July 6, 2024 00:50:25
post

Jasbeer Singh

(Chief Editor)

Latest update

ਪਟਿਆਲਾ ਲੋਕ ਸਭਾ ਹਲਕੇ ਤੋਂ ਪ੍ਰਨੀਤ ਕੌਰ ਨੂੰ ਟੱਕਰ ਦੇਣਗੇ ਕਾਂਗਰਸ ਦੇ ਦਿੱਗਜ ਆਗੂ ਲਾਲ ਸਿੰਘ

post-img

ਪਟਿਆਲਾ, 8 ਮਾਰਚ (ਜਸਬੀਰ)-ਲੋਕ ਸਭਾ ਚੋਣਾਂ ਲਈ ਭਾਰਤੀ ਜਨਤਾ ਪਾਰਟੀ ਅਤੇ ਆਮ ਆਦਮੀ ਪਾਰਟੀ ਨੇ ਦਿੱਲੀ ਸਮੇਤ ਹੋਰਨਾਂ ਕਈ ਰਾਜਾਂ ਦੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਪਰ ਪੰਜਾਬ ਵਿਚ ਅਜੇ ਤੱਕ ਕਿਸੇ ਵੀ ਪਾਰਟੀ ਨੇ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ। ਆਮ ਆਦਮੀ ਪਾਰਟੀ ਨੇ ਆਪਣੀ ਸੂਚੀ ਤਿਆਰ ਕਰ ਲਈ ਹੈ ਅਤੇ ਕਿਸੇ ਵੀ ਸਮੇਂ ਐਲਾਨ ਹੋ ਸਕਦਾ ਹੈ। ਇਸੇ ਵਿਚ ਕਾਂਗਰਸ ਪਾਰਟੀ ਨੇ ਪੰਜਾਬ ਦੇ 13 ਲੋਕ ਸਭਾ ਹਲਕਿਆਂ ਤੋਂ ਪਾਰਟੀ ਦੇ ਕੱਦਵਾਰ ਆਗੂਆਂ ਨੂੰ ਚੋਣ ਲੜਾਉਣ ਦਾ ਮਨ ਬਣਾ ਲਿਆ ਹੈ। ਇਸੇ ਸਿਲਸਿਲੇ ਦੇ ਤਹਿਤ ਪਟਿਆਲਾ ਲੋਕ ਸਭਾ ਹਲਕੇ ਤੋਂ ਮੌਜੂਦਾ ਐਮ. ਪੀ. ਪ੍ਰਨੀਤ ਕੌਰ ਨੂੰ ਟੱਕਰ ਦੇਣ ਲਈ ਪੰਜਾਬ ਕਾਂਗਰਸ ਦੇ ਦਿਮਾਗ ਦੇ ਤੌਰ ’ਤੇ ਜਾਣੇ ਜਾਂਦੇ ਅਤੇ ਸਿਆਸਤ ਦੇ ਭੀਸ਼ਮਪਿਤਾਮਾ ਲਾਲ ਸਿੰਘ ਦੇ ਨਾਮ ’ਤੇ ਸਮੁੱਚੀ ਕਾਂਗਰਸੀ ਲੀਡਰਸ਼ਿਪ ਇਕਜੁਟ ਹੋ ਗਈ ਹੈ। ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਸ਼ੁਕਰਵਾਰ ਨੂੰ ਲਾਲ ਸਿੰਘ ਦੇ ਨਿਵਾਸ ਸਥਾਨ ’ਤੇ ਪਹੁੰਚੇ। ਇਸ ਮੌਕੇ ਜ਼ਿਲੇ ਦੇ ਸਮੁੱਚੇ ਸਾਬਕਾ ਵਿਧਾਇਕ ਅਤੇ ਹਲਕਾ ਇੰਚਾਰਜ ਹਾਜ਼ਰ ਸਨ। ਹਲਕਾ ਰਾਜਪੁਰਾ ਦੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ, ਘਨੌਰ ਦੇ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ, ਹਲਕਾ ਸਮਾਣਾ ਦੇ ਸਾਬਕਾ ਵਿਧਾਇਕ ਰਜਿੰਦਰ ਸਿੰਘ, ਸ਼ੁਤਰਾਣਾ ਦੇ ਹਲਕਾ ਇੰਚਾਰਜ ਦਰਬਾਰਾ ਸਿੰਘ, ਹਲਕਾ ਸਨੌਰ ਦੇ ਇੰਚਾਰਜ ਹਰਿੰਦਰਪਾਲ ਸਿੰਘ ਹੈਰੀਮਾਨ, ਜ਼ਿਲਾ ਕਾਂਗਰਸ ਕਮੇਟੀ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਨਰੇਸ਼ ਦੁੱਗਲ ਸਮੇਤ ਹੋਰ ਕਈ ਲੀਡਰ ਪਹੁੰਚੇ। ਇਸ ਮੀਟਿੰਗ ਦੌਰਾਨ ਪਟਿਆਲਾ ਲੋਕ ਸਭਾ ਹਲਕੇ ਬਾਰੇ ਪ੍ਰਤਾਪ ਸਿੰਘ ਬਾਜਵਾ ਨੇ ਇਨ੍ਹਾਂ ਆਗੂਆਂ ਨਾਲ ਬੰਦ ਕਮਰਾ ਮੀਟਿੰਗ ਕੀਤੀ ਅਤੇ ਖੁੱਲ੍ਹ ਕੇ ਚਰਚਾ ਕੀਤੀ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਮੀਟਿੰਗ ਦੌਰਾਨ ਸਮੁੱਚੀ ਲੀਡਰਸ਼ਿਪ ਨੇ ਇਕਜੁੱਟਤਾ ਨਾਲ ਕਿਹਾ ਕਿ ਪਟਿਆਲਾ ਸੀਟ ਜਿੱਤਣ ਲਈ ਨੰਬਰ ਇਕ ਉਮੀਦਵਾਰ ਸ. ਲਾਲ ਸਿੰਘ ਹਨ ਅਤੇ ਨੰਬਰ ਦੋ ’ਤੇ ਹਲਕਾ ਰਾਜਪੁਰਾ ਦੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਹਨ, ਇਸ ਲਈ ਪਾਰਟੀ ਦੋਨਾਂ ਵਿਚੋਂ ਕਿਸੇ ਇਕ ਨੂੰ ਟਿਕਟ ਦਵੇ। ਸੂਤਰਾਂ ਅਨੁਸਾਰ ਪ੍ਰਤਾਪ ਸਿੰਘ ਬਾਜਵਾ ਨੇ ਜ਼ਿਲਾ ਪਟਿਆਲਾ ਦੀ ਸਮੁੱਚੀ ਲੀਡਰਸ਼ਿਪ ਨੂੰ ਵਿਸ਼ਵਾਸ਼ ਦਵਾਇਆ ਹੈ ਕਿ ਲੀਡਰਸ਼ਿਪ ਅਤੇ ਵਰਕਰਾਂ ਦੀਆਂ ਭਾਵਨਾਵਾਂ ਅਨੁਸਾਰ ਦੋ ਉਮੀਦਵਾਰਾਂ ਦਾ ਪੈਨਲ ਬਣਾ ਕੇ ਹਾਈਕਮਾਂਡ ਨੂੰ ਭੇਜਿਆ ਜਾਵੇ। ਨੰਬਰ ਇਕ ’ਤੇ ਸ. ਲਾਲ ਸਿੰਘ ਅਤੇ ਨੰਬਰ ਦੋ ’ਤੇ ਹਰਦਿਆਲ ਸਿੰਘ ਕੰਬੋਜ ਨੂੰ ਟਿਕਟ ਦੇਣ ਦੀ ਮੰਗ ਕੀਤੀ ਜਾਵੇਗੀ। ਲਾਲ ਸਿੰਘ ਪਟਿਆਲਾ ਜ਼ਿਲੇ ਦੇ ਹਲਕਾ ਸਨੌਰ ਤੋਂ ਲਗਾਤਾਰ 8 ਵਿਧਾਨ ਸਭਾ ਚੋਣਾਂ ਲੜ ਚੁੱਕੇ ਹਨ ਅਤੇ 6 ਵਾਰ ਵਿਧਾਇਕ ਬਣ ਚੁੱਕੇ ਹਨ। ਉਹ ਪੰਜਾਬ ਦੇ ਡੇਢ ਦਰਜ਼ਨ ਵਿਭਾਗਾਂ ਦੇ ਮੰਤਰੀ ਰਹਿ ਚੁੱਕੇ ਹਨ। 1970 ਤੋਂ ਲੇ ਕੇ 1985 ਤੱਕ ਉਹ ਜ਼ਿਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਹੋਰ ਅਹੁਦਿਆਂ ’ਤੇ ਰਹੇ। ਇਸ ਤੋਂ ਇਲਾਵਾ ਉਹ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ। ਸੂਤਰਾਂ ਅਨੁਸਾਰ ਆਲ ਇੰਡੀਆ ਕਾਂਗਰਸ ਹਾਈਕਮਾਂਡ ਨੇ ਪੰਜਾਬ ਦਾ ਸਰਵੇ ਕਰਵਾਇਆ ਹੈ, ਜਿਸ ਵਿਚ ਪਟਿਆਲਾ ਲੋਕ ਸਭਾ ਸੀਟ ਤੋਂ ਸ. ਲਾਲ ਸਿੰਘ ਨੂੰ 32 ਅੰਕ ਮਿਲੇ ਹਨ। ਇਸ ਦੇ ਨਾਲ ਹੀ ਨਵਜੋਤ ਸਿੰਘ ਸਿੱਧੂ ਨੂੰ ਵੀ 32 ਅੰਕ ਮਿਲੇ ਹਨ। ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਅਤੇ ਸਾਬਕਾ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਨੂੰ 18-18 ਨੰਬਰ ਮਿਲੇ ਹਨ। ਅਜਿਹੇ ਵਿਚ ਲਾਲ ਸਿੰਘ ਸਭ ਤੋਂ ਮਜਬੂਤ ਉਮੀਦਵਾਰ ਦੇ ਤੌਰ ’ਤੇ ਦੇਖੇ ਜਾ ਰਹੇ ਹਨ। ਪੁਰਾਣੇ ਲੀਡਰ ਹੋਣ ਕਾਰਨ ਸਮੁੱਚੀ ਲੀਡਰਸ਼ਿਪ ਅਤੇ ਵਰਕਰ ਉਨ੍ਹਾਂ ਦੇ ਨਾਮ ’ਤੇ ਸਹਿਮਤ ਵੀ ਹਨ। ਕਾਂਗਰਸ ਪਾਰਟੀ ਜਲਦੀ ਹੀ ਪਟਿਆਲਾ ਲੋਕ ਸਭਾ ਹਲਕੇ ਸਮੇਤ ਪੰਜਾਬ ਦੇ ਹੋਰਨਾਂ ਹਲਕਿਆਂ ਤੋਂ ਉਮੀਦਵਾਰਾਂ ਦਾ ਐਲਾਨ ਕਰ ਸਕਦੀ ਹੈ। ਇਸ ਦੌਰਾਨ ਪ੍ਰਤਾਪ ਸਿੰਘ ਬਾਜਵਾ ਦਾ ਪਟਿਆਲਾ ਆਉਣਾ ਅਤੇ ਸਮੁੱਚੀ ਕਾਂਗਰਸ ਲੀਡਰਸ਼ਿਪ ਨਾਲ ਮੀਟਿੰਗ ਕਰਨਾ ਸਪਸ਼ਟ ਸੰਕੇਤ ਦਿੰਦਾ ਹੈ ਕਿ ਕਾਂਗਰਸ ਪਾਰਟੀ ਪਟਿਆਲਾ ਲੋਕ ਸਭਾ ਹਲਕੇ ਨੂੰ ਲੈ ਕੇ ਗੰਭੀਰ ਹੈ। ਲਾਲ ਸਿੰਘ ਇਸ ਤੋਂ ਪਹਿਲਾਂ ਵੀ ਕਈ ਵਾਰ ਕੈਪਟਨ ਅਮਰਿੰਦਰ ਸਿੰਘ, ਪ੍ਰਨੀਤ ਕੌਰ ਦੇ ਖਿਲਾਫ ਮੋਰਚਾ ਖੋਲ੍ਹ ਚੁੱਕੇ ਹਨ। ਉਹ ਪੰਜਾਬ ਦੇ ਇਕ ਅਜਿਹੇ ਲੀਡਰ ਹਨ, ਜਿਨ੍ਹਾਂ ਨੂੰ ਚੋਣ ਮੈਨੇਜਮੈਂਟ ਅਤੇ ਚੋਣ ਜਿੱਤਣੀ ਆਉਂਦੀ ਹੈ। ਉਹ ਜਿਸ ਹਲਕੇ ਤੋਂ ਲਗਾਤਾਰ ਚੋਣ ਜਿੱਤਦੇ ਰਹੇ ਹਨ, ਉਹ ਹਲਕਾ ਅਕਾਲੀ ਦਲ ਦਾ ਗੜ੍ਹ ਰਿਹਾ ਹੈ ਪਰ ਲਾਲ ਸਿੰਘ ਆਪਣੀ ਸੂਝਬੂਝ ਅਤੇ ਮਜਬੂਤ ਪਕੜ ਕਾਰਨ ਹਮੇਸ਼ਾ ਚੋਣ ਜਿੱਤਦੇ ਰਹੇ ਹਨ। ਪਟਿਆਲਾ ਲੋਕ ਸਭਾ ਦੇ ਹਰ ਵਿਧਾਨ ਸਭਾ ਹਲਕੇ ਵਿਚ ਉਨ੍ਹਾਂ ਦਾ ਵੱਡਾ ਆਧਾਰ ਹੈ, ਜਿਸ ਦਾ ਲਾਭ ਪਾਰਟੀ ਲੈਣਾ ਚਾਹੁੰਦੀ ਹੈ। ਸੂਤਰਾਂ ਅਨੁਸਾਰ ਭਾਰਤੀ ਜਨਤਾ ਪਾਰਟੀ 75 ਸਾਲ ਤੋਂ ਵੱਧ ਉਮਰ ਦੇ ਉਮੀਦਵਾਰਾਂ ਦੇ ਮਾਮਲੇ ਵਿਚ ਪਟਿਆਲਾ ਨੂੰ ਰਿਲੈਕਸ ਕਰਦੇ ਹੋਏ ਪ੍ਰਨੀਤ ਕੌਰ ਲਈ ਮੈਦਾਨ ਖੁੱਲ੍ਹ ਛੱਡ ਦਿੱਤਾ ਹੈ, ਅਜਿਹੇ ਵਿਚ ਕਾਂਗਰਸ ਹਾਈਕਮਾਂਡ ਲਾਲ ਸਿੰਘ ਨੂੰ ਚੋਣ ਮੈਦਾਨ ਵਿਚ ਉਤਾਰ ਕੇ ਪਟਿਆਲਾ ਲੋਕ ਸਭਾ ਹਲਕੇ ਤੋਂ ਪ੍ਰਨੀਤ ਕੌਰ ਨੂੰ ਜ਼ਬਰਦਸਤ ਟੱਕਰ ਦੇਣ ਦਾ ਮਨ ਬਣਾ ਚੁੱਕੀ ਹੈ।

Related Post