July 6, 2024 01:55:48
post

Jasbeer Singh

(Chief Editor)

Latest update

ਪੰਜਾਬ ਚ ਇਸ ਵਾਰ ਗਰਮੀ ਤੋੜੇਗੀ ਸਾਰੇ ਰਿਕਾਰਡ, ਮੌਸਮ ਵਿਭਾਗ ਦਾ ਤਾਜ਼ਾ ਅਲਰਟ...

post-img

ਪੰਜਾਬ ਵਿਚ ਇਕਦਮ ਪਾਰਾ ਚੜ੍ਹਨ ਨਾਲ ਮਾਰਚ ਦੇ ਅੱਧ ’ਚ ਹੀ ਗਰਮੀ ਨੇ ਦਸਤਕ ਦੇ ਦਿੱਤੀ ਹੈ। ਪੰਜਾਬ ਤੇ ਹਰਿਆਣਾ ਵਿਚ ਤਾਪਮਾਨ 30 ਡਿਗਰੀ ਸੈਲਸੀਅਸ ਤੋਂ ਪਾਰ ਕਰ ਗਿਆ ਹੈ। ਦੋਵਾਂ ਸੂਬਿਆਂ ਦੇ ਦਰਜਨਾਂ ਸ਼ਹਿਰਾਂ ਦਾ ਵੱਧ ਤੋਂ ਵੱਧ ਤਾਪਮਾਨ 31 ਤੋਂ 32 ਡਿਗਰੀ ਸੈਲਸੀਅਸ ਦੇ ਕਰੀਬ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ ਪੰਜਾਬ ਵਿਚ 3-4 ਦਿਨ ਮੌਸਮ ਖੁਸ਼ਕ ਰਹਿਣ ਅਤੇ ਗਰਮੀ ਵਧਣ ਦੀ ਭਵਿੱਖਬਾਣੀ ਕੀਤੀ ਹੈ। ਇਸ ਦੌਰਾਨ ਤਾਪਮਾਨ ਵਿਚ 3 ਤੋਂ 5 ਡਿਗਰੀ ਸੈਲਸੀਅਸ ਤੱਕ ਦਾ ਵਾਧਾ ਦਰਜ ਕੀਤਾ ਜਾਵੇਗਾ। ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਸੂਬੇ ਵਿਚ ਮਾਰਚ ਦੇ ਅਖੀਰ ਵਿਚ ਲੋਕਾਂ ਨੂੰ ਆਮ ਨਾਲੋਂ ਵੱਧ ਗਰਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਇਸ ਸਾਲ ਹੋਲੇ-ਮੁਹੱਲੇ ਉਤੇ ਵੀ ਮੌਸਮ ਖੁਸ਼ਕ ਹੀ ਰਹੇਗਾ।ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਅਗਲੇ ਦਿਨਾਂ ਵਿਚ ਮੌਸਮ ਹੋਰ ਖੁਸ਼ਕ ਹੋਵੇਗਾ ਤੇ ਇਹ ਵਾਧਾ ਜਾਰੀ ਰਹੇਗਾ। ਉਧਰ, ਇਕ ਅਧਿਐਨ ਮੁਤਾਬਕ ਹੁਣ ਬਸੰਤ ਰੁੱਤ ਦਾ ਸਮਾਂ ਘਟਦਾ ਜਾ ਰਿਹਾ ਹੈ ਅਤੇ ਸਰਦੀ ਦਾ ਮੌਸਮ ਖ਼ਤਮ ਹੋਣ ਤੋਂ ਪਹਿਲਾਂ ਹੀ ਗਰਮੀਆਂ ਵਰਗਾ ਮਾਹੌਲ ਬਣ ਰਿਹਾ ਹੈ। ਸਾਲ 1970 ਤੋਂ ਤਾਪਮਾਨ ਦੇ ਅੰਕੜਿਆਂ ਦੇ ਅਧਿਐਨ ਤੋਂ ਇਹ ਰੁਝਾਨ ਸਾਹਮਣੇ ਆਇਆ ਹੈ।ਅਮਰੀਕਾ ਆਧਾਰਿਤ ਵਿਗਿਆਨੀਆਂ ਦੀ ਇਕ ਸੰਸਥਾ ਕਲਾਈਮੇਟ ਸੈਂਟਰਲ ਦੇ ਖੋਜੀਆਂ ਵੱਲੋਂ ਆਲਮੀ ਤਪਸ਼ ਦੇ ਰੁਝਾਨ ਤਹਿਤ ਭਾਰਤ ਵਿਚ ਅਧਿਐਨ ਕੀਤਾ ਗਿਆ ਜਿਸ ਦੌਰਾਨ ਸਰਦ ਰੁੱਤ ਵਾਲੇ ਮਹੀਨਿਆਂ (ਦਸੰਬਰ ਤੋਂ ਫਰਵਰੀ) ਉਤੇ ਧਿਆਨ ਕੇਂਦਰਿਤ ਕੀਤਾ ਗਿਆ। ਖ਼ੁਲਾਸਾ ਹੋਇਆ ਕਿ ਉੱਤਰੀ ਭਾਰਤ ’ਚ ਸਰਦੀਆਂ ਦੌਰਾਨ ਤਾਪਮਾਨ ਵਿਚ ਬਦਲਾਅ ਦੇਖਿਆ ਗਿਆ। ਉੱਤਰੀ ਭਾਰਤ ਦੇ ਸੂਬਿਆਂ ਵਿਚ ਜਨਵਰੀ ਦੌਰਾਨ ਔਸਤਨ ਤਾਪਮਾਨ ਤਹਿਤ ਜਾਂ ਤਾਂ ਠੰਢ ਰਹੀ ਜਾਂ ਹਲਕੀ ਤਪਸ਼ ਦਾ ਮਾਹੌਲ ਰਿਹਾ ਪਰ ਫਰਵਰੀ ਵਿਚ ਪੂਰੀ ਗਰਮੀ ਦਾ ਅਹਿਸਾਸ ਹੋਇਆ। ਪੰਜਾਬ, ਹਰਿਆਣਾ, ਦਿੱਲੀ, ਰਾਜਸਥਾਨ, ਉੱਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਲੱਦਾਖ, ਜੰਮੂ ਕਸ਼ਮੀਰ ਅਤੇ ਉੱਤਰਾਖੰਡ ’ਚ ਜਨਵਰੀ-ਫਰਵਰੀ ਦੌਰਾਨ ਦੋ ਡਿਗਰੀ ਸੈਲਸੀਅਸ ਤੋਂ ਵਧ ਦਾ ਫਰਕ ਮਹਿਸੂਸ ਕੀਤਾ ਗਿਆ।

Related Post