July 6, 2024 01:41:15
post

Jasbeer Singh

(Chief Editor)

Latest update

ਕਿਸਾਨਾਂ ਦਾ ਦਿੱਲੀ ਕੂਚ, ਕੇਂਦਰ ਸਰਕਾਰ ਨੇ 500 ਤੋਂ ਵੱਧ ਕਿਸਾਨ ਨੇਤਾਵਾਂ ਦੇ ਸ਼ੋਸ਼ਲ ਮੀਡੀਆ ਅਕਾਊਂਟ ਕੀਤੇ ਬੰਦ

post-img

ਪਟਿਆਲਾ/ਸਨੌਰ (ਜਸਬੀਰ) : ਦਿੱਲੀ ਕੂਚ ਨੂੰ ਲੈ ਕੇ ਸ਼ੰਭੂ ਅਤੇ ਖਨੌਰੀ ਬਾਰਡਰ ਵਿਖੇ ਅੱਜ ਸੰਯੁਕਤ ਕਿਸਾਨ ਮੋਰਚਾ ਗੈਰ-ਰਾਜਨੀਤਕ ਅਤੇ ਮਜ਼ਦੂਰ ਕਿਸਾਨ ਮੋਰਚੇ ਦੇ ਸੀਨੀਅਰ ਨੇਤਾਵਾਂ ਦੀਆਂ ਮੀਟਿੰਗਾਂ ’ਚ ਐਲਾਨ ਕੀਤਾ ਗਿਆ ਕਿ ਦਿੱਲੀ ਕੂਚ ਦੀਆਂ ਤਿਆਰੀਆਂ ਮੁਕੰਮਲ ਹਨ, ਜਿਸ ’ਚ ਪੰਜਾਬ ਅਤੇ ਹਰਿਆਣਾ ਦੇ ਕਿਸਾਨ ਦਿੱਲੀ ਨਹੀਂ ਜਾਣਗੇ ਪਰ ਰਾਜਸਥਾਨ, ਮੱਧ ਪ੍ਰਦੇਸ਼, ਯੂ. ਪੀ., ਗੁਜਰਾਤ, ਮਹਾਰਾਸ਼ਟਰ, ਪੱਛਮੀ ਬੰਗਾਲ, ਕਰਨਾਟਕ, ਕੇਰਲਾ ਅਤੇ ਹੋਰ ਸਟੇਟਾਂ ਤੋਂ ਹਜ਼ਾਰਾਂ ਕਿਸਾਨ ਦਿੱਲੀ ਜੰਤਰ-ਮੰਤਰ ਵਿਖੇ ਜਾ ਕੇ ਰੋਸ ਰੈਲੀ ਕਰਨਗੇ। ਦੂਸਰੇ ਪਾਸੇ ਕਿਸਾਨਾਂ ਦੀ ਇਸ ਤਿਆਰੀ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਨੇ 500 ਦੇ ਕਰੀਬ ਕਿਸਾਨ ਨੇਤਾਵਾਂ ਦੇ ਦੇਸ਼ ਅੰਦਰ ਐਕਸ ਅਤੇ ਹੋਰ ਸ਼ੋਸ਼ਲ ਮੀਡੀਆ ਅਕਾਊਂਟ ਬੰਦ ਕਰ ਦਿੱਤੇ ਹਨ, ਜਿਸ ਨੂੰ ਲੈ ਕੇ ਕਿਸਾਨਾਂ ਅੰਦਰ ਭਾਰੀ ਰੋਸ ਹੈ। ਸ਼ੰਭੂ ਬਾਰਡਰ ’ਤੇ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਨੇਤਾਵਾਂ ਨੇ ਆਖਿਆ ਕਿ ਇਸ ਵੇਲੇ ਸ਼ੰਭੂ ਬਾਰਡਰ ’ਤੇ ਪੁੱਜੀਆਂ ਰਿਪੋਰਟਾਂ ਅਨੁਸਾਰ ਪੂਰੇ ਦੇਸ਼ ’ਚੋਂ ਹਜ਼ਾਰਾਂ ਕਿਸਾਨ ਬੱਸਾਂ, ਰੇਲ ਗੱਡੀਆਂ ਰਾਹੀਂ ਦਿੱਲੀ ਵੱਲ ਨੂੰ ਤੁਰ ਚੁੱਕੇ ਹਨ, ਜਿਸ ਕਰ ਕੇ ਕੇਂਦਰ ਸਰਕਾਰ ਨੂੰ ਹੱਥਾਂ-ਪੈਰਾਂ ਦੀ ਪਈ ਹੋਈ ਹੈ। ਉਨ੍ਹਾਂ ਆਖਿਆ ਕਿ ਸਪੱਸ਼ਟ ਫੈਸਲਾ ਹੈ ਕਿ ਅਸੀਂ ਸ਼ਾਂਤਮਈ ਪ੍ਰਦਰਸ਼ਨ ਕਰਾਂਗੇ, ਜਿਹੜੇ-ਜਿਹੜੇ ਸੂਬੇ ਦੇ ਕਿਸਾਨ ਜਿੱਥੋਂ-ਜਿੱਥੋਂ ਦਾਖਲ ਹੋਣਗੇ, ਉਹ ਸਿੱਧਾ ਜੰਤਰ-ਮੰਤਰ ਜਾਣਗੇ ਪਰ ਜੇਕਰ ਪੁਲਸ ਉਨ੍ਹਾਂ ਨੂੰ ਰੋਕੇਗੀ ਤਾਂ ਉਹ ਉੱਥੇ ਹੀ ਧਰਨਾ ਲਗਾਉਣਗੇ। ਕਿਸਾਨ ਨੇਤਾਵਾ ਨੇ ਆਖਿਆ ਕਿ ਪੰਜਾਬ ਦੇ ਕਿਸਾਨ ਸ਼ੰਭੂ ਅਤੇ ਖਨੌਰੀ ਬਾਰਡਰ ’ਤੇ ਪਹੁੰਚ ਕੇ ਰੈਲੀ ਅਤੇ ਕੇਂਦਰ ਦਾ ਪਿੱਟ-ਸਿਆਪਾ ਕਰਨਗੇ। ਨੇਤਾਵਾਂ ਨੇ ਕਿਹਾ ਕਿ ਕੇਂਦਰ ਲਗਾਤਾਰ ਅਫਵਾਹਾਂ ਫੈਲਾ ਰਹੀ ਹੈ ਕਿ ਅੰਦੋਲਨ ਖ਼ਤਮ ਹੋ ਗਿਆ ਹੈ, ਜਦੋਂ ਕਿ ਅਸਲੀਅਤ ਇਹ ਹੈ ਕਿ ਇਹ ਸੰਘਰਸ਼ ਮੁੜ ਤੇਜ਼ ਹੋ ਰਿਹਾ ਹੈ, ਜਿਸ ਨੇ ਮੋਦੀ ਸਰਕਾਰ ਦੀ ਨੀਂਦ ਹਰਾਮ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਕਿਸਾਨਾਂ ਦੀਆਂ ਐੱਮ. ਐੱਸ. ਪੀ. ਸਮੇਤ ਹੋਰ ਮੰਗਾਂ ਮੰਨਣਨੀਆਂ ਪੈਣਗੀਆਂ।

Related Post