ਮਰੀਜ਼ਾਂ ਨੂੰ ਇਲਾਜ ਦਿੱਤਾ ਜਾ ਰਿਹਾ ਹੈ। 16 ਸਤੰਬਰ ਤੋਂ ਬਾਅਦ ਇਸ ਹੜਤਾਲ ਦਾ ਤੀਸਰਾ ਚਰਨ ਸ਼ੁਰੂ ਹੋਵੇਗਾ। ਇਸ ਤੀਸਰੇ ਚਰਣ ਦੇ ਵਿੱਚ ਓਪੀਡੀ ਸੇਵਾਵਾਂ ਦੇ ਨਾਲ ਨਾਲ ਮੈਡੀਕਲ ਸਟਾਫ ਅਤੇ ਹੋਰ ਸੇਵਾਵਾਂ ਵੀ ਬੰਦ ਕੀਤੀਆਂ ਜਾਣਗੀਆਂ। ਅੱਜ ਤੋਂ ਓਪੀਡੀ ਸੇਵਾਵਾਂ ਡਾਕਟਰਾਂ ਵੱਲੋਂ ਪੂਰੀ ਤਰਾਂ ਦੇ ਨਾਲ ਬੰਦ ਕਰ ਦਿੱਤੀਆਂ ਗਈਆਂ ਹਨ ਅਤੇ ਆਉਣ ਵਾਲੇ ਤਿੰਨ ਦਿਨਾਂ ਤੱਕ ਇਹ ਸੇਵਾਵਾਂ ਪੂਰੀ ਤਰ੍ਹਾਂ ਦੇ ਨਾਲ ਬੰਦ ਰਹਿਣਗੀਆਂ। ਇਸ ਮੁਕੰਮਲ ਬੰਦ ਦੇ ਦੌਰਾਨ ਡਾਕਟਰਾਂ ਵੱਲੋਂ ਕੋਈ ਵੀ ਆਪਰੇਸ਼ਨ ਨਹੀਂ ਕੀਤਾ ਜਾਵੇਗਾ। ਕੇਵਲ ਐਮਰਜੰਸੀ ਸੇਵਾਵਾਂ ਦੇ ਰੂਪ ਦੇ ਵਿੱਚ ਹੀ ਆਪਰੇਸ਼ਨ ਦੀ ਸੁਵਿਧਾ ਦਿੱਤੀ ਜਾਵੇਗੀ। ਐਮਰਜੰਸੀ ਅਤੇ ਐਕਸੀਡੈਂਟ ਵਾਲੇ ਕੇਸ ਵੀ ਡਾਕਟਰਾਂ ਵੱਲੋਂ ਦੇਖੇ ਜਾਣਗੇ। ਇਸ ਪੜਾਅ ਦੌਰਾਨ ਕਿਸੇ ਵੀ ਤਰ੍ਹਾਂ ਦਾ ਮੈਡੀਕਲ ਐਗਜਾਮੀਨੇਸ਼ਨ ਨਹੀਂ ਕੀਤਾ ਜਾਵੇਗਾ। ਡਾਕਟਰਾਂ ਵੱਲੋਂ ਕਿਸੇ ਵੀ ਤਰ੍ਹਾਂ ਦੀ ਵੀਵੀਆਈਪੀ ਡਿਊਟੀ ਨਹੀਂ ਦਿੱਤੀ ਜਾਵੇਗੀ। ਕੋਈ ਵੀ ਟੈਸਟ ਰਿਪੋਰਟਿੰਗ ਵੀ ਇਸ ਦੌਰਾਨ ਨਹੀਂ ਕੀਤੀ ਜਾਵੇਗੀ। ਸਿਰਫ ਡੇਂਗੂ ਨਾਲ ਸੰਬੰਧਿਤ ਰਿਪੋਰਟਾਂ ਤਿਆਰ ਕੀਤੀਆਂ ਜਾਣਗੀਆਂ।
Related Post
Popular News
Hot Categories
Subscribe To Our Newsletter
No spam, notifications only about new products, updates.