post

Jasbeer Singh

(Chief Editor)

Punjab

ਪਿੰਡ ਬਚਾਓ ਪੰਜਾਬ ਬਚਾਓ ਵਲੋਂ ਗ੍ਰਾਮ ਸਭਾ ਚੇਤਨਾ ਕਾਫ਼ਲੇ ਦਾ ਸਮਾਪਤੀ ਸਮਾਗਮ ਆਯੋਜਿਤ

post-img

ਪਿੰਡ ਬਚਾਓ ਪੰਜਾਬ ਬਚਾਓ ਵਲੋਂ ਗ੍ਰਾਮ ਸਭਾ ਚੇਤਨਾ ਕਾਫ਼ਲੇ ਦਾ ਸਮਾਪਤੀ ਸਮਾਗਮ ਆਯੋਜਿਤ ਲੁਧਿਆਣਾ : ਪਿੰਡ ਬਚਾਓ ਪੰਜਾਬ ਬਚਾਓ ਵੱਲੋਂ 2 ਸਤੰਬਰ ਨੂੰ ਚੱਪੜਚਿੜੀ ਦੀ ਇਤਿਹਾਸਕ ਧਰਤੀ ਤੋਂ ਚੱਲੇ ਗ੍ਰਾਮ ਸਭਾ ਚੇਤਨਾ ਕਾਫ਼ਲੇ ਦਾ ਸਮਾਪਤੀ ਸਮਾਗਮ 30 ਸਤੰਬਰ, ਦਿਨ ਸੋਮਵਾਰ ਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਪਿੰਡ ਸਰਾਭਾ ਵਿਖੇ ਹੋਇਆ। ਇਹ ਕਾਫ਼ਲਾ ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਪੰਜਾਬ ਦੇ ਪਿੰਡਾਂ ਦੇ ਲੋਕਾਂ ਨੂੰ ਗ੍ਰਾਮ ਸਭਾ ਬਾਰੇ, ਪੰਚਾਇਤੀ ਰਾਜ ਸੰਸਥਾਵਾਂ ਵਿੱਚ ਉਹਨਾਂ ਦੀ ਭੂਮਿਕਾ ਬਾਰੇ ਜਾਗਰੂਕ ਕਰਨ ਲਈ ਚੱਲਿਆ ਸੀ। ਮਹੀਨਾ ਭਰ ਪੰਜਾਬ ਦੇ 23 ਜ਼ਿਲ੍ਹਿਆਂ ਦੇ ਪਿੰਡਾਂ ਵਿੱਚ ਇਸ ਕਾਫ਼ਲੇ ਵੱਲੋਂ ਜਾਗਰੂਕਤਾ ਅਭਿਆਨ ਚਲਾਇਆ ਗਿਆ। ਬੁਲਾਰਿਆਂ ਨੇ ਇਸ ਦੌਰਾਨ ਦੇ ਆਪਣੇ ਅਨੁਭਵ ਵੀ ਸਾਂਝੇ ਕੀਤੇ ਅਤੇ ਪਿੰਡਾਂ ਵਿੱਚ ਏਕੇ ਦਾ ਸੁਨੇਹਾ ਦਿੱਤਾ। ਆਈ ਡੀ ਪੀ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਧਨੇਠਾ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਪਿੰਡਾਂ ਵਿੱਚ ਕੋਈ ਵੀ ਵਿਅਕਤੀ ਨਹੀਂ ਮਿਲਿਆ ਜਿਸਨੇ ਕਿਹਾ ਹੋਵੇ ਕਿ ਮੈਂ ਪੰਚਾਇਤ ਕਾਨੂੰਨ ਜਾਣਦਾ ਹਾਂ ਜਾਂ ਗ੍ਰਾਮ ਸਭਾ ਬਾਰੇ ਜਾਣਦਾ ਹਾਂ। ਉਹਨਾਂ ਕਿਹਾ, “ਪੰਜਾਬ ਵਿੱਚ ਏਸ ਕਦਰ ਵੰਡੀਆਂ ਪੈ ਚੁੱਕੀਆਂ ਹਨ ਕਿ ਸਾਡੀ ਸਿਆਸੀ ਤਾਕਤ ਖ਼ਤਮ ਹੋ ਰਹੀ ਹੈ ਅਤੇ ਇਸੇ ਕਰਕੇ ਕੇਂਦਰ ਸਾਡੇ ਪੱਖ ਦੀਆਂ ਨੀਤੀਆਂ ਨਹੀਂ ਬਣਾ ਰਿਹਾ। ਜੇ ਪੰਜਾਬ ਨੂੰ ਜਗਾਉਣਾ ਹੈ, ਇਸਦੇ ਹਾਲਾਤ ਬਦਲਣੇ ਹਨ ਤਾਂ ਪੰਜਾਬ ਵਿੱਚ ਲਗਾਤਾਰ ਤੁਰਨਾ ਪਵੇਗਾ ਅਤੇ ਗ੍ਰਾਮ ਸਭਾ ਨੂੰ ਸਰਗਰਮ ਕਰਨਾ ਪਵੇਗਾ। ਸੀਨੀਅਰ ਪੱਤਰਕਾਰ ਹਮੀਰ ਸਿੰਘ ਨੇ ਗ੍ਰਾਮ ਸਭਾ ਬਾਰੇ ਇੱਕ ਵਾਰ ਫੇਰ ਤੋਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਦੀ ਗ੍ਰਾਮ ਸਭਾ ਬਣੀ ਬਣਾਈ ਹੁੰਦੀ ਹੈ। “ਹਰ ਵੋਟਰ, 18 ਸਾਲ ਦਾ ਗ੍ਰਾਮ ਸਭਾ ਦਾ ਮੈਂਬਰ ਹੁੰਦਾ ਹੈ। ਪਿੰਡ ਦਾ ਬਜਟ ਬਣਨਾ, ਵਿਕਾਸ ਕਾਰਜ ਸਭ ਦੇ ਫ਼ੈਸਲੇ ਗ੍ਰਾਮ ਸਭਾ ਵਿੱਚ ਹੋਣੇ ਹੁੰਦੇ ਹਨ। ਜੇ ਸਰਪੰਚ ਗ੍ਰਾਮ ਸਭਾ ਦੇ ਇਜਲਾਸ ਨਾ ਸੱਦੇ ਤਾਂ ਉਹ ਸਸਪੈਂਡ ਹੋ ਜਾਂਦਾ ਹੈ ਪਰ ਅੱਜ ਤੱਕ ਕੋਈ ਸਰਪੰਚ ਸਸਪੈਂਡ ਨਹੀਂ ਹੋਇਆ। ਜੇ ਲੋਕ ਚੇਤਨ ਹੋਣ, ਮਿਲ ਕੇ ਬੈਠਣ ਲੱਗਣ ਤਾਂ ਅਫ਼ਸਰ ਅਤੇ ਲੀਡਰ ਦੋਵਾਂ ਨੂੰ ਲੋਕਾਂ ਪ੍ਰਤੀ ਜਵਾਬਦੇਹ ਹੋਣਾ ਪਵੇਗਾ।ਡਾ. ਪਿਆਰੇ ਲਾਲ ਗਰਗ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਪੰਜਾਬ ਬਚਾਉਣ ਦਾ ਸੁਨੇਹਾ ਦਿੱਤਾ। ਪੰਚਾਇਤੀ ਚੋਣਾਂ ਵਿੱਚ ਬੋਲੀਆਂ ਲੱਗਣ ਦੀਆਂ ਖ਼ਬਰਾਂ ਦਾ ਜਿ਼ਕਰ ਕਰਦਿਆਂ ਉਹਨਾਂ ਕਿਹਾ ਕਿ ਜੇ ਆਪਾਂ ਪੰਚਾਇਤਾਂ ਵੇਚਣ ਲੱਗ ਗਏ ਤਾਂ ਪੰਜਾਬ ਨਹੀਂ ਬਚਣਾ।ਸ਼ਹੀਦ ਭਗਤ ਸਿੰਘ ਦੇ ਭਾਣਜੇ ਪ੍ਰੋ ਜਗਮੋਹਨ ਸਿੰਘ ਨੇ ਸ਼ਹੀਦ ਭਗਤ ਸਿੰਘ ਅਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜੀਵਨ ਤੋਂ ਲੋਕਾਂ ਨੂੰ ਸਿੱਖਿਆ ਲੈਣ ਲਈ ਕਿਹਾ। ਉਹਨਾਂ ਕਿਹਾ, “ਸਿਆਸੀ ਜਮਾਤ ਨੇ ਸਾਨੂੰ ਮੰਗਤੇ ਬਣਾ ਦਿੱਤਾ ਹੈ। ਸਵੈ ਵਿਸ਼ਵਾਸ ਓਦੋਂ ਆਏਗਾ ਜੇ ਅਸੀਂ ਇਕੱਠੇ ਹੋਵਾਂਗੇ।ਕਾਫ਼ਲੇ ਦੀ ਅਗਵਾਈ ਕਰ ਰਹੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨੇ ਕਿਹਾ ਕਿ ਇਹ ਮੁਹਿੰਮ ਇੱਥੇ ਹੀ ਖ਼ਤਮ ਨਹੀਂ ਹੋਣ ਲੱਗੀ, ਇਹ ਤਾਂ ਸ਼ੁਰੂਆਤ ਹੈ। ਉਹਨਾਂ ਨੇ ਜਥੇਬੰਦਕ ਹੋ ਕੇ ਪਿੰਡਾਂ ਵਿੱਚ ਗ੍ਰਾਮ ਸਭਾਵਾਂ ਨੂੰ ਸਰਗਰਮ ਕਰਨ ਦੀ ਗੱਲ ਕਹੀ। ਨਾਲ ਹੀ ਉਹਨਾਂ ਨੇ ਪੰਜਾਬ ਦੇ 23 ਜ਼ਿਲ੍ਹਿਆਂ ਦੇ ਪਿੰਡਾਂ ਦੇ ਲੋਕਾਂ ਵੱਲੋਂ ਕਾਫ਼ਲੇ ਨੂੰ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ। ਇਸ ਮੌਕੇ ਪਿੰਡਾਂ ਵਿੱਚ ਏਕਾ ਕਰਨ, ਗ੍ਰਾਮ ਸਭਾ ਨੂੰ ਸਰਗਰਮ ਕਰਨ, ਪੰਚਾਇਤੀ ਚੋਣਾਂ ਧੜੇਬੰਦੀ, ਨਸ਼ੇ ਅਤੇ ਪੈਸਾ ਰਹਿਤ ਕਰਨ, ਪੰਚਾਇਤੀ ਚੋਣਾਂ ਵਿੱਚ ਸਰਬਸੰਮਤੀ ਕਰਨ, ਲੀਡਰਾਂ ਦੀਆਂ ਫੋਟੋਆਂ ਲਾਉਣ ਵਾਲਿਆਂ ਦਾ ਵਿਰੋਧ ਕਰਨ, ਗ੍ਰਾਮ ਸਭਾ ਅਤੇ ਮਨਰੇਗਾ ਨੂੰ ਕਾਨੂੰਨ ਮੁਤਾਬਕ ਲਾਗੂ ਕਰਾਉਣ ਦਾ ਮਤਾ ਪਾਇਆ ਗਿਆ। ਸਮਾਪਤੀ ਸਮਾਗਮ ਮੌਕੇ ਸ. ਕਰਨੈਲ ਸਿੰਘ ਜਖੇਪਲ, ਡਾ. ਖੁਸ਼ਹਾਲ ਸਿੰਘ, ਸ. ਪ੍ਰੀਤਮ ਸਿੰਘ, ਸ. ਫਲਜੀਤ ਸਿੰਘ, ਸ. ਮੇਜਰ ਸਿੰਘ, ਸ. ਕੁਲਬੀਰ ਸਿੰਘ ਮੁਸ਼ਕਾਬਾਦ, ਅਰਸ਼ਦੀਪ ਅਰਸ਼ੀ, ਮਨਪ੍ਰੀਤ ਕੌਰ ਰਾਜਪੁਰਾ, ਪ੍ਰੋ ਬਿਮਲ ਭਨੋਟ, ਹਰਿੰਦਰ ਸਿੰਘ ਮਾਨਸ਼ਾਹੀਆ, ਅਬਦੁਲ ਸਕੂਰ, ਕਰਮਦੀਨ ਰਾਣਵਾਂ, ਸਿਰਾਜ ਅਹਿਮਦ, ਚੁੰਨੀ ਲਾਲ, ਤਰਲੋਚਨ ਸਿੰਘ ਸੂਲਰ, ਕਿਰਨਜੀਤ ਕੌਰ ਝੁਨੀਰ, ਹਰਜਿੰਦਰ ਕੌਰ ਲੋਪੇ, ਅਜਮੇਰ ਅਕਲੀਆ ਸਮੇਤ ਹੋਰਨਾਂ ਨੇ ਸੰਬੋਧਨ ਕੀਤਾ। ਇਸ ਕਾਫ਼ਲੇ ਨੂੰ ਇਨਸਾਫ਼ ਮੰਚ, ਕੇਂਦਰੀ ਸ੍ਰੀ ਗੁਰੂ ਸਿੰਘ ਸਭਾ, ਸੋਸ਼ਲਿਸਟ ਪਾਰਟੀ, ਗਿਆਨ ਵਿਗਿਆਨ ਸੰਮਤੀ ਵੱਲੋਂ ਸਹਿਯੋਗ ਦਿੱਤਾ ਗਿਆ।

Related Post