ਦਸਹਿਰਾ ਮਨਾਉਣ ਲਈ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੀਆਂ ਫੌਜਾਂ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਲਈ ਰਵਾਨਾ
- by Jasbeer Singh
- October 5, 2024
ਦਸਹਿਰਾ ਮਨਾਉਣ ਲਈ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੀਆਂ ਫੌਜਾਂ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਲਈ ਰਵਾਨਾ ਪਟਿਆਲਾ : ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਜਾਰੀ ਇਕ ਪ੍ਰੈਸ ਨੋਟ ਵਿੱਚ ਜਾਣਕਾਰੀ ਦੇਂਦਿਆ ਦਸਿਆ ਕਿ ਨਿਹੰਗ ਸਿੰਘਾਂ ਲਈ ਦੁਸਹਿਰੇ ਦਾ ਖਾਸ ਮਹੱਤਵ ਹੈ। ਸਮੁੱਚੇ ਹੀ ਨਿਹੰਗ ਸਿੰਘ ਦਲਾਂ ਵੱਲੋਂ ਤਖ਼ਤ ਸ੍ਰੀ ਹਜ਼ੂਰ ਸਾਹਿਬ ਅਤੇ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਅਸਥਾਨ ਚਮਕੌਰ ਸਾਹਿਬ ਵਿਖੇ ਦੁਸਹਿਰਾ ਪੁਰਾਤਨ ਖਾਲਸਾਈ ਪਰੰਪਰਾ ਅਨੁਸਾਰ ਮਨਾਇਆ ਜਾਂਦਾ ਹੈ। ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਅਬਿਚਲ ਨਗਰ ਨਾਂਦੇੜ ਵਿਖੇ ਦੁਸਹਿਰਾ ਮਨਾਉਣ ਲਈ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੇ ਦਿਸ਼ਾ ਨਿਰਦੇਸ਼ਾਂ ਵਿੱਚ ਸ੍ਰੀ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਨਿਸ਼ਾਨਚੀਆਂ ਤੇ ਨਗਾਰਚੀਆਂ ਦੀ ਅਗਵਾਈ ਹੇਠ ਗੁਰਦੁਆਰਾ ਬਾਬਾ ਬੰਬਾ ਸਿੰਘ ਬਗੀਚੀ ਵਿਖੇ ਖਾਲਸਾਈ ਜੈਕਾਰਿਆਂ ਦੀ ਗੂੰਜ ਵਿੱਚ ਬੁੱਢਾ ਦਲ ਪੰਥ ਦੇ ਸਿੰਘਾਂ ਨੇ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਨੂੰ ਚਾਲੇ ਪਾਏ। ਚਾਲੇ ਪਾਉਣ ਤੋਂ ਪਹਿਲਾਂ ਰਖਾਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਅਰਦਾਸ ਗੁ: ਬਾਬਾ ਬੰਬਾ ਸਿੰਘ ਦੇ ਮੁਖ ਗ੍ਰੰਥੀ ਬਾਬਾ ਰੇਸ਼ਮ ਸਿੰਘ ਨੇ ਕੀਤੀ। ਇਸ ਸਮੇਂ ਦਿਲਜੀਤ ਸਿੰਘ ਬੇਦੀ ਨੇ ਕਿਹਾ ਕਿ ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਗੁ: ਭਜਨਗੜ੍ਹ ਸਾਹਿਬ ਵਿਖੇ ਪੜਾ ਕਰਨਗੀਆਂ ਅਤੇ ਸੰਗਤਾਂ ਲਈ ਲੰਗਰ ਤੇ ਹੋਰ ਪਦਾਰਥਾਂ ਦੀ ਸੇਵਾ ਹੋਵੇਗੀ। ਉਨ੍ਹਾਂ ਕਿਹਾ 12 ਅਕਤੂਬਰ ਨੂੰ ਦੁਸਹਿਰਾ ਮਨਾਇਆ ਜਾਵੇਗਾ ਤੇ 13 ਅਕਤੂਬਰ ਨੂੰ ਪੂਰੇ ਖਾਲਸਾਈ ਜਾਹੋ ਜਲਾਲ ਨਾਲ ਮਹੱਲਾ ਚੜੇਗਾ, ਜਿਸ ਵਿੱਚ ਸਾਰੀ ਨਿਹੰਗ ਸਿੰਘ ਜਥੇਬੰਦੀਆਂ ਵੱਧ ਚੜ੍ਹ ਕੇ ਹਿੱਸਾ ਲੈਣਗੀਆਂ। ਇਸ ਮੌਕੇ ਬਾਬਾ ਜੱਸਾ ਸਿੰਘ, ਬਾਬਾ ਇੰਦਰ ਸਿੰਘ, ਬਾਬਾ ਬੂਟਾ ਸਿੰਘ ਲੰਬਵਾਲੀ, ਬਾਬਾ ਜੋਗਾ ਸਿੰਘ ਹਨੂੰਮਾਨਗੜ੍ਹ, ਬਾਬਾ ਬਲਵਿੰਦਰ ਸਿੰਘ ਬਿੱਟੂ, ਬਾਬਾ ਗੋਰਾ ਸਿੰਘ, ਬਾਬਾ ਗਗਨਦੀਪ ਸਿੰਘ ਅਤੇ ਬੇਅੰਤ ਨਿਹੰਗ ਸਿੰਘ ਫੌਜਾਂ ਹਾਜ਼ਰ ਸਨ।
Related Post
Popular News
Hot Categories
Subscribe To Our Newsletter
No spam, notifications only about new products, updates.