July 6, 2024 00:41:41
post

Jasbeer Singh

(Chief Editor)

Patiala News

ਸਰਕਾਰਾਂ ਨੇ ਖਿੱਚੇ ਹੱਥ ਅੱਗੇ ਆਏ ਸੰਤ, ਸੰਤ ਮਹਾਪੁਰਸ਼ਾਂ ਦੀ ਅਗਵਾਈ ਹੇਠ ਬਣ ਰਹੀ ਦਹਾਕਿਆਂ ਤੋਂ ਸਰਕਾਰਾਂ ਵੱਲੋਂ ਵਿਸਾਰੀ

post-img

ਅਕਾਲ ਤਖ਼ਤ ਸ਼੍ਰੀ ਅੰਮ੍ਰਿਤਸਰ ਤੋਂ ਖ਼ਾਲਸੇ ਦੀ ਜਨਮ ਭੂਮੀ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਸ਼੍ਰੀ ਆਨੰਦਪੁਰ ਸਾਹਿਬ ਨੂੰ ਜੋੜਨ ਵਾਲੇ ਸ਼੍ਰੀ ਗੁਰੂ ਤੇਗ ਬਹਾਦਰ ਮਾਰਗ ਗੜ੍ਹਸ਼ੰਕਰ ਤੋਂ ਸ੍ਰੀ ਆਨੰਦਪੁਰ ਸਾਹਿਬ ਰਾਹੀਂ ਜਿੱਥੇ ਸੰਗਤਾਂ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਅਨੇਕਾਂ ਹੀ ਧਾਰਮਿਕ ਸਥਾਨਾਂ ਤੋਂ ਨਤਮਸਤਕ ਹੋਣ ਲਈ ਜਾਂਦੀ ਹੈ, ਉਥੇ ਹੀ ਗੁਰਦੁਆਰਾ ਪਤਾਲਪੁਰੀ ਸਾਹਿਬ ਕੀਰਤਪੁਰ, ਸ਼ਕਤੀ ਪੀਠ ਮਾਤਾ ਨੈਣਾ ਦੇਵੀ ਜੀ, ਪੀਰ ਨਿਗਾਹਾ ਜੀ ਅਤੇ ਦੀ ਓਟ ਸਿੱਧ ਗੁਫਾ ਬਾਬਾ ਬਾਲਕ ਨਾਥ ਜੀ ਦੇ ਨਾਲ ਜੋੜਦੀ ਹੈ। ਇਨ੍ਹਾਂ ਨਾਮਵਰ ਇਤਿਹਾਸਕ ਧਾਰਮਿਕ ਅਸਥਾਨਾਂ ਨੂੰ ਜੋੜਨ ਵਾਲੀ ਇਸ ਮਾਰਗ ਦੀ ਬਦ ਤੋਂ ਬਦਤਰ ਹਾਲਤ ਨੂੰ ਸੁਧਾਰਨ ਲਈ ਹਮੇਸ਼ਾ ਹੀ ਸਿਰਫ ਸਿਆਸੀ ਰੋਟੀਆਂ ਸੇਕਣ ਲਈ ਬਿਆਨਬਾਜ਼ੀ ਤਾਂ ਜ਼ਰੂਰ ਕੀਤੀ ਹੈ ਮਗਰ ਜ਼ਮੀਨੀ ਹਕੀਕਤ ਤੇ ਕਿਸੇ ਵੀ ਸਰਕਾਰ ਨੇ ਇਸ ਦੀ ਸਾਰ ਨਹੀਂ ਲਈ ਅਤੇ ਸਭਨਾਂ ਦੇ ਵਾਅਦੇ ਅਤੇ ਦਾਅਵੇ ਹਵਾ ਹਵਾਈ ਹੀ ਹੁੰਦੇ ਰਹੇ।ਸ੍ਰੀ ਆਨੰਦਪੁਰ ਸਾਹਿਬ ਵਿਖੇ ਮਨਾਏ ਜਾ ਰਹੇ ਸੰਸਾਰ ਪ੍ਰਸਿੱਧ ਹੋਲਾ ਮਹੱਲਾ ਮੌਕੇ ਭਾਵੇਂ ਇਸ ਮਾਰਗ ਉਪਰ ਹਲਕੀ ਜਿਹੀ ਪੈਚ ਵਰਕ ਦੀ ਲਿੱਪੀ-ਪੋਚੀ ਕੀਤੀ ਜਾਂਦੀ ਰਹੀ। ਪਰ ਇਸ ਮਾਰਗ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਬਣਾਉਣ ਵਿਚ ਹਰ ਸਰਕਾਰ ਫੇਲ੍ਹ ਹੀ ਰਹੀ ਹੈ। ਸੱਤਾ ਦੀ ਪ੍ਰਾਪਤੀ ਤੋਂ ਬਾਅਦ ਕਿਸੇ ਦੀ ਰਾਜਨੀਤਿਕ ਆਗੂ ਦੀ ਸਵੱਲੀ ਨਜ਼ਰ ਇਸ ਅਭਾਗੀ ਸੜਕ ਦੀ ਹਾਲਤ ਸੁਧਾਰਨ ਵੱਲ ਨਹੀਂ ਗਈ। ਇਸ ਸੜਕ ਉਪਰ ਜਗ੍ਹਾ-ਜਗਾ ਪਏ ਡੂੰਘੇ ਖੰਡਿਆਂ ਵਿੱਚੋਂ ਵਲ ਵਲੇਵੇਂ ਖਾਂਦੀਆਂ ਸੰਗਤਾਂ ਅਤੇ ਆਮ ਰਾਹਗੀਰਾਂ ਆਪਣੀ ਮੰਜ਼ਿਲ ਵੱਲ ਵੱਧਦੇ ਸਮੇਂ-ਸਮੇਂ ਦੀਆਂ ਸਰਕਾਰਾਂ ਨੂੰ ਕੋਸਣ ਲਈ ਮਜਬੂਰ ਜ਼ਰੂਰ ਹੁੰਦੇ ਹਨ। ਇਸ ਦੇ ਨਾਲ ਹੀ ਇਸ ਸੜਕ ਵਿਚ ਪਏ ਟੋਇਆਂ ਕਾਰਨ ਰਾਹਗੀਰ ਹਾਦਸਿਆਂ ਦੇ ਵੀ ਸ਼ਿਕਾਰ ਹੋ ਰਹੇ ਹਨ। ਸਾਲ 1999 ਵਿਚ ਖ਼ਾਲਸਾ ਸਾਜਨਾ ਦਿਵਸ ਦੇ ਮਨਾਏ ਗਏ 300 ਸਾਲਾ ਦੌਰਾਨ ਵੀ ਇਸ ਮਾਰਗ ਨੂੰ ਬਣਾਉਣ ਲਈ ਵੱਡੇ-ਵੱਡੇ ਐਲਾਨ ਕੀਤੇ ਸਨ। ਪਰ 25 ਸਾਲ ਦਾ ਸਮਾਂ ਬੀਤ ਜਾਣ ’ਤੇ ਵੀ ਇਹ ਮਾਰਗ ਸਰਕਾਰਾਂ ਦੀ ਸਵੱਲੀ ਨਜ਼ਰ ਦੀ ਉਡੀਕ ਵਿਚ ਵੱਡੇ-ਵੱਡੇ ਖੰਡਿਆਂ ਅਤੇ ਟੁੱਟ ਭੱਜ ਨੂੰ ਹੰਢਾਉਂਦਾ ਰਿਹਾ।ਹੁਣ ਹੋਲੇ-ਮਹੱਲੇ ਦੀ ਆਮਦ ਨੂੰ ਮੁੱਖ ਰੱਖਦਿਆਂ ਸਰਕਾਰਾਂ ਵੱਲ ਝਾਕ ਨੂੰ ਖਤਮ ਕਰਦਿਆਂ ਕਾਰ ਸੇਵਾ ਕਿਲ੍ਹਾ ਸ੍ਰੀ ਅਨੰਦਗੜ੍ਹ ਸਾਹਿਬ ਵਾਲੇ ਸੰਤ ਮਹਾਪੁਰਸ਼ ਸੰਤ ਬਾਬਾ ਸੁੱਚਾ ਸਿੰਘ, ਸੰਤ ਬਾਬਾ ਸਤਨਾਮ ਸਿੰਘ ਅਤੇ ਬਾਬਾ ਗੁਰਦੇਵ ਸਿੰਘ ਸ਼ਹੀਦ ਬਾਗ ਸਾਹਿਬ ਨੇ ਸ੍ਰੀ ਗੁਰੂ ਤੇਗ ਬਹਾਦਰ ਮਾਰਗ ਗੜਸ਼ੰਕਰ ਤੋਂ ਸ੍ਰੀ ਆਨੰਦਪੁਰ ਸਾਹਿਬ ਮਾਰਗ ਇਕ ਨੂੰ ਬਣਾਉਣ ਅਤੇ ਚੌੜਾ ਕਰਨ ਦਾ ਜਿਉਂ ਹੀ ਉਪਰਾਲਾ ਅਰੰਭਿਆ ਤਾਂ ਆਪ ਮੁਹਾਰੇ ਹੀ ਜਿੱਥੇ ਇਸ ਕਾਰਜ ਦੀ ਸ਼ਲਾਘਾ ਹੋਣ ਲੱਗੀ, ਉਥੇ ਹੀ ਸੰਗਤਾਂ ਵੱਲੋਂ ਵੱਡਮੁੱਲਾ ਸਹਿਯੋਗ ਮਿਲਣਾ ਸ਼ੁਰੂ ਹੋ ਗਿਆ। ਲੋਕਾਂ ਦਾ ਕਹਿਣਾ ਹੈ ਕਿ ਰਵਾਇਤੀ ਪਾਰਟੀਆਂ ਦੀਆਂ ਮਾੜੀਆਂ ਨੀਤੀਆਂ ਤੋਂ ਤੌਬਾ ਕਰੀ ਬੈਠੇ ਲੋਕਾਂ ਵੱਲੋਂ ਆਮ ਆਦਮੀ ਪਾਰਟੀ ਉਪਰ ਆਸਾਂ ਉਮੀਦਾਂ ਰੱਖੀਆਂ ਸਨ, ਮਗਰ ਆਮ ਆਦਮੀ ਪਾਰਟੀ ਵੀ ਲੋਕਾਂ ਦੀਆਂ ਆਸਾਂ ਉਮੀਦਾਂ ਉਪਰ ਖਰੀ ਨਾ ਉਤਰ ਸਕੀ। ਸੜਕ ਟੁੱਟਣ ਦਾ ਮੁੱਖ ਕਾਰਨ ਨਾਜਾਇਜ਼ ਮਾਈਨਿੰਗ ਅਤੇ ਓਵਰ ਲੋਡ ਵਾਹਨ ਸ੍ਰੀ ਗੁਰੂ ਤੇਗ ਬਹਾਦਰ ਇਹ ਮਾਰਗ ਜ਼ਿਲ੍ਹਾ ਹੁਸ਼ਿਆਰਪੁਰ ਦੀ ਤਹਿਸੀਲ ਗੜ੍ਹਸ਼ੰਕਰ ਦੀ ਹੱਦ ਦੇ ਅਖੀਰ ਵਿੱਚ ਕੁੱਕੜ ਮਜਾਰਾ ਖਤਮ ਹੋਣ ਉਪਰੰਤ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਚਾਂਦਪੁਰ ਰੁੜਕੀ ਵਿੱਚੋਂ ਪ੍ਰਵੇਸ਼ ਕਰਦਾ ਹੋਇਆ ਪਿੰਡ ਸਿੰਘਪੁਰ ਦੀ ਹੱਦ ਉਪਰ ਖਤਮ ਹੁੰਦਿਆ ਹੀ ਜ਼ਿਲ੍ਹਾ ਰੂਪਨਗਰ ’ਚ ਪੈਂਦੇ ਪਿੰਡ ਕਾਹਨਪੁਰ ਖੂਹੀ ਨਾਲ ਮਿਲ ਜਾਂਦਾ ਹੈ। ਤਿੰਨ ਜ਼ਿਲ੍ਹਿਆਂ ਵਿਚ ਪੈਂਦੀ ਇਹ ਸੜਕ ਦਾ ਕਰੀਬ 15 ਕਿਲੋਮੀਟਰ ਦੇ ਏਰੀਏ ਦੀ ਹੀ ਬਦ ਤੋਂ ਬਦਤਰ ਹਾਲਤ ਸੁਧਾਰਨ ਵਿਚ ਸਰਕਾਰਾਂ ਪੂਰੀ ਤਰ੍ਹਾਂ ਨਾਲ ਫੇਲ੍ਹ ਹੀ ਰਹੀਆਂ ਹਨ। ਲੋਕਾਂ ਦਾ ਕਹਿਣਾ ਹੈ ਕਿ ਇਸ ਸੜਕ ਦੇ ਜ਼ਿਆਦਾ ਟੁੱਟਣ-ਭੱਜਣ ਦਾ ਕਾਰਨ ਜਿੱਥੇ ਇਲਾਕੇ ਅੰਦਰ ਹੋ ਰਹੀ ਨਾਜਾਇਜ਼ ਮਾਈਨਿੰਗ ਹੈ ਤੇ ਸੀਮਿੰਟ ਦਾ ਡੰਪ ਹੈ। ਜਿੱਥੇ ਕਿ ਓਵਰਲੋਡ ਟਰਾਲੇ ਟਿੱਪਰਾਂ ਦਾ ਲਾਂਘਾ ਹੈ। ਇਸ ਦੇ ਨਾਲ ਹੀ ਇਸ ਸੜਕ ਉਪਰ ਦੂਜੇ ਵਾਹਨਾਂ ਦੀ ਆਵਾਜਾਈ ਵੀ ਬਹੁਤ ਜ਼ਿਆਦਾ ਹੈ। ਸ੍ਰੀ ਗੁਰੂ ਰਵਿਦਾਸ ਜੀ ਦੀ ਚਰਨ ਛੋਹ ਗੰਗਾ ਨੂੰ ਜੋੜਦਾ ਹੈ ਇਹ ਮਾਰਗ ਸ੍ਰੀ ਗੁਰੂ ਰਵਿਦਾਸ ਜੀ ਦੀ ਚਰਨ ਛੋਹ ਗੰਗਾ (ਅੰਮ੍ਰਿਤ ਕੁੰਡ) ਖੁਰਾਲਗੜ੍ਹ (ਹੁਸ਼ਿਆਰਪੁਰ) ਨੂੰ ਵੀ ਇਲਾਕੇ ਦੀ ਸੰਗਤ ਇਸੇ ਮਾਰਗ ਤੋਂ ਹੋ ਕੇ ਜਾਂਦੀ ਹੈ। ਪੋਜੇਵਾਲ ਤੋਂ ਕਰੀਬ 3 ਕਿਲੋਮੀਟਰ ਦੀ ਦੂਰੀ ਤੇ ਪਿੰਡ ਸਿੰਘਪੁਰ ਦੇ ਚੜ੍ਹਦੇ ਪਾਸੇ ਚਾਰੇ ਪਾਸਿਓਂ ਹਰਿਆਵਲ ’ਤੇ ਮਨਮੋਹਕ ਸ਼ਿਵਾਲਿਕ ਦੀਆਂ ਪਹਾੜੀਆਂ ਵਿਚੋਂ ਹੋ ਕੇ ਜਾਂਦੀ Çਲੰਕ ਰੋਡ ਨੂੰ ਵੀ ਇਹੋ ਮੁੱਖ ਮਾਰਗ ਲੱਗਦਾ ਹੈ। ਜੇਕਰ ਇਸੇ ਮਾਰਗ ਤੋਂ ਥੋੜ੍ਹਾ ਅੱਗੋਂ ਕਾਹਨਪੁਰ ਖੂਹੀ ਤੱਕ ਦਾ ਸਫਰ ਕੀਤਾ ਜਾਵੇ ਤਾਂ ਕਾਹਨਪੁਰ ਖੂਹੀ ਦੇ ਟੀ ਪੁਆਇੰਟ ਤੋਂ ਚੜ੍ਹਦੇ ਵੱਲ ਨੂੰ ਜ਼ਿਲ੍ਹਾ ਊਨਾ ਵਿਚ ਪੈਂਦੇ ਪੀਰ ਨਿਗਾਹਾ ਅਤੇ ਦੀ ਓਟ ਸਿੱਧ ਬਾਬਾ ਬਾਲਕ ਨਾਥ ਨੂੰ ਜੋੜਦਾ ਹੈ। ਉਸ ਦੇ ਨਾਲ ਹੀ ਇਸ ਦੱਖਣ ਦਿਸ਼ਾ ਵੱਲ ਨੂੰ ਸ੍ਰੀ ਆਨੰਦਪੁਰ ਸਾਹਿਬ ਉਸ ਤੋਂ ਅੱਗੇ ਕੀਰਤਪੁਰ ਸਾਹਿਬ ਅਤੇ ਕੀਰਤਪੁਰ ਤੋਂ ਚੜ੍ਹਦੇ ਪਾਸੇ ਹਿਮਾਚਲ ਦੇ ਪ੍ਰਸਿੱਧ ਧਾਰਮਿਕ ਅਸਥਾਨਾਂ ਉਪਰ ਪੁੱਜਣ ਲਈ ਹਮੇਸ਼ਾ ਹੀ ਵੱਡੀ ਗਿਣਤੀ ਸੰਗਤਾਂ ਇਸੇ ਮਾਰਗ ਰਾਹੀਂ ਆਉਂਦੀਆਂ ਜਾਂਦੀਆਂ ਹਨ। ਮਗਰ ਇਸ ਸੜਕ ਦੀ ਤ੍ਰਾਸਦੀ ਇਹ ਰਹੀ ਹੈ ਕਿ ਇਸ ਇਲਾਕੇ ਦੇ ਸਿਰਮੌਰ ਆਗੂਆਂ ਨੇ ਕਦੇ ਇਸ ਦੇ ਨਵਨਿਰਮਾਣ ਵੱਲ ਕੋਈ ਧਿਆਨ ਨਹੀਂ ਦਿੱਤਾ। ਡਿਪਟੀ ਸਪੀਕਰ ਅਤੇ ਹਲਕਾ ਵਿਧਾਇਕ ਦਾ ਘਰ ਇਸੇ ਮਾਰਗ ’ਤੇ ਜੇਕਰ ਇਸ ਸੜਕ ਉਪਰ ਸਿਆਸੀ ਝਾਤ ਮਾਰੀਏ ਤਾਂ ਆਮ ਆਦਮੀ ਪਾਰਟੀ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੋੜੀ ਦਾ ਜੱਦੀ ਪਿੰਡ ਰੋੜੀ ਇਸ ਮਾਰਗ ਤੋਂ ਮਹਿਜ਼ ਡੇਢ ਕਿਲੋਮੀਟਰ ਤੋਂ ਵੀ ਘੱਟ ਦੂਰੀ ਤੇ ਸਥਿਤ ਹੈ। ਬਲਾਚੌਰ ਦੀ ਹਲਕਾ ਵਿਧਾਇਕਾ ਸੰਤੋਸ਼ ਕਟਾਰੀਆ ਦਾ ਜੱਦੀ ਘਰ ਪਿੰਡ ਪੋਜੇਵਾਲ ਸਰਾਂ ’ਤੇ ਸਥਿਤ ਹੈ। ਇਨ੍ਹਾਂ ਕੱਦਵਾਰ ਆਗੂਆਂ ਵੱਲੋਂ ਸੱਤਾ ਵਿਚ ਆਉਣ ਉਪਰੰਤ ਪੰਜਾਬ, ਹਿਮਾਚਲ ਪ੍ਰਦੇਸ਼ ਵਿਚ ਸਥਿਤ ਵੱਖ-ਵੱਖ ਅਸਥਾਨਾਂ ਨੂੰ ਜੋੜਨ ਵਾਲੇ ਇਸ ਮਾਰਗ ਸੰਗਤਾਂ ਦੇ ਲਾਂਘੇ ਲਈ ਚੰਗੇ ਤਰੀਕੇ ਨਾਲ ਬਣਾਉਣ ਦਾ ਵਾਅਦਾ ਵੀ ਕੀਤਾ ਸੀ ਪਰ ਦੋ ਸਾਲ ਤੋਂ ਉਪਰ ਦਾ ਸਮਾਂ ਬੀਤ ਜਾਣ ’ਤੇ ਵੀ ਉਹ ਆਪਣੀ ਸਰਕਾਰ ਦੇ ਕਾਰਜਕਾਲ ਦੌਰਾਨ ਵੀ ਇਸ ਮਾਰਗ ਦੀ ਹਾਲਤ ਨੂੰ ਸੁਧਾਰ ਨਾ ਸਕੇ। ਸਾਲ 1997 ਤੋਂ 2016 ਤੱਕ ਲਗਾਤਾਰ ਵਿਧਾਇਕ ਰਹੇ ਸਾਬਕਾ ਮੁੱਖ ਸੰਸਦੀ ਸਕੱਤਰ ਸਵ. ਚੌਧਰੀ ਨੰਦ ਲਾਲ ਵੀ ਆਪਣੇ ਕਾਰਜਕਾਲ ਦੌਰਾਨ ਵੀ ਇਸ ਸੜਕ ਦੀ ਬਦ ਤੋਂ ਬਦਤਰ ਹਾਲਤ ਵਿਚ ਸੁਧਾਰ ਲਿਆਉਣ ਵਿੱਚ ਪੂਰੀ ਤਰ੍ਹਾਂ ਅਸਫਲ ਰਹੇ ਹਨ ਜਦ ਕਿ ਇਹ ਸੜਕ ਉਨ੍ਹਾਂ ਦੇ ਪਿੰਡ ਕਰੀਮਪੁਰ ਧਿਆਨੀ ਤੋਂ ਮਹਿਜ਼ ਇੱਕ ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ। ਇਸ ਤਰ੍ਹਾਂ ਸਿਆਸੀ ਲੋਕਾਂ ਵੱਲੋਂ ਇਸ ਸੜਕ ਨੂੰ ਬਣਾਉਣ ਲਈ ਐਲਾਨ ਕਰਦਿਆਂ ਸਿਆਸੀ ਰੋਟੀਆਂ ਤਾਂ ਸੇਕੀਆਂ। ਉਨ੍ਹਾਂ ਦੇ ਕਾਰਜਕਾਲ ਦੌਰਾਨ ਵੀ ਦੋ ਤਖਤਾਂ ਸਮੇਤ ਅਨੇਕਾਂ ਧਾਰਮਿਕ ਅਸਥਾਨਾਂ ਨੂੰ ਜੋੜਨ ਵਾਲੇ ਇਸ ਮਾਰਗ ਦੀ ਹਾਲਤ ਸੁਧਾਰਨ ਦੇ ਵਾਅਦੇ ਹਵਾ ਹਵਾਈ ਹੀ ਹੁੰਦੇ ਰਹੇ। ਸੰਤਾਂ ਦੀ ਸੇਵਾ ਰੰਗ ਲਿਆਈ ਦਾਨੀ ਵੀਰਾ ਨੇ ਵੀ ਚੰਗੇ ਲੇਖੇ ਲਾਈ ਆਪਣੀ ਕਮਾਈ ਕਾਰ ਸੇਵਾ ਕਿਲਾ ਸ੍ਰੀ ਅਨੰਦਗੜ੍ਹ ਸਾਹਿਬ ਵਾਲੇ ਸੰਤ ਮਹਾਪੁਰਸ਼ ਸੰਤ ਬਾਬਾ ਸੁੱਚਾ ਸਿੰਘ, ਸੰਤ ਬਾਬਾ ਸਤਨਾਮ ਸਿੰਘ ਅਤੇ ਬਾਬਾ ਗੁਰਦੇਵ ਸਿੰਘ ਸ਼ਹੀਦ ਬਾਗ ਸਾਹਿਬ ਵੱਲੋਂ ਜਿਸ ਦਿਨ ਤੋਂ ਇਸ ਸੜਕ ਨੂੰ ਚੌੜੀ ਕਰ ਕੇ ਬਣਾਉਣ ਦਾ ਕਾਰਜ ਆਰੰਭਿਆ ਹੈ। ਉਸ ਦਿਨ ਤੋਂ ਹੀ ਜਿੱਥੇ ਇਸ ਮਾਰਗ ਉਪਰ ਸੰਗਤਾਂ ਦੀ ਆਮਦ ਲਈ ਲੰਗਰ ਲੱਗ ਪਏ ਉਥੇ ਹੀ ਦਾਨੀ ਵੀਰਾਂ ਵੱਲੋਂ ਆਪਣੇ ਟਰੈਕਟਰ-ਟਰਾਲੀਆਂ ਅਤੇ ਹੋਰ ਮਸ਼ੀਨਰੀ ਇਸ ਕਾਰਜ ਨੂੰ ਸਿਰੇ ਚੜ੍ਹਾਉਣ ਵਿਚ ਲਾ ਦਿੱਤੀ ਹੈ। ਵੇਖਦਿਆਂ ਹੀ ਵੇਖਦਿਆਂ ਸੰਤਾਂ ਦੀ ਸੇਵਾ ਅਜਿਹਾ ਰੰਗ ਲਿਆਉਣ ਲੱਗੀ ਕੀ ਅਨੇਕਾਂ ਦਾਨੀ ਵੀਰਾਂ ਵੱਲੋਂ ਆਪਣਾ ਸਹਿਯੋਗ ਦੇਣਾ ਆਰੰਭ ਕਰ ਦਿੱਤਾ ਜਿਸ ਨਾਲ ਸੜਕ ਦਾ ਇਹ ਟੋਟਾ ਜਿੱਥੇ ਮੁਕੰਮਲ ਰਿਪੇਅਰ ਹੋਇਆ ਉਥੇ ਹੀ ਇਸ ਦੀ ਚੌੜਾਈ ਵੱਧ ਜਾਣ ਕਾਰਨ ਸੰਤਾਂ ਨੂੰ ਸਫਲ ਹੋਰ ਵੀ ਸੁਖਾਲਾ ਹੋਇਆ। ਹਲਕਾ ਬਲਾਚੌਰ ਦੇ ਵਿਧਾਇਕਾ ਸੰਤੋਸ਼ ਕਟਾਰੀਆ ਨੇ ਬਾਬਾ ਸਤਨਾਮ ਸਿੰਘ ਅਨੰਦਗੜ੍ਹ ਕਿਲਾ ਦੁਆਰਾ ਚੱਲ ਰਹੀ ਸ਼੍ਰੀ ਅਨੰਦਪੁਰ ਸਾਹਿਬ ਰੋਡ ਦੀ ਕਾਰ ਸੇਵਾ ਦਾ ਜਾਇਜ਼ਾ ਲਿਆ। ਉਨ੍ਹਾਂ ਸੰਤਾਂ ਨਾਲ ਮੁਲਾਕਾਤ ਕਰਦਿਆਂ ਕਾਰ ਸੇਵਾ ਦੀ ਸ਼ਲਾਘਾ ਕੀਤੀ। ਸੰਤ ਮਹਾਪੁਰਸ਼ਾਂ ਨੇ ਆ ਰਹੀਆਂ ਦਿੱਕਤਾਂ ਸਬੰਧੀ ਵਿਧਾਇਕਾ ਨੂੰ ਜਾਣੂ ਕਰਵਾਇਆ। ਵਿਧਾਇਕਾ ਸੰਤੋਸ਼ ਕਟਾਰੀਆ ਨੇ ਵੀ ਸਰਕਾਰ ਦੀ ਤਰਫੋਂ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਿੱਤਾ ਅਤੇ ਆਪਣੇ ਵੱਲੋਂ ਨਿੱਜੀ ਤੌਰ ’ਤੇ 31 ਹਜ਼ਾਰ ਰੁਪਏ ਕਾਰ ਸੇਵਾ ਲਈ ਸੰਤਾਂ ਨੂੰ ਭੇਂਟ ਕੀਤੇ। ਇਸ ਮੌਕੇ ਤੇ ਸੁਖਦੇਵ ਸਿੰਘ ਭੌਰ ਸਾਬਕਾ ਜਨਰਲ ਸਕੱਤਰ ਐੱਸਜੀਪੀਸੀ, ਪਵਨ ਕੁਮਾਰ ਰੀਠੂ ਆਗੂ ਆਪ, ਸੋਨੂੰ ਕੈਨੇਡਾ, ਗੁਰਮੇਲ ਸਿੰਘ ਮੀਲੂ, ਕਮਲ ਕੁਮਾਰ ਲਾਡੀ, ਦਲਜੀਤ ਖੁਰਦਾਂ, ਦਲਜੀਤ ਭਾਰਾਪੁਰੀ, ਨਿਰਮਲ ਨਵਾਂਗਰਾਂ, ਹਰਜਾਪ ਸਿੰਘ ਕਰੀਮਪੁਰ ਚਾਹਵਾਲਾ, ਪ੍ਰਸ਼ਾਸਨਿਕ ਅਧਿਕਾਰੀ, ਕਾਰ ਸੇਵਕ ਅਤੇ ਪਿੰਡ ਵਾਸੀ ਹਾਜ਼ਰ ਸਨ। ਗੜ੍ਹਸ਼ੰਕਰ ਤੋਂ ਸ਼੍ਰੀ ਆਨੰਦਪੁਰ ਸਾਹਿਬ ਤੱਕ ਸੜਕ ਦੀ ਸੇਵਾ ਇੱਕ ਉੱਤਮ ਸੇਵਾ : ਸਤਨਾਮ ਜਲਾਲਪੁਰ ਸ੍ਰੀ ਗੁਰੂ ਤੇਗ ਬਹਾਦਰ ਮਾਰਗ ਸ੍ਰੀ ਅਨੰਦਪੁਰ ਸਾਹਿਬ ਮਾਰਗ ਦੀ ਕਾਰ ਸੇਵਾ ਮੁੱਖ ਸੇਵਾਦਾਰ ਬਾਬਾ ਸੁੱਚਾ ਸਿੰਘ ਤੇ ਸੰਤ ਬਾਬਾ ਸੁਜਾਨ ਸਿੰਘ ਜੀ ਅਗਵਾਈ ਵਿਚ ਪਿਛਲੇ ਕਈ ਦਿਨਾਂ ਤੋਂ ਚੱਲ ਰਹੀ ਹੈ। ਇਸ ਮੌਕੇ ਤੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਸਤਨਾਮ ਜਲਾਲਪੁਰ ਵੱਲੋਂ ਆਪਣੇ ਦਸਾਂ ਨੌਹਾਂ ਦੀ ਕਮਾਈ ਵਿੱਚੋਂ ਕੁਝ ਦਸਬੰਧ ਆਪਣੀ ਨੇਕ ਕਮਾਈ ਵਿੱਚੋਂ ਸੌਪੇਂ। ਬਾਬਾ ਜੀ ਨਾਲ ਸੜਕ ਬਾਰੇ ਵਿਚਾਰ ਵਟਾਂਦਰਾ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਬਾਬਾ ਜੀ ਨੇ ਸੜਕ ਨੂੰ ਚੌੜਾ ਕਰ ਕੇ ਅੰਮ੍ਰਿਤਸਰ ਤੋਂ ਚੱਲਣ ਵਾਲੇ ਸ਼ਰਧਾਲੂਆਂ ਨੂੰ ਸ਼੍ਰੀ ਤਖਤ ਕੇਸਗੜ੍ਹ ਸਾਹਿਬ ਦੇ ਦਰਸ਼ਨ ਕਰਨ ਆਉਣ ਵਾਲੀ ਸੰਗਤ ਨੂੰ ਸੁਖਾਲਾ ਕੀਤਾ ਹੈ। ਇਹ ਮਾਰਗ ਕੇਵਲ ਸਿੱਖ ਧਰਮ ਨੂੰ ਹੀ ਨਹੀਂ ਸਗੋਂ ਅਨੇਕ ਪ੍ਰਕਾਰ ਦੇ ਅਨੇਕਾਂ ਧਰਮਾਂ ਦੇ ਧਾਰਮਿਕ ਸਥਾਨਾਂ ਨੂੰ ਆਪਸ ਵਿੱਚ ਜੋੜਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਾਰੀਆਂ ਨੂੰ ਇਸ ਨੇਕ ਕੰਮ ਵਿਚ ਅੱਗੇ ਆ ਕੇ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਇਸ ਮੌਕੇ ਦਲਜੀਤ ਸਿੰਘ ਖੁਰਦਾ ਅਤੇ ਹੋਰ ਵੀ ਬਹੁਤ ਸਾਰੇ ਸਮਾਜ ਸੇਵੀ ਮੌਜੂਦ ਸਨ। ਸੜਕੀ ਆਵਜਾਈ ਨੂੰ ਸੰਚਾਰੂ ਬਣਾਉਣ ਲਈ ਰੁੱਖਾਂ ’ਤੇ ਰੇਡੀਅਮ ਰੰਗ ਦੀ ਪਰਤ ਚੜ੍ਹਾਈ ਸੰਤ ਬਾਬਾ ਸੁੱਚਾ ਸਿੰਘ ਨੇ ਦੱਸਿਆ ਕਿ ਵਿਸਾਖੀ ਦੇ ਇੱਸ ਪਵਿੱਤਰ ਸਮਾਗਮ ਮੌਕੇ ਇਸ ਮਾਰਗ ਉਪਰ ਵੱਡੀ ਗਿਣਤੀ ਵਿੱਚ ਸੰਗਤਾਂ ਦੀਆਂ ਬੱਸਾਂ, ਕਾਰਾਂ, ਜੀਪਾਂ, ਟੈਂਪੂ, ਟਰੈਕਟਰ-ਟਰਾਲੀਆਂ ਸਮੇਤ ਮੋਟਰਸਾਈਕਲਾਂ ਅਤੇ ਸਕੂਟਰਾਂ ਉਪਰ ਦੂਰ-ਦੁਰਾਡੇ ਤੋਂ ਆਉਂਦੀਆਂ ਜਾਂਦੀਆਂ ਹਨ। ਜਿਸ ਕਾਰਨ ਸੜਕੀ ਆਵਾਜਾਈ ਬਹੁਤ ਹੀ ਜ਼ਿਆਦਾ ਵੱਧ ਚੁੱਕੀ ਹੈ। ਸੜਕੀ ਆਵਾਜਾਈ ਨੂੰ ਹਰ ਜਗ੍ਹਾਂ ਸੰਚਾਰੂ ਤਰੀਕੇ ਨਾਲ ਚਲਾਏ ਜਾਣ ਅਤੇ ਸੜਕੀ ਹਾਦਸਿਆਂ ਤੋਂ ਬਚਾਅ ਲਈ ਸੜਕ ਦੇ ਦੋਨਾਂ ਕਿਨਾਰਿਆਂ ਉਪਰ ਖੜ੍ਹੇ ਰੁੱਖਾਂ ਅਤੇ ਖੰਭਿਆਂ ਉਪਰ ਰੇਡੀਅਮ ਦੀਆਂ ਪੱਟੀਆਂ ਲਾਈਆਂ ਗਈਆਂ ਹਨ। ਜਿਹੜੀਆਂ ਕਿ ਰਾਤ ਵੇਲੇ ਵਾਹਨ ਚਾਲਕਾਂ ਨੂੰ ਇਸ਼ਾਰੇ ਵਜੋਂ ਕੰਮ ਦਿੰਦੀਆਂ ਹਨ। ਜਿਸ ਕਾਰਨ ਇਹ ਪੱਟੀਆਂ ਸੜਕੀ ਹਾਦਸਿਆਂ ਨੂੰ ਘੱਟ ਕਰਨ ਵਿਚ ਕਾਫੀ ਸਹਾਈ ਹੋ ਰਹੀਆਂ ਹਨ। ਸੇਵਾਦਾਰਾ ਵਲੋਂ ਦਿਨ ਰਾਤ ਚਲਾਇਆ ਜਾ ਰਿਹੈ ਅਟੁੱਟ ਲੰਗਰ ਗੜ੍ਹਸ਼ੰਕਰ ਟੂ ਸ੍ਰੀ ਆਨੰਦਪੁਰ ਸਾਹਿਬ ਮਾਰਗ ’ਤੇ ਸਥਿਤ ਹਰੋ ਦਾ ਪੋਹ ਅਸਥਾਨ ਉਪਰ ਕਾਰ ਸੇਵਾ ਵਾਲੇ ਸੰਤਾਂ ਵੱਲੋਂ ਸੇਵਾਦਾਰਾਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਕਰੀਬ ਇੱਕ ਮਹੀਨੇ ਤੋਂ ਹੀ ਲਗਾਤਾਰ ਦਿਨ ਰਾਤ ਅਤੁੱਟ ਲੰਗਰ ਦੀ ਸੇਵਾ ਚਲਾ ਰਹੇ ਹਨ। ਉਨ੍ਹਾਂ ਦੱਸਿਆ ਕਿ ਲੰਗਰ ਵਿਚ ਕੌਫੀ, ਚਾਹ, ਦੁੱਧ, ਪਕੌੜਿਆ ਦਾ ਲੰਗਰ ਛੱਕ ਕੇ ਸੰਗਤਾਂ ਆਪਣੇ ਅਗਲੇ ਪੜਾਅ ਲਈ ਰਵਾਨਾ ਹੁੰਦੀ ਹੈ। ਇਸ ਮੌਕੇ ਸੰਤਾਂ ਨੇ ਦੱਸਿਆ ਕਿ ਸੰਗਤਾਂ ਵੱਲੋਂ ਜਿੱਥੇ ਲੰਗਰ ਵਿਚ ਸਹਿਯੋਗ ਦਿੱਤਾ ਜਾ ਰਿਹਾ ਹੈ ਉਥੇ ਹੀ ਸੜਕ ਦੀ ਕਾਰ ਸੇਵਾ ਦੇ ਲੰਗਰ ਵਿਚ ਵੀ ਵੱਡਾ ਸਹਿਯੋਗ ਪਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸੜਕ ਦੇ ਨਿਰਮਾਣ ਦੀ ਕਾਰਸੇਵਾ ਵਿਚ ਦਾਨੀ ਸੱਜਣ ਹਰ ਤਰ੍ਹਾਂ ਦਾ ਸਹਿਯੋਗ ਦੇ ਰਹੇ ਹਨ। ਜਿਸ ਸਦਕੇ ਹੀ ਹੁਣ ਤੱਕ ਲੱਖਾਂ ਰੁਪਏ ਦਾ ਖਰਚਾ ਕੀਤਾ ਜਾ ਚੁੱਕਿਆ ਹੈ ਅਤੇ ਕਰੋੜਾ ਰੁਪਏ ਦੇ ਹੋਰ ਖਰਚ ਦਾ ਅਨੁਮਾਨ ਹੈ। ਕਾਰ ਸੇਵਾ ਤਹਿਤ ਸਤਲੁੱਜ ਦਰਿਆ ਦੇ 9 ਪੁਲ ਅਤੇ ਵਿੱਦਿਅਕ ਸੰਸਥਾਵਾਂ ਨੂੰ ਦਿੱਤਾ ਸਹਿਯੋਗ ਕਾਰ ਸੇਵਾ ਕਿਲਾ ਸ਼੍ਰੀ ਅਨੰਦਗੜ੍ਹ ਸਾਹਿਬ ਦੇ ਸੰਤ ਬਾਬਾ ਸਤਨਾਮ ਸਿੰਘ ਅਤੇ ਸੰਤ ਬਾਬਾ ਸੁੱਚਾ ਸਿੰਘ ਨੇ ਦੱਸਿਆ ਕਿ ਮਹਾਪੁਰਸ਼ਾ ਦੇ ਦਰਸਾਏ ਮਾਰਗ ਤੇ ਚੱਲਦਿਆਂ ਉਨ੍ਹਾਂ ਦੇ ਟਰੱਸਟ ਵਲੋਂ ਸਤਲੁਜ ਦਰਿਆ ਉਪਰ 9 ਪੁਲ ਬਣਾਏੇ ਹਨ ਅਤੇ 10ਵੇਂ ਪੁਲ ਦੀ ਸੇਵਾ ਚੱਲ ਰਹੀ ਹੈ। ਇਸ ਤੋਂ ਇਲਾਵਾ ਕਈ ਵਿੱਦਿਅਕ ਸੰਸਥਾਵਾਂ ਵਿਚ ਵੀ ਆਪਣੀ ਚੰਗੀ ਭਾਗੀਦਾਰੀ ਨਿਭਾਅ ਚੁੱਕੇ ਹਨ। ਹੁਣ ਇਸ ਕਾਰ ਸੇਵਾ ਤਹਿਤ ਸੰਗਤਾਂ ਦੇ ਸਹਿਯੋਗ ਨਾਲ ਖ਼ਾਲਸੇ ਦੇ ਹੋਲਾ ਮੁਹੱਲਾ ਅਤੇ ਵਿਸਾਖੀ ਸਮਾਗਮ ਨੂੰ ਮੁੱਖ ਰੱਖਦਿਆ ਇਸ ਸੜਕ ਦੇ ਨਿਰਮਾਣ ਨੂੰ ਅੱਗੇ ਤੋਰਿਆ ਹੈ। ਲਗਾਤਾਰ ਟੈਂਕਰਾ ਨਾਲ ਪਾਣੀ ਛਿੜਕਾ ਕੇ ਉੱਡਦੀ ਧੂੜ ਮਿੱਟੀ ਤੋਂ ਦਿੰਦੇ ਹਨ ਰਾਹਤ ਨਵ ਨਿਰਮਾਣ ਕੀਤੀ ਗਈ ਸੜਕ ਦੇ ਦੋਵੇਂ ਪਾਸਿਓਂ ਚੌੜਾਈ ਵਧਾ ਕੇ ਮਿੱਟੀ ਅਤੇ ਗਟਕਾ ਪਾਇਆ ਗਿਆ ਹੈ। ਜਦਕਿ ਇਸ ਦੌਰਾਨ ਵੱਡੀ ਗਿਣਤੀ ਵਿਚ ਕਾਰ ਸੇਵਾ ਨਾਲ ਜੁੜੀ ਸੰਗਤ ਵੱਲੋਂ ਟਰੈਕਟਰ ਪਿੱਛੇ ਪਾਣੀ ਦੇ ਟੈਂਕਰ ਪਾ ਕੇ ਇਸ ਸੜਕ ਦੇ ਦੋਵੇਂ ਪਾਸਿਓਂ ਪਾਣੀ ਦਾ ਲਗਾਤਾਰ ਛਿੜਕਾਅ ਕੀਤਾ ਜਾ ਰਿਹਾ ਹੈ। ਜਿਸ ਕਾਰਨ ਆਉਣ ਜਾਣ ਵਾਲੀ ਸੰਗਤਾਂ ਨੂੰ ਉੱਡਦੀ ਧੂੜ ਮਿੱਟੀ ਤੋਂ ਜਿੱਥੇ ਰਾਹਤ ਮਿਲਦੀ ਹੈ, ਉਥੇ ਹੀ ਵਾਤਾਵਰਨ ਵਿਚ ਵੀ ਅਨੂਕੂਲਤਾ ਮਹਿਸੂਸ ਕੀਤੀ ਜਾਦੀ ਹੈ। ਮੋਬਾਈਲ ਦੀ ਰੇਂਜ ਨਾ ਹੋਣ ਕਾਰਨ ਸੰਗਤਾਂ ਨੂੰ ਆਉਂਦੀਆਂ ਹਨ ਮੁਸ਼ਕਿਲਾਂ ਗੜ੍ਹਸ਼ੰਕਰ ਤੋਂ ਸ਼੍ਰੀ ਆਨੰਦਪੁਰ ਸਾਹਿਬ ਮਾਰਗ ਉਪਰ ਹਰੋ ਦੇ ਪੋਹ ਅਸਥਾਨ ਉਪਰ ਵੱਖ-ਵੱਖ ਕੰਪਨੀਆਂ ਦੇ ਮੋਬਾਈਲ ਫੋਨਾਂ ਦੀ ਰੇਂਜ ਨਾ ਹੋਣ ਕਾਰਨ ਸੰਗਤਾਂ ਅਤੇ ਸੇਵਾਦਾਰਾਂ ਨੂੰ ਆਪਸ ਵਿਚ ਰਾਬਤਾ ਕਾਇਮ ਕਰਨ ਵਿਚ ਕਈ ਤਰ੍ਹਾਂ ਦੀਆਂ ਮੁਸ਼ਕਿਲਾ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਇਸ ਮਾਰਗ ਉਪਰ ਕਿਸੇ ਹਾਦਸੇ ਦੌਰਾਨ ਸੰਗਤਾਂ ਨੂੰ ਕਈ ਪ੍ਰਕਾਰ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸੰਗਤਾਂ ਨੇ ਸਰਕਾਰ ਤੋਂ ਅਪੀਲ ਕੀਤੀ ਕਿ ਇਸ ਅਸਥਾਨ ਉਪਰ ਮੋਬਾਈਲ ਫੋਨਾਂ ਦੀ ਰੇਂਜ ਦਾ ਧਿਆਨ ਵਿਸ਼ੇਸ਼ ਤੌਰ ’ਤੇ ਧਿਆਨ ਰੱਖਿਆ ਜਾਵੇ।

Related Post