July 6, 2024 01:43:14
post

Jasbeer Singh

(Chief Editor)

Punjab, Haryana & Himachal

ਵਾਟਰ ਸਪਲਾਈ ਲਈ ਕੀਤੀ ਗਈ ਸੜਕ ਦੀ ਖੁਦਾਈ, ਦਰਜਨਾਂ ਕਾਲੋਨੀਆਂ ਦੇ ਲੋਕ ਹੋਏ ਡਾਢੇ ਪ੍ਰੇਸ਼ਾਨ

post-img

ਪਟਿਆਲਾ, 2 ਮਾਰਚ (ਜਸਬੀਰ)-ਵਾਟਰ ਸਪਲਾਈ ਦੀਆਂ ਪਾਈਪਾਂ ਪਾਉਣ ਲਈ ਕੀਤੀ ਗਈ ਖੁਦਾਈ ਵਾਲੀ ਜਗ੍ਹਾ ’ਤੇ ਅੱਜ ਸਵੇਰੇ ਥੋੜੀ ਜਿਹੀ ਬਾਰਸ਼ ਤੋਂ ਬਾਅਦ ਸਕੂਲ ਵੈਨ ਧਸ ਗਈ ਤੇ ਬੱਚੇ ਕਈ ਘੰਟੇ ਖੱਜਲ ਖੁਆਰ ਹੁੰਦੇ ਰਹੇ। ਇਥੇ ਲਗਾਤਾਰ ਦੂਜੀ ਵਾਰ ਖੁਦਾਈ ਕੀਤੀ ਗਈ ਹੈ। ਪਹਿਲਾਂ ਛੋਟੀਆਂ ਪਾਈਪਾਂ ਪਾਈਆਂ ਗਈਆਂ ਸਨ ਤੇ ਹੁਣ ਵੱਡੀਆਂ ਪਾਈਪਾਂ ਪਾਈਆਂ ਜਾ ਰਹੀਆਂ ਹਨ ਪਰ ਕੰਪਨੀ ਵਲੋਂ ਪਾਈਪਾਂ ਪਾਉਣ ਤੋਂ ਬਾਅਦ ਖੁਦਾਈ ਵਾਲੀ ਥਾਂ ਨੂੰ ਸਹੀ ਤਰੀਕੇ ਨਾਲ ਨਾ ਪੂਰਨ ਕਾਰਨ ਦਰਜਨਾਂ ਕਾਲੋਨੀਆਂ ਦੇ ਵਸਨੀਕ ਬਹੁਤ ਜ਼ਿਆਦਾ ਦੁਖੀ ਹਨ। ਸ਼ਹਿਰ ਦੇ ਇਸ ਅਬਲੋਵਾਲ ਇਲਾਕੇ ਵਿਚ ਇਹ ਸੜਕ ਦਰਜਨਾਂ ਕਾਲੋਨੀਆਂ ਦੇ ਵਸਨੀਕਾਂ ਨੂੰ ਆਪਸ ਵਿਚ ਜੋੜ ਰਹੀ ਹੈ। ਇਕ ਪਾਸੇ ਇਹ ਭਾਦਸੋਂ ਰੋਡ ਤੇ ਦੂਸਰੇ ਪਾਸੇ ਨਾਭਾ ਰੋਡ ਨੂੰ ਵੀ ਜੋੜ ਰਹੀ ਹੈ ਪਰ ਕੰਪਨੀਆਂ ਵਲੋਂ ਖੁਦਾਈ ਵਾਲੀ ਜਗ੍ਹਾ ਨੂੰ ਸਹੀ ਤਰੀਕੇ ਨਾਲ ਨਾ ਭਰੇ ਜਾਣ ਕਾਰਨ ਥੋੜੀ ਜਿਹੀ ਬਾਰਸ਼ ਕਾਰਨ ਬੁਰਾ ਹਾਲ ਹੋ ਗਿਆ। ਪਹਿਲਾਂ ਤੜਕਸਾਰ ਇਕ ਟਰੱਕ ਧਸ ਗਿਆ, ਉਸ ਤੋਂ ਬਾਅਦ ਜਿਊਂ ਹੀ ਬੱਚਿਆਂ ਨੂੰ ਲੈਣ ਲਈ ਸਕੂਲ ਵੈਨ ਆਈ ਤਾਂ ਉਹ ਵੀ ਇਸ ਟੋਏ ਵਿਚ ਧਸ ਗਈ, ਜਿਸ ਵਿਚ ਬੱਚੇ ਸਵਾਰ ਸਨ ਤੇ ਛੋਟੇ-ਛੋਟੇ ਬੱਚੇ ਵਾਲ-ਵਾਲ ਬਚ ਗਏ ਕਿਉਂਕਿ ਟਾਇਰ ਬੁਰੀ ਤਰ੍ਹਾਂ ਫਸਣ ਕਾਰਨ ਗੱਡੀ ਹਾਦਸੇ ਦਾ ਸ਼ਿਕਾਰ ਵੀ ਹੋ ਸਕਦੀ ਹੈ। ਇਥੇ ਇਲਾਕੇ ਦੇ ਲੋਕਾਂ ਨੇ ਸਵੇਰੇ ਰੋਸ ਪ੍ਰਦਰਸ਼ਨ ਵੀ ਕੀਤਾ ਤੇ ਕਿਹਾ ਕਿ ਜੇਕਰ ਜਲਦ ਹੀ ਕੰਪਨੀ ਨੇ ਉਨ੍ਹਾਂ ਦੇ ਸਾਰੇ ਰਸਤਿਆਂ ਨੂੰ ਠੀਕ ਨਾ ਕੀਤਾ ਤਾਂ ਉਸਦੇ ਖਿਲਾਫ਼ ਲੋਕ ਸੜਕਾਂ ’ਤੇ ਉਤਰ ਕੇ ਸਰਕਾਰ ਨੂੰ ਕਾਰਵਾਈ ਕਰਨ ਲਈ ਕਹਿਣਗੇ ਕਿਉਂਕਿ ਪਹਿਲਾਂ ਤਾਂ ਕੰਪਨੀ ਨੇ ਕੰਮ ਹੀ ਬੜਾ ਹੌਲੀ ਕੀਤਾ ਤੇ ਦੂਸਰਾ ਕੰਮ ਨੂੰ ਮੁੜ ਸ਼ੁਰੂ ਕਰਕੇ ਸਹੀ ਤਰੀਕੇ ਨਾਲ ਪੂਰਾ ਨਹੀਂ ਕੀਤਾ ਗਿਆ, ਜਿਸ ਕਾਰਨ ਲੋਕ ਬਹੁਤ ਦੁਖੀ ਹਨ। ਥੋੜੇ ਜਿਹੇ ਮੀਂਹ ਤੋਂ ਬਾਅਦ ਹਾਲਾਤ ਇਹ ਬਣੇ ਹੋਏ ਹਨ ਕਿ ਲੋਕ ਘਰਾਂ ਤੋਂ ਬਾਹਰ ਵੀ ਨਹੀਂ ਨਿਕਲ ਸਕਦੇ ਤੇ ਜਿਹੜੇ ਘਰਾਂ ਤੋਂ ਬਾਹਰ ਨਿਕਲ ਜਾਂਦੇ ਹਨ ਨੂੰ ਮੁੜ ਘਰਾਂ ਤੱਕ ਪਹੁੰਚਣਾ ਵੀ ਮੁਸ਼ਕਲ ਹੋ ਜਾਂਦਾ ਹੈ।

Related Post