July 6, 2024 01:02:45
post

Jasbeer Singh

(Chief Editor)

Patiala News

ਆਪਣੇ ਸਮਾਜ ਦੇ ਉਥਾਨ ਦੇ ਨਾਲ ਨਾਲ ਸਰਵ ਸਮਾਜ ਦੀ ਭਲਾਈ ਦੇ ਕੰਮ ਕਰੇ ਸੈਣੀ ਮਹਾਸਭਾ : ਡਾ. ਬਲਬੀਰ ਸਿੰਘ

post-img

ਪਟਿਆਲਾ, 11 ਮਾਰਚ (ਜਸਬੀਰ)-ਪੰਜਾਬ ਦੇ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਸੈਣੀ ਸਮਾਜ ਸਭ ਦਾ ਭਲਾ ਚਾਹੁਣ ਵਾਲਾ, ਦੇਸ਼ ਭਗਤ ਅਤੇ ਧਰਮ ਨਿਰਪੱਖ ਸਮਾਜ ਹੈ। ਇਹ ਇਕ ਅਜਿਹਾ ਸਮਾਜ ਹੈ, ਜਿਸ ਵਿਚ ਹਿੰਦੂ ਅਤੇ ਸਿੱਖ ਦੋਨੋ ਧਰਮਾਂ ਦੇ ਲੋਕ ਹਨ। ਸੈਣੀ ਸਮਾਜ ਅੱਜ ਵੀ ਆਪਣੇ ਪੁਰਾਣੇ ਰੀਤੀ ਰਿਵਾਜਾਂ ਨੂੰ ਨਾਲ ਲੈ ਕੇ ਚੱਲ ਰਿਹਾ ਹੈ। ਇਸ ਸਮਾਜ ਦਾ ਦੇਸ਼ ਦੇ ਵਿਕਾਸ ਵਿਚ ਅਹਿਮ ਯੋਗਦਾਨ ਹੈ। ਉਨ੍ਹਾਂ ਸੈਣੀ ਮਹਾਸਭਾ ਦੀ ਸਮੁੱਚੀ ਲੀਡਰਸ਼ਿਪ ਅਤੇ ਮੈਂਬਰਾਂ ਨੂੰ ਕਿਹਾ ਕਿ ਸੈਣੀ ਸਮਾਜ ਆਪਣੇ ਸਮਾਜ ਦੇ ਉਥਾਨ ਦੇ ਨਾਲ ਨਾਲ ਸਰਵ ਸਮਾਜ ਦੀ ਭਲਾਈ ਦੇ ਕੰਮ ਕਰੇ ਕਿਉਂਕਿ ਸਾਡੇ ਪੂਰਵਕ ਹਮੇਸ਼ਾ ਹੀ ਸਭ ਦਾ ਭਲਾ ਚਾਹੁੰਦੇ ਸਨ। ਡਾ. ਬਲਬੀਰ ਸਿੰਘ ਇਥੇ ਪ੍ਰਭਾਤ ਪਰਵਾਨਾ ਹਾਲ ਵਿਖੇ ਸੈਣੀ ਮਹਾਸਭਾ ਦੇ ਸੰਮੇਲਨ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਵੱਡੀ ਗਿਣਤੀ ਵਿਚ ਪੰਜਾਬ ਅਤੇ ਹਰਿਆਣਾ ਦੇ ਸੈਣੀ ਸਮਾਜ ਦੇ ਲੋਕ ਪਹੁੰਚੇ ਹੋਏ ਸਨ। ਇਸ ਮੌਕੇ ਆਲ ਇੰਡੀਆ ਸੈਣੀ ਸੇਵਾ ਸਮਾਜ ਦੇ ਕੌਮੀ ਪ੍ਰਧਾਨ ਦਿਲਬਾਗ ਸਿੰਘ ਸੈਣੀ, ਬੈਂਕਫਿੰਕੋ ਦੇ ਚੇਅਰਮੈਨ ਸੰਦੀਪ ਸੈਣੀ ਸਪੈਸ਼ਲ ਗੈਸਟ ਦੇ ਤੌਰ ’ਤੇ ਪਹੁੰਚੇ। ਇਸ ਤੋਂ ਇਲਾਵਾ ਕੌਮੀ ਸਕੱਤਰ ਰਾਜ ਕੁਮਾਰ ਸੈਣੀ, ਪੰਜਾਬ ਦੇ ਇੰਚਾਰਜ ਗੁਰਨਾਮ ਸਿੰਘ ਗਜਲਾਨਾ, ਯੂਥ ਵਿੰਗ ਦੇ ਕੌਮੀ ਪ੍ਰਧਾਨ ਪ੍ਰਦੀਪ ਸੈਣੀ, ਪੰਜਾਬ ਦੇ ਯੂਥ ਵਿੰਗ ਦੇ ਪ੍ਰਧਾਨ ਅੰਕਿਤ ਸੈਣੀ ਅਤੇ ਅਮਿਤ ਬਾਵਾ ਵਿਸ਼ੇਸ਼ ਤੌਰ ’ਤੇ ਪਹੁੰਚੇ ਹੋਏ ਸਨ। ਸੈਣੀ ਮਹਾਸਭਾ ਜ਼ਿਲਾ ਪਟਿਆਲਾ ਦੇ ਪ੍ਰਧਾਨ ਕਾਮਰੇਡ ਲਵਲੀਨ ਸੈਣੀ ਦੀ ਅਗਵਾਈ ਹੇਠ ਹੋਏ ਇਸ ਸਮਾਗਮ ਵਿਚ ਪਹੁੰਚੇ ਸਮਾਜ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਡਾ. ਬਲਬੀਰ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਵਿਚ ਸੈਣੀ ਸਮਾਜ ਨੂੰ ਬਹੁਤ ਵੱਡਾ ਸਨਮਾਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇਸ਼ ਅਤੇ ਲੋਕਤੰਤਰ ਨੂੰ ਬਚਾਉਣ ਲਈ ਕੰਮ ਕਰ ਰਹੀ ਹੈ, ਇਸ ਲਈ ਸਮੁੱਚੇ ਸੈਣੀ ਸਮਾਜ ਨੂੰ ਇਕਜੁਟ ਹੋ ਕੇ ਇਸ ਪਾਰਟੀ ਦੀ ਮਦਦ ਕਰਨੀ ਚਾਹੀਦੀ ਹੈ। ਉਨ੍ਹਾਂ ਕਾਮਰੇਡ ਲਵਲੀਨ ਸੈਣੀ ਦੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਲਵਲੀਨ ਸੈਣੀ ਪਟਿਆਲਾ ਵਿਚ ਲੰਬੇ ਸਮੇਂ ਤੋਂ ਸੇਵਾ ਦੇ ਬਹੁਤ ਵੱਡੇ ਕਾਰਜ ਕਰ ਰਹੇ ਹਨ। ਸੈਣੀ ਸਮਾਜ ਦੇ ਕੌਮੀ ਪ੍ਰਧਾਨ ਦਿਲਬਾਗ ਸਿੰਘ ਸੈਣੀ ਨੇ ਕਿਹਾ ਕਿ ਆਲ ਇੰਡੀਆ ਸੈਣੀ ਸੇਵਾ ਸਮਾਜ ਦੇਸ਼ ਦੀਆਂ 16 ਸਟੇਟਾਂ ਵਿਚ ਕੰਮ ਕਰ ਰਿਹਾ ਹੈ ਅਤੇ ਸਮੁੱਚੇ ਸੈਣੀ ਸਮਾਜ ਨੂੰ ਇਕਜੁਟ ਕਰ ਰਿਹਾ ਹੈ। ਸਮਾਜ ਨੂੰ ਹਰ ਖੇਤਰ ਵਿਚ ਮਜਬੂਤ ਕਰਨ ਲਈ ਕੰਮ ਕੀਤੇ ਜਾ ਰਹੇ ਹਨ। ਸਮਾਜ ਨੂੰ ਰਾਜਨੀਤਕ ਤੌਰ ’ਤੇ ਮਜਬੂਤ ਕਰਨ ਲਈ ਜਾਗਰੁਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੈਣੀ ਸਮਾਜ ਦੀ ਇਕਜੁੱਟਤਾ ਕਾਰਨ ਹੀ ਹਰਿਆਣਾ ਵਿਚ ਭਾਰਤੀ ਜਨਤਾ ਪਾਰਟੀ ਨੇ ਹਰਿਆਣਾ ਦਾ ਸੂਬਾ ਪ੍ਰਧਾਨ ਸੈਣੀ ਸਮਾਜ ਦੇ ਨੈਬ ਸਿੰਘ ਸੈਣੀ ਨੂੰ ਲਾਇਆ ਹੈ। ਇਸ ਦੇ ਨਾਲ ਹੀ ਹਰਿਆਣਾ ਵਿਚ ਸਟੇਟ ਲੈਵਲ ਦੀਆਂ 6 ਚੇਅਰਮੈਨੀਆਂ ਸੈਣੀ ਸਮਾਜ ਦੇ ਕੋਲ ਹਨ। ਹਰਿਆਣਾ ਵਿਚ ਲਗਾਤਾਰ ਸੈਣੀ ਸਮਾਜ ਦੇ ਲੋਕ ਐਮ. ਪੀ., ਵਿਧਾਇਕ ਅਤੇ ਮੰਤਰੀ ਬਣਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਸੈਣੀ ਸਮਾਜ ਹਰ ਉਸ ਉਮੀਦਵਾਰ ਦੀ ਮਦਦ ਕਰੇਗਾ ਜੋ ਸੈਣੀ ਸਮਾਜ ਨਾਲ ਸਬੰਧਤ ਹੋਵੇਗਾ। ਇਸ ਮੌਕੇ ਪੰਜਾਬ ਸਰਕਾਰ ਦੇ ਬੈਂਕਫਿੰਕੋ ਦੇ ਚੇਅਰਮੈਨ ਸੰਦੀਪ ਸੈਣੀ ਨੇ ਕਿਹਾ ਕਿ ਪੰਜਾਬ ਵਿਚ ਸੈਣੀ ਸਮਾਜ ਇਕਜੁਟ ਹੋ ਰਿਹਾ ਹੈ। ਉਨ੍ਹਾਂ ਪਟਿਆਲਾ ਵਿਖੇ ਹੋਏ ਸ਼ਾਨਦਾਰ ਸੰਮੇਲਨ ਲਈ ਲਵਲੀਨ ਸੈਣੀ ਨੂੰ ਮੁਬਾਰਕਬਾਦ ਦਿੱਤੀ। ਇਸ ਮੌਕੇ ਦੀਨਾਨਗਰ ਤੋਂ ਵਿਸ਼ੇਸ਼ ਤੌਰ ’ਤੇ ਪਹੁੰਚੇ ਸੈਣੀ ਸਮਾਜ ਦੇ ਜਨਰਲ ਸਕੱਤਰ ਪਰਮਿੰਦਰ ਸੈਣੀ ਬਿੱਟੂ ਨੇ ਕਿਹਾ ਕਿ ਸਮਾਜ ਨੂੰ ਮਜਬੂਤ ਕਰਨ ਲਈ ਉਹ ਲਵਲੀਨ ਸੈਣੀ ਨਾਲ ਮਿਲ ਕੇ ਕੰਮ ਕਰਨਗੇ। ਸੈਣੀ ਸਭਾ ਅੰਬਾਲਾ ਦੇ ਪ੍ਰਧਾਲ ਸਤੀਸ਼ ਸੈਣੀ ਨੇ ਕਿਹਾ ਕਿ ਪਟਿਆਲਾ ਦੇ ਸੈਣੀ ਸਮਾਜ ਦੇ ਆਗੂ ਲਵਲੀਨ ਸਿੰਘ ਸੈਣੀ ਇਕ ਜੁਝਾਰੂ ਆਗੂ ਹਨ ਅਤੇ ਗਰਾਉਂਡ ਲੈਵਲ ’ਤੇ ਕੰਮ ਕਰ ਰਹੇ ਹਨ। ਸੰਮੇਲਨ ਦੌਰਾਨ ਵੱਖ ਵੱਖ ਖੇਤਰਾਂ ਵਿਚ ਸਮਾਜ ਦਾ ਨਾਮ ਰੋਸ਼ਨ ਕਰਨ ਵਾਲੇ ਸੈਣੀ ਸਮਾਜ ਦੇ ਆਗੂਆਂ ਨੂੰ ਸੈਣੀ ਗੌਰਵ ਐਵਾਰਡ ਨਾਲ ਨਿਵਾਜਿਆ ਗਿਆ। ਸਨਮਾਨਿਤ ਹੋਣ ਵਾਲਿਆਂ ਵਿਚ ਉਦਯੋਗਪਤੀ ਸੁਭਾਸ਼ ਸੈਣੀ, ਆਈ. ਆਰ. ਐਸ. ਅਧਿਕਾਰੀ ਜਸਬੀਰ ਸਿੰਘ ਸੈਣੀ, ਡੀ. ਐਸ. ਪੀ. ਅਨੀਤਾ ਸੈਣੀ, ਮੁਕੇਸ਼ ਸੈਣੀ, ਪ੍ਰਭਸਿਮਰਤ ਸੈਣੀ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਸਮਾਗਮ ਵਿਚ ਜਤਿੰਦਰ ਰੋਮੀ, ਜਸਵਿੰਦਰ ਜੈਲਦਾਰ, ਬਲਜੀਤ ਸਿੰਘ, ਧਨਵੰਤ ਸਿੰਘ ਸੈਣੀ ਨੂੰ ਵੀ ਐਵਾਰਡ ਦੇ ਕੇ ਨਿਵਾਜਿਆ ਗਿਆ। ਇਸ ਸਮਾਗਮ ਨੂੰ ਹਰਿੰਦਰ ਕੌਰ, ਗੁਰਬਚਨ ਸਿੰਘ, ਸੈਣੀ ਸਭਾ ਲਾਲੜੂ ਦੇ ਪ੍ਰਧਾਨ ਸੰਜੂ ਕੁਮਾਰ, ਰਾਜਪੁਰਾ ਦੇ ਇੰਚਾਰਜ ਐਸ. ਡੀ. ਓ. ਸਿਮਰਨਜੀਤ ਸਿੰਘ ਸੈਣੀ, ਪੂਰਨ ਚੰਦ ਸੈਣੀ, ਤਰਸੇਮ ਸੈਣੀ ਬੰਟੀ, ਇੰਦਰਜੀਤ ਸਿੰਘ ਸੈਣੀ, ਯੂਥ ਆਗੂ ਰਣਜੀਤ ਸਿੰਘ ਕੋਰਜੀਵਾਲਾ, ਗੁਰਮੀਤ ਸਿੰਘ ਉਪਲਹੇੜੀ, ਬਲਜੀਤ ਸਿੰਘ ਝੁੱਗੀਆਂ ਤੋਂ ਇਲਾਵਾ ਹੋਰ ਕਈ ਆਗੂ ਹਾਜ਼ਰ ਸਨ। ਮੰਚ ਦਾ ਸੰਚਾਲਨ ਮੁਕੇਸ਼ ਸੈਣੀ ਅਤੇ ਬਲਵਿੰਦਰ ਸੈਣੀ ਵਲੋਂ ਕੀਤਾ ਗਿਆ। ਇਸ ਮੌਕੇ ਸੈਣੀ ਸਮਾਜ ਦੇ ਆਗੂ ਅਤੇ ਪਟਿਆਲਾ ਦੇ ਸਾਬਕਾ ਕੌਂਸਲਰ ਰਜਿੰਦਰ ਸੈਣੀ, ਯੂਥ ਲੀਡਰ ਤੇਜਵਿੰਦਰਪਾਲ ਸਿੰਘ ਸੈਣੀ, ਕਰਨਜੋਤ ਨੋਨੀ, ਜੈ ਭਗਵਾਨ, ਗਿਆਨ ਸਿੰਘ ਸੈਣੀ, ਦਰਸ਼ਨ ਸਿੰਘ ਸੈਣੀ, ਪੰਜਾਬੀ ਸਿੰਗਰ ਲਾਡਾ, ਜਸਵਿੰਦਰ ਸੈਣੀ, ਗੁਰਜੀਤ ਕੌਰ, ਰਣ ਸਿੰਘ ਸੈਣੀ, ਮਨੋਜ ਸੈਣੀ, ਜਸਮੇਰ ਸਿੰਘ, ਕੁਲਦੀਪ ਸਿੰਘ, ਕਿਰਪਾਲ ਸਿੰਘ, ਕੁਲਦੀਪ ਸਿੰਘ ਡੀ. ਸੀ. ਡਬਲਿਊ., ਅਮਰਜੀਤ ਸੈਣੀ, ਕਮਲੇਸ਼ ਕੁਮਾਰੀ, ਯਸ਼ਵੀਰ ਸੈਣੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੈਣੀ ਸਮਾਜ ਦੇ ਆਗੂ ਹਾਜ਼ਰ ਸਨ।

Related Post