July 6, 2024 01:36:41
post

Jasbeer Singh

(Chief Editor)

Patiala News

ਸਰਕਾਰ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਮੰਗਾਂ ਨੂੰ ਜਾਣਬੁੱਝ ਕੇ ਕਰ ਰਹੀ ਹੈ ਨਜ਼ਰ-ਅੰਦਾਜ਼ : ਸੁਰਜੀਤ ਸਿੰਘ ਫੂਲ

post-img

ਸ਼ੰਭੂ ਬੈਰੀਅਰ ’ਤੇ ਕਿਸਾਨ-ਮਜ਼ਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ (ਗ਼ੈਰ-ਰਾਜਨੀਤਕ) ਦਾ ਕਿਸਾਨ ਅੰਦੋਲਨ 35ਵੇਂ ਦਿਨ ਵਿਚ ਦਾਖ਼ਲ ਹੋ ਚੁੱਕਾ ਹੈ। ਇਸ ਮੌਕੇ ਕਿਸਾਨ ਆਗੂ ਸੁਰਜੀਤ ਸਿੰਘ ਫੂਲ, ਅਮਰਜੀਤ ਸਿੰਘ ਘੁਮਾਣਾ, ਅਮਰਜੀਤ ਸਿੰਘ ਮੋਹੜੀ, ਗੁਰਧਿਆਨ ਸਿੰਘ ਸਿਓਨਾ, ਦਿਲਬਾਗ ਸਿੰਘ ਗਿੱਲ, ਕੁਲਦੀਪ ਸਿੰਘ ਪਿੰਜੌਰ, ਮਲਕੀਤ ਸਿੰਘ, ਐਡਵੋਕੇਟ ਅਸ਼ੋਕ ਬਲ੍ਹਾਰਾ, ਵਿਕਰਮ ਰਾਣਾ, ਧਰਮਵੀਰ ਸਿੰਘ ਢੀਂਡਸਾ ਸਮੇਤ ਹੋਰਨਾਂ ਨੇ ਭਾਜਪਾ ਸਰਕਾਰ ਦੇ ਦੋਹਰੇ ਮਾਪਦੰਡਾਂ ਦਾ ਪਰਦਾਫਾਸ਼ ਕਰਦਿਆਂ ਕਿਹਾ ਕਿ ਸਰਕਾਰ ਅਸਲ ਵਿਚ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਪੂਰੀ ਤਰ੍ਹਾਂ ਗੰਭੀਰ ਨਹੀਂ ਹੈ। ਉਨ੍ਹਾਂ ਕਿਹਾ ਕਿ ਕਿਸਾਨ ਮੰਗਾਂ ਨੂੰ ਲਾਗੂ ਕਰਵਾਉਣ ਲਈ ਸੰਘਰਸ਼ ਜਾਰੀ ਰੱਖਣਗੇ।ਇਸ ਦੇ ਨਾਲ ਹੀ ਕਿਸਾਨ ਆਗੂਆਂ ਨੇ 23 ਮਾਰਚ ਨੂੰ ਸ਼ਹੀਦੇ ਆਜ਼ਮ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ’ਤੇ ਸਮੁੱਚੇ ਕਿਸਾਨਾਂ ਅਤੇ ਨੌਜਵਾਨਾਂ ਨੂੰ ਸ਼ੰਭੂ ਬਾਰਡਰ ’ਤੇ ਪਹੁੰਚਣ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਐਤਵਾਰ ਨੂੰ ਦੋ ਕਿਸਾਨਾਂ ਬਲਕਾਰ ਸਿੰਘ (76) ਵਾਸੀ ਤੇੜਾ ਖੁਰਦ ਜ਼ਿਲ੍ਹਾ ਅੰਮ੍ਰਿਤਸਰ ਅਤੇ ਬਿਸ਼ਨ ਸਿੰਘ ਵਾਸੀ ਲੁਧਿਆਣਾ ਨੇ ਸ਼ਹਾਦਤ ਦਾ ਜਾਮ ਪੀਤਾ ਹੈ ਅਤੇ ਉਨ੍ਹਾਂ ਨੇ ਇਸ ਸੰਘਰਸ਼ ਵਿਚ ਆਪਣਾ ਯੋਗਦਾਨ ਪਾਇਆ ਜਿਨ੍ਹਾਂ ਦਾ ਪੋਸਟਮਾਰਟਮ ਰਾਜਪੁਰਾ ਦੇ ਸਿਵਲ ਹਸਪਤਾਲ ਵਿਚ ਕਰਵਾਇਆ ਜਾਵੇਗਾ।ਕਿਸਾਨ ਆਗੂ ਮਾਨ ਸਿੰਘ ਰਾਜਪੁਰਾ ਨੇ ਕਿਹਾ ਕਿ ਜਦੋਂ ਹਰਿਆਣਾ ਸਰਕਾਰ ਨੇ ਕਿਸਾਨਾਂ ਨੂੰ ਖਦੇੜਣ ਲਈ ਜਿਹੜੇ ਐਕਸਪਾਇਰੀ ਡੇਟ ਵਾਲੇ ਅੱਥਰੂ ਗੈਸ ਦੇ ਗੋਲੇ ਸੁੱਟੇ ਸਨ, ਦੇ ਕਾਰਨ ਹੀ ਦੋਵਾਂ ਕਿਸਾਨਾਂ ਦੀਆਂ ਸਿਹਤ ਵਿਗੜੀ ਸੀ। ਉਨ੍ਹਾਂ ਕਿਹਾ ਕਿ ਕਿਸਾਨ ਭਾਜਪਾ ਅਤੇ ਭਾਜਪਾ ਗੱਠਜੋੜ ਨੂੰ ਸ਼ਹੀਦ ਸ਼ੁਭਕਰਨ ਸਿੰਘ ਅਤੇ ਕਿਸਾਨ ਅੰਦੋਲਨ-2 ਦੇ ਬਾਕੀ ਸ਼ਹੀਦਾਂ ਦੇ ਨਾਂ ਦੀਆਂ ਤਖ਼ਤੀਆਂ ਅਤੇ ਕਾਲ਼ੀਆਂ ਝੰਡੀਆਂ ਵਿਖਾ ਕੇ ਵਿਰੋਧ ਕੀਤਾ ਜਾਵੇਗਾ। ਸ਼ਹੀਦ ਸ਼ੁਭਕਰਨ ਸਿੰਘ ਦੀ ਕਲਸ਼ ਯਾਤਰਾ ਤੀਜੇ ਦਿਨ ਸਵੇਰੇ ਜੱਟਵਾਦ ਤੋਂ ਸ਼ੁਰੂ ਹੋਈ, ਜਿੱਥੇ ਪਿੰਡਾਂ ’ਚ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਨੇ ਸ਼ਮੂਲੀਅਤ ਕੀਤੀ। ਇਹ ਯਾਤਰਾ ਸ਼ਾਮ ਨੂੰ ਕਪਾਲ ਮੋਚਨ ਗੁਰਦੁਆਰਾ ਸਾਹਿਬ ਪਹੁੰਚੇਗੀ ਜਿੱਥੇ ਰਾਤ ਨੂੰ ਰੁਕਣ ਦਾ ਪ੍ਰਬੰਧ ਹੋਵੇਗਾ। ਇਸੇ ਤਰ੍ਹਾਂ 19 ਮਾਰਚ ਨੂੰ ਕਲਸ਼ ਯਾਤਰਾ ਸਵੇਰੇ ਯਮੁਨਾਨਗਰ ਦੇ ਗੁਰਦੁਆਰਾ ਕਪਾਲ ਮੋਚਨ ਸਾਹਿਬ ਤੋਂ ਚੋਰਾਹੀ, ਮਲਕਪੁਰ ਖਾਦਰ, ਖਾਨੁਵਾਲਾ, ਮਾਨੀਪੁਰ, ਲਲਹਾੜ੍ਹੀ, ਅਰਜੁਨ ਮਾਜਰਾ, ਮਾਣਕਪੁਰ, ਕੋਟ, ਦਾਦੁਪੁਰ ਜੱਟਾਂ, ਲੇਦੀ, ਤੁਗਲਪੁਰ, ਬਰੋਲੀ ਮਾਜਰਾ, ਹਾਫ਼ਿਜ਼ ਠਾਠ ਸਾਹਿਬ ਵਿਚ ਦੁਪਹਿਰ ਦਾ ਲੰਗਰ, ਕਢਕੋਲੀ, ਤਿਮੋ, ਚੂਹੜਪੁਰ, ਮਲਕਪੁਰ, ਸ਼ੇਰਪੁਰ, ਸਿੰਘਪੁਰਾ ਮੋਡ, ਸ਼ਸ਼ਰੋਲੀ ਵਿੱਚ ਰਾਤ ਦਾ ਪੜਾਅ ਹੋਵੇਗਾ। ਭਾਰਤੀ ਕਿਸਾਨ ਯੂਨੀਅਨ ਸ਼ਹੀਦ ਭਗਤ ਸਿੰਘ ਦੇ ਪ੍ਰਧਾਨ ਅਮਰਜੀਤ ਸਿੰਘ ਮੋਹੜੀ ਨੇ ਸੰਗਤਾਂ ਨੂੰ ਇਸ ਜ਼ੁਲਮ ਖ਼ਿਲਾਫ਼ ਅਤੇ ਸ਼ਹੀਦ ਸ਼ੁਭਕਰਨ ਸਿੰਘ ਨੂੰ ਸੱਚੀ ਸ਼ਰਧਾਂਜਲੀ ਦੇਣ ਲਈ ਸੰਗਤ ਨੂੰ 22 ਮਾਰਚ ਨੂੰ ਹਿਸਾਰ ਅਤੇ 31 ਮਾਰਚ ਨੂੰ ਅੰਬਾਲਾ ਵਿਖੇ ਸ਼ਰਧਾਂਜਲੀ ਸਭਾ ਵਿਚ ਵੱਡੀ ਗਿਣਤੀ ਵਿਚ ਸ਼ਿਰਕਤ ਕਰਨ ਦੀ ਵੀ ਅਪੀਲ ਕੀਤੀ।

Related Post