July 6, 2024 01:01:17
post

Jasbeer Singh

(Chief Editor)

Latest update

ਜੀਰੋ ਐਫ.ਆਈ.ਆਰ. ਦਰਜ ਕਰਨ ਤੋਂ ਬਾਅਦ ਸ਼ੁਭਕਰਨ ਸਿੰਘ ਦਾ ਕੀਤਾ ਗਿਆ ਪੋਸਟਮਾਰਟਮ

post-img

ਪਟਿਆਲਾ, 29 ਫਰਵਰੀ (ਜਸਬੀਰ)-ਪਟਿਆਲਾ ਪੁਲਸ ਵਲੋਂ ਪਾਤੜਾਂ ਥਾਣੇ ਵਿਚ ਬੀਤੀ ਰਾਤ 21 ਫਰਵਰੀ ਨੂੰ ਖਨੌਰੀ ਬਾਰਡਰ ’ਤੇ ਸ਼ਹੀਦ ਹੋਏ ਸ਼ੁਭਕਰਨ ਸਿੰਘ ਦੇ ਮਾਮਲੇ ’ਚ ਜੀਰੋ ਐਫ. ਆਈ. ਆਰ. ਦਰਜ ਕਰ ਦਿੱਤੀ ਗਈ ਅਤੇ ਇਸ ਤੋਂ ਬਾਅਦ ਸਵੇਰੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਸ਼ੁਭਕਰਨ ਸਿੰਘ ਦਾ ਪੋਸਟਮਾਰਟਮ ਕਰਨ ਤੋਂ ਬਾਅਦ ਲਾਸ਼ ਨੂੰ ਵਾਰਸਾਂ ਹਵਾਲੇ ਕਰ ਦਿੱਤਾ ਗਿਆ, ਜਿਥੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਤੇ ਸਵਰਨ ਸਿੰਘ ਪੰਧੇਰ ਦੀ ਅਗਵਾਈ ਹੇਠ ਪਹਿਲਾਂ ਲਾਸ਼ ਨੂੰ ਖਨੌਰੀ ਲਿਜਾਇਆ ਗਿਆ ਤੇ ਫਿਰ ਉਸਦੇ ਜੱਦੀ ਪਿੰਡ ਬੱਲੋਂ ਜ਼ਿਲਾ ਬਠਿੰਡਾ ਵਿਖੇ ਲਿਜਾਇਆ ਗਿਆ। ਇਸ ਤੋਂ ਪਹਿਲਾਂ ਬੀਤੀ ਰਾਤ ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਕਾਫੀ ਜ਼ਿਆਦਾ ਸਰਗਰਮੀ ਚੱਲੀ ਕਿਉਂਕਿ ਸਰਕਾਰ ਵਲੋਂ ਪਰਿਵਾਰ ਨੂੰ ਇਕ ਕਰੋੜ ਰੁਪਏ ਦੇਣ ਅਤੇ ਪਰਿਵਾਰ ਵਿਚੋਂ ਇਕ ਵਿਅਕਤੀ ਨੂੰ ਸਰਕਾਰੀ ਨੌਕਰੀ ਦੇਣ ਦੇ ਐਲਾਨ ਤੋਂ ਬਾਅਦ ਕਿਸਾਨ ਆਗੂ ਇਕ ਗੱਲ ’ਤੇ ਅੜ੍ਹੇ ਹੋਏ ਸਨ ਕਿ ਜਦੋਂ ਤੱਕ ਹਰਿਆਣਾ ਪੁਲਸ ਦੇ ਖਿਲਾਫ਼ ਐਫ. ਆਈ. ਆਰ. ਦਰਜ ਨਹੀਂ ਕੀਤੀ ਜਾਂਦੀ ਉਦੋਂ ਤੱਕ ਸ਼ੁਭਕਰਨ ਸਿੰਘ ਦਾ ਪੋਸਟਮਾਰਟਮ ਨਹੀਂ ਕੀਤਾ ਜਾਵੇਗਾ ਤੇ ਇਹ ਮਾਮਲਾ ਪਿਛਲੇ ਅੱਠ ਦਿਨਾਂ ਤੋਂ ਅੜਿਆ ਹੋਇਆ ਹੈ। ਪੰਜਾਬ ਪੁਲਸ ਇਸ ਗੱਲ ਨੂੰ ਲੈ ਕੇ ਰਾਜ਼ੀ ਹੀ ਨਹੀਂ ਹੋ ਰਹੀ ਸੀ। ਪਟਿਆਲਾ ਪੁਲਸ, ਸੰਗਰੂਰ ਪੁਲਸ ਤੇ ਬਠਿੰਡਾ ਪੁਲਸ ਵਲੋਂ ਪਿਛਲੇ ਕਈ ਦਿਨਾਂ ਤੋਂ ਵੱਡੇ ਪੱਧਰ ’ਤੇ ਕਿਸਾਨਾਂ ਨੂੰ ਪੋਸਟਮਾਰਟਮ ਲਈ ਮਨਾਇਆ ਜਾ ਰਿਹਾ ਸੀ ਪਰ ਕਿਸਾਨ ਆਗੂ ਆਪਣੀ ਜਿੱਦ ’ਤੇ ਅੜ੍ਹੇ ਹੋਏ ਸਨ। ਕਾਫੀ ਜ਼ਿਆਦਾ ਕਸ਼ਮਕਸ਼ ਤੋਂ ਬਾਅਦ ਬੁੱਧਵਾਰ ਸ਼ਾਮ ਨੂੰ ਪਟਿਆਲਾ ਪੁਲਸ ਨੇ ਥਾਣਾ ਪਾਤੜਾਂ ਵਿਖੇ ਇਸ ਮਾਮਲੇ ’ਚ ਜੀਰੋ ਐਫ. ਆਈ. ਆਰ. ਦਰਜ ਕਰ ਦਿੱਤੀ ਤੇ ਉਸ ਤੋਂ ਬਾਅਦ ਪੋਸਟਮਾਰਟਮ ਲਈ ਜਦੋਂ ਐਸ. ਐਸ. ਪੀ. ਪਟਿਆਲਾ ਤੇ ਐਸ. ਐਸ. ਪੀ. ਬਠਿੰਡਾ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਪਹੁੰਚੇ ਤਾਂ ਉਥੇ ਮੋਰਚਰੀ ਦੇ ਬਾਹਰ ਧਰਨਾ ਲਗਾਈ ਬੈਠੇ ਕਿਸਾਨਾਂ ਦੇ ਆਗੂ ਪੋਸਟਮਾਰਟਮ ਕਰਨ ’ਤੇ ਅੜ ਗਏ ਤੇ ਆਗੂਆਂ ਦਾ ਕਹਿਣਾ ਸੀ ਕਿ ਜਦੋਂ ਤੱਕ ਉਨ੍ਹਾਂ ਨੂੰ ਆਪਣੇ ਪ੍ਰਮੁੱਖ ਆਗੂਆਂ ਵਲੋਂ ਐਫ. ਆਈ. ਆਰ. ਕਰਨ ਦੀ ਪੁਸ਼ਟੀ ਨਹੀਂ ਹੁੰਦੀ ਤੇ ਐਫ. ਆਈ. ਆਰ. ਦੀ ਕਾਪੀ ਨਹੀਂ ਮਿਲਦੀ ਉਦੋਂ ਤੱਕ ਉਹ ਪੋਸਟਮਾਰਟਮ ਨਹੀਂ ਕਰਨ ਦੇਣਗੇ ਤੇ ਪੁਲਸ ਨੇ ਉਸ ਤੋਂ ਬਾਅਦ ਕਿਸਾਨ ਆਗੂਆਂ ਨਾਲ ਗੱਲ ਕਰਵਾਈ ਤਾਂ ਜਾ ਕੇ ਮੋਰਚਰੀ ਦੇ ਬਾਹਰ ਬੈਠੇ ਕਿਸਾਨ ਆਗੂ ਸ਼ਾਂਤ ਹੋਏ।ਪਟਿਆਲਾ ਪੁਲਸ ਲਈ ਸ਼ੁਭਕਰਨ ਸਿੰਘ ਦਾ ਪੋਸਟਮਾਰਟਮ ਬਣਿਆਂ ਹੋਇਆ ਸੀ ਵੱਡੀ ਚੁਣੌਤੀਸ਼ੁਭਕਰਨ ਸਿੰਘ ਦੀ ਖਨੌਰੀ ਵਿਖੇ 21 ਫਰਵਰੀ ਨੂੰ ਕਿਸਾਨਾਂ ਤੇ ਹਰਿਆਣਾ ਪੁਲਸ ਵਿਚਕਾਰ ਹੋਈ ਝੜੱਪ ਤੋਂ ਬਾਅਦ ਉਸਨੂੰ ਹਰਿਆਣਾ ਲਿਆਂਦਾ ਗਿਆ ਸੀ, ਜਿਥੇ ਉਸਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਦੀ ਮੋਰਚਰੀ ਵਿਚ ਲਿਆਂਦਾ ਗਿਆ ਸੀ ਅਤੇ ਉਸਦੇ ਦਿਨ ਹੀ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਇਲਾਜ ਲਈ ਭਰਤੀ ਹੋ ਗਏ ਸਨ। 22 ਫਰਵਰੀ ਤੋਂ ਲੈ ਕੇ ਅੱਜ ਤੱਕ ਪਟਿਆਲਾ ਪੁਲਸ ਨੂੰ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਕਿਉਂਕਿ ਅੰਦੋਲਨ ਦਾ ਕੇਂਦਰ ਸ਼ੰਭੂ ਤੋਂ ਬਦਲ ਕੇ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਕੇਂਦਰਤ ਹੋ ਗਿਆ ਸੀ ਤੇ ਇਥੇ ਹੀ ਜਿੰਨੇ ਵੀ ਵਿਰੋਧੀ ਧਿਰ ਦੇ ਆਗੂ ਕਿਸਾਨ ਆਗੂਆਂ ਨੂੰ ਮਿਲਣ ਆਏ ਉਹ ਵੀ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਹੀ ਆਏ ਤੇ ਸ਼ੁਭਕਰਨ ਦੀ ਲਾਸ਼ ਹਸਪਤਾਲ ਦੀ ਮੋਰਚਰੀ ਵਿਚ ਪਈ ਸੀ, ਜਿਸ ਕਾਰਨ ਪਟਿਆਲਾ ਪੁਲਸ ਪਿਛਲੇ ਕਈ ਦਿਨਾਂ ਤੋਂ ਕਈ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਸੀ ਤੇ ਅੱਜ ਸ਼ੁਭਕਰਨ ਸਿੰਘ ਦੇ ਪੋਸਟਮਾਰਟਮ ਤੋਂ ਬਾਅਦ ਪੁਲਸ ਨੇ ਕੁੱਝ ਰਾਹਤ ਜ਼ਰੂਰ ਮਹਿਸੂਸ ਕੀਤੀ ਹੋਵੇਗੀ।

Related Post