
ਪੰਜਾਬੀ ਯੂਨੀਵਰਸਿਟੀ ਦੇ ਬਨਸਪਤੀ ਵਿਗਿਆਨ ਵਿਭਾਗ ਵਿਖੇ ਪੰਜ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਪ੍ਰਦਾਨ ਕੀਤੀ
- by Jasbeer Singh
- April 23, 2025

ਪੰਜਾਬੀ ਯੂਨੀਵਰਸਿਟੀ ਦੇ ਬਨਸਪਤੀ ਵਿਗਿਆਨ ਵਿਭਾਗ ਵਿਖੇ ਪੰਜ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਪ੍ਰਦਾਨ ਕੀਤੀ ਪਟਿਆਲਾ, 23 ਅਪ੍ਰੈਲ 2025 : ਪੰਜਾਬੀ ਯੂਨੀਵਰਸਿਟੀ ਦੇ ਬਨਸਪਤੀ ਵਿਗਿਆਨ ਵਿਭਾਗ ਵੱਲੋਂ ਵਿਭਾਗ ਦੇ ਪੰਜ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦੇਣ ਹਿਤ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ । ਸਮਾਗਮ ਦੌਰਾਨ ਵਿਭਾਗ ਦੇ ਸੇਵਾ ਮੁਕਤ ਪ੍ਰੋ. ਜੋਗਿੰਦਰ ਸਿੰਘ ਦਰਗਨ ਵੱਲੋਂ ’ਗੋਪਾ ਫਾਊਂਡੇਸ਼ਨ’ ਦੇ ਬੈਨਰ ਹੇਠ ਤਿੰਨ ਵਿਦਿਆਰਥੀਆਂ ਨੂੰ 11000 ਰੁਪਏ ਪ੍ਰਤੀ ਵਿਦਿਅਰਥੀ ਦੇ ਹਿਸਾਬ ਨਾਲ਼ ’ਬਰਜਿੰਦਰ ਦਰਗਨ ਮੈਮੋਰੀਅਲ ਸਕਾਲਰਸ਼ਿਪ’ ਪ੍ਰਦਾਨ ਕੀਤੀ ਗਈ। ਇਹ ਸਕਾਲਰਸ਼ਿਪ ਐੱਮ-ਐੱਸ. ਸੀ. ਆਨਰਜ਼ ਬਾਟਨੀ (ਪੰਜ ਸਾਲਾ ਇੰਟੀਗ੍ਰੇਟਿਡ ਕੋਰਸ) ਸੈਸ਼ਨ 2023-2024 ਦੀ ਪ੍ਰੀਖਿਆ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਅਸ਼ੀਸ਼ ਕੁਮਾਰ ਅਤੇ ਐੱਮ-ਐੱਸ. ਸੀ. ਆਨਰਜ਼ ਬਾਟਨੀ (ਦੋ ਸਾਲਾ ਕੋਰਸ) ਸੈਸ਼ਨ 2023-2024 ਦੀ ਪ੍ਰੀਖਿਆ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾਂ ਰੀਤੂ ਸ਼ਰਮਾ ਅਤੇ ਰਮਨਦੀਪ ਕੌਰ ਨੂੰ ਪ੍ਰਦਾਨ ਕੀਤੀ ਗਈ । ਪ੍ਰੋ. ਜੋਗਿੰਦਰ ਸਿੰਘ ਦਰਗਨ ਵੱਲੋਂ ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਆਪਣੀ ਸਵਰਗਵਾਸੀ ਪਤਨੀ ਦੀ ਨਿੱਘੀ ਯਾਦ ਵਿੱਚ ਚਲਾਈ ਜਾ ਰਹੀ ’ਗੋਪਾ ਫਾਊਂਡੇਸ਼ਨ’ ਵੱਲੋਂ ਸਕੂਲ ਪੱਧਰ ਤੋਂ ਲੈ ਕੇ ਯੂਨੀਵਰਸਿਟੀ ਪੱਧਰ ਤੱਕ ਦੇ ਵਿਦਿਆਰਥੀਆਂ ਦੀ ਆਰਥਿਕ ਮਦਦ ਲਈ ਕਈ ਕਦਮ ਚੁੱਕੇ ਜਾ ਰਹੇ ਹਨ । ਇਸੇ ਲੜੀ ਤਹਿਤ ਬਨਸਪਤੀ ਵਿਗਿਆਨ, ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਲਗਾਤਾਰ ਤੀਜੇ ਸਾਲ ਇਹ ਸਕਾਲਰਸ਼ਿਪ ਪ੍ਰਦਾਨ ਕਰਦਿਆਂ ਉਨ੍ਹਾਂ ਨੂੰ ਅਤੇ ਗੋਪਾ ਫਾਊਂਡੇਸ਼ਨ ਨੂੰ ਬੜੀ ਖੁਸ਼ੀ ਅਤੇ ਤਸੱਲੀ ਮਹਿਸੂਸ ਹੋ ਰਹੀ ਹੈ। ਉਨ੍ਹਾਂ ਇਹ ਸਕਾਲਰਸ਼ਿਪ ਭਵਿੱਖ ਵਿਚ ਵੀ ਇਸੇ ਤਰ੍ਹਾਂ ਜਾਰੀ ਰੱਖਣ ਦਾ ਵਾਅਦਾ ਵੀ ਕੀਤਾ । ਸਮਾਗਮ ਦੌਰਾਨ ਪਟਿਆਲਾ ਦੀ ਸਮਾਜ ਸੇਵੀ ਸੰਸਥਾ ਪਬਲਿਕ ਵੈਲਫ਼ੇਅਰ ਸੋਸਾਇਟੀ ਵੱਲੋਂ ਵੀ ਬਨਸਪਤੀ ਵਿਗਿਆਨ ਵਿਭਾਗ ਦੇ ਦੋ ਲੋੜਵੰਦ ਵਿਦਿਆਰਥੀਆਂ, ਹਰਸ਼ੀਆ ਸ਼ਰਮਾ ਅਤੇ ਦੀਆ ਗੋਇਲ ਨੂੰ 21000 ਰੁਪਏ ਪ੍ਰਤੀ ਵਿਦਿਆਰਥੀ ਦੀ ਵਿੱਤੀ ਸਹਾਇਤਾ ਵੀ ਪ੍ਰਦਾਨ ਕੀਤੀ ਗਈ। ਇਸ ਮੌਕੇ ਸੰਸਥਾ ਦੇ ਸਕੱਤਰ ਸੁਰਿੰਦਰ ਕੁਮਾਰ ਨੇ ਪਬਲਿਕ ਵੈਲਫ਼ੇਅਰ ਸੁਸਾਇਟੀ ਵੱਲੋਂ ਸਮਾਜ ਸੇਵਾ ਖਾਸ ਕਰਕੇ ਲੋੜਵੰਦ ਵਿਦਿਆਰਥੀਆਂ ਦੀ ਆਰਥਿਕ ਮਦਦ ਲਈ ਕੀਤੇ ਜਾ ਰਹੇ ਯਤਨਾਂ ਅਤੇ ਪ੍ਰੋਗਰਾਮਾਂ ਦੀ ਤਫਸੀਲ ਸਾਂਝੀ ਕੀਤੀ । ਉਨ੍ਹਾਂ ਕਿਹਾ ਕਿ ਭਵਿੱਖ ਵਿਚ ਵੀ ਇਹ ਵਿੱਤੀ ਮਦਦ ਇਸੇ ਤਰ੍ਹਾਂ ਜਾਰੀ ਰਹੇਗੀ । ਪੰਜਾਬੀ ਯੂਨੀਵਰਸਿਟੀ ਵਿਖੇ ’ਵਿਸ਼ਵ ਧਰਤੀ ਦਿਵਸ’ ਮੌਕੇ ਜਾਗਰੂਕਤਾ ਰੈਲੀ ਕੱਢੀ ਪਟਿਆਲਾ : ਪੰਜਾਬੀ ਯੂਨੀਵਰਸਿਟੀ ਵਿਖੇ ’ਵਿਸ਼ਵ ਧਰਤੀ ਦਿਵਸ’ ਮੌਕੇ ਐੱਨ. ਐੱਸ. ਐੱਸ. ਵਿਭਾਗ ਵੱਲੋਂ ਯੂਨੀਵਰਸਿਟੀ ਦੇ ਸੈਂਟਰ ਫਾਰ ਰੈਸਟੋਰੇਸ਼ਨ ਅਤੇ ਈਕੋਸਿਸਟਮ ਪੰਜਾਬ ਅਤੇ ਇਨਵਾਇਰਨਮੈਂਟ ਸੈੱਲ ਦੇ ਸਹਿਯੋਗ ਨਾਲ਼ ਯੂਨੀਵਰਸਿਟੀ ਕੈਂਪਸ ਵਿੱਚ ਜਾਗਰੂਕਤਾ ਰੈਲੀ ਕੱਢੀ ਗਈ । ਐੱਨ. ਐੱਸ. ਐੱਸ. ਕੋਆਰਡੀਨੇਟਰ ਡਾ. ਅਨਹਦ ਸਿੰਘ ਗਿੱਲ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਜਾਗਰੂਤਾ ਰੈਲੀ ਦਾ ਮੁੱਖ ਉਦੇਸ਼ ਲੋਕਾਈ ਨੂੰ ਧਰਤੀ ਦੀ ਸੁੰਦਰਤਾ ਬਣਾਈ ਰੱਖਣ ਲਈ ਪ੍ਰੇਰਿਤ ਕਰਨਾ ਸੀ । ਡਾ. ਗਿੱਲ ਨੇ ਵਲੰਟੀਅਰਾਂ ਦੇ ਇਸ ਉੱਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਤਰਾਂ ਦੇ ਉਪਰਾਲੇ ਕਰਨੇ ਚਾਹੀਦੇ ਹਨ । ਉਨ੍ਹਾਂ ਕਿਹਾ ਕਿ ਸਾਨੂੰ ਲਗਾਤਾਰ ਕੋਸ਼ਿਸ਼ ਕਰ ਕੇ ਧਰਤੀ ਉੱਤੇ ਪਾਣੀ ਨੂੰ ਬਚਾਉਣਾ ਚਾਹੀਦਾ ਹੈ ਤਾਂ ਕਿ ਭਵਿੱਖ ਵਿੱਚ ਆਉਣ ਵਾਲ਼ੀਆਂ ਪੀੜ੍ਹੀਆਂ ਨੂੰ ਕੋਈ ਖਤਰਾ ਨਾ ਹੋਵੇ ।
Related Post
Popular News
Hot Categories
Subscribe To Our Newsletter
No spam, notifications only about new products, updates.