DECEMBER 9, 2022
Latest update

-ਸਕੂਲ ਆਫ ਐਮੀਨੈਂਸ’ ਸ਼ੁਰੂ ਹੋਣ ਨਾਲ ਪੰਜਾਬ ਦੀ ਸਿੱਖਿਆ ਦਾ ਮਿਆਰ ਬਣੇਗਾ ਵਿਸ਼ਵ ਪੱਧਰੀ

post-img

ਸਿੱਖਿਆ ਦਾ ਮਿਆਰ ਉਚਾ ਚੁੱਕਣ ਲਈ ਪੰਜਾਬ ਸਰਕਾਰ ਵੱਲੋਂ ਬਣਾਏ ਜਾ ਰਹੇ ਸਕੂਲ ਆਫ ਐਮੀਨੈਂਸ ਦੀ ਸੂਚੀ ‘ਚ ਪਟਿਆਲਾ ਸ਼ਹਿਰ ਦਾ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਫੀਲਖਾਨਾ ਦਾ ਨਾਮ ਵੀ ਸ਼ਾਮਲ ਹੈ। ਉਂਜ ਭਾਵੇਂ ਜ਼ਿਲ੍ਹੇ ਦੇ 10 ਸਕੂਲਾਂ ਦੇ ਨਾਮ ਇਸ ਸੂਚੀ ਵਿੱਚ ਸ਼ਾਮਲ ਹਨ, ਪਰੰਤੂ ਫੀਲਖਾਨਾ ਸਕੂਲ ਨੂੰ ਸਕੂਲ ਆਫ ਐਮੀਨੈਂਸ ਦਾ ਦਰਜਾ ਦੇਣ ਨਾਲ ਪਟਿਆਲਾ ਸ਼ਹਿਰ ਦਾ ਨਾਮ ਹੋਰ ਰੋਸ਼ਨ ਹੋਇਆ ਹੈ। ਇਹ ਪ੍ਰਗਟਾਵਾ ਅੱਜ ਇਸ ਸਕੂਲ ਦਾ ਦੌਰਾ ਕਰਨ ਸਮੇਂ ਪਟਿਆਲਾ ਸਹਿਰੀ ਤੋਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕੀਤਾ। ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਪ੍ਰਿਸੀਪਲ ਰਜਨੀਸ਼ ਗੁਪਤਾ ਅਤੇ ਡਿਪਟੀ ਡੀ.ੳ. ਡਾ. ਆਰਪੀ ਸਿੰਘ ਨਾਲ ਚਰਚਾ ਕੀਤੀ ਅਤੇ ਕਿਹਾ ਕਿ ਸਿੱਖਿਆ ਦਾ ਮਿਆਰ ਵਿਸ਼ਵ ਪੱਧਰੀ ਬਣਾਉਣਾ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਦਾ ਮੁੱਖ ਟੀਚਾ ਹੈ, ਜਿਸ ਲਈ ਸੂਬੇ ਦੇ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਸਿੰਘਾਪੁਰ ਅਗਲੇਰੀ ਅਤੇ ਉਚ ਸਿਖਲਾਈ ਲਈ ਭੇਜਿਆ ਜਾ ਰਿਹਾ ਹੈ,ਇਨ੍ਹਾਂ ਵਿੱਚ ਪਟਿਆਲਾ ਜ਼ਿਲ੍ਹੇ ਦੇ ਤਿੰਨ ‌ਪ੍ਰਿੰਸੀਪਲਾਂ ਦਾ ਸ਼ਾਮਲ ਹੋਣਾ ਸਾਡੇ ਲਈ ਹੋਰ ਵੀ ਮਾਣ ਵਾਲੀ ਗੱਲ ਹੈ। ਵਿਧਾਇਕ ਕੋਹਲੀ ਨੇ ਕਿਹਾ ਕਿ ਇਹ ਤਾਂ ਇਕ ਸੁਰੂਆਤ ਹੈ, ਇਸ ਤੋਂ ਅੱਗੇ ਅਜੇ ਹੋਰ ਵੀ ਕਈ ਸਹੂਲਤਾਂ ਦਿੱਤੀਆਂ ਜਾਣੀਆ ਬਾਕੀ ਹਨ, ਜਿਨਾਂ ਰਾਹੀਂ ਸਾਡੇ ਸਕੂਲਾਂ ਦੇ ਬੱਚੇ ਚੰਗੀ ਵਿੱਦਿਆ ਹਾਸਲ ਕਰ ਸਕਣਗੇ। ਵਿਧਾਇਕ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਅਜਿਹੇ ਕੰਮਾਂ ਵੱਲ ਬਿਲਕੁੱਲ ਵੀ ਧਿਆਨ ਨਹੀਂ ਦਿੱਤਾ, ਇਸੇ ਕਰਕੇ ਅੱਜ ਸਾਡਾ ਪੰਜਾਬ ਪਿਛਾਂਹ ਜਾ ਰਿਹਾ ਸੀ। ਅਜੀਤਪਾਲ ਸਿੰਘ ਕੋਹਲੀ ਦਾ ਕਹਿਣਾ ਸੀ ਕਿ ਹੁਣ ਆਮ ਆਦਮੀ ਪਾਰਟੀ ਦੀ ਸੂਬੇ ਵਿੱਚ ਆਈ ਸਰਕਾਰ ਸੂਬੇ ਨੂੰ ਹਰ ਖੇਤਰ ਵਿਚ ਅੱਗੇ ਲਿਜਾਣ ਲਈ ਕੰਮ ਕਰ ਰਹੀ ਹੈ। ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਿੱਖਿਆ ਨੂੰ ਪ੍ਰਣਾਈ ਸੋਚ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸੂਬੇ ਦੇ 23 ਜ਼ਿਲ੍ਹਿਆਂ ਵਿੱਚ ਸਥਾਪਤ ਕੀਤੇ ਜਾ ਰਹੇ 117 ‘ਸਕੂਲ ਆਫ਼ ਐਮੀਨੈਂਸ’ ਹੋਣਹਾਰ ਵਿਦਿਆਰਥੀਆਂ ਦੇ ਰੌਸ਼ਨ ਭਵਿੱਖ ਦੀਆਂ ਸੰਸਥਾਵਾਂ ਵਜੋਂ ਸਿੱਖਿਆ ਖੇਤਰ ਵਿਚ ਨਵਾਂ ਇਨਕਲਾਬ ਲੈ ਕੇ ਆਉਣਗੇ,ਕਿਉਂਕਿ‌ ਇਨ੍ਹਾਂ ਸਕੂਲਾਂ ਦਾ ਉਦੇਸ਼ ਹੋਣਹਾਰ ਅਤੇ ਕਾਬਲ ਵਿਦਿਆਰਥੀਆਂ ਖਾਸ ਕਰਕੇ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਆਪਣੇ ਸੁਪਨੇ ਸਾਕਾਰ ਕਰਨ ਲਈ ਸੇਧ ਅਤੇ ਮੌਕਾ ਦੇਣਾ ਹੈ ਤਾਂ ਕਿ ਇਹ ਵਿਦਿਆਰਥੀ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿੱਚ ਦੇਸ਼ ਦੇ ਬਾਕੀ ਬੱਚਿਆਂ ਨੂੰ ਪਛਾੜ ਕੇ ਚੰਗੇ ਰੈਂਕ ਹਾਸਲ ਕਰ ਸਕਣ। ਵਿਧਾਇਕ ਕੋਹਲੀ ਨੇ ਕਿਹਾ ਕਿ ਇਨ੍ਹਾਂ ਸਕੂਲਾਂ ਨੂੰ ਵਿਦਿਆਰਥੀਆਂ ਦੇ ਛੁਪੇ ਹੋਏ ਹੁਨਰ ਨੂੰ ਤਰਾਸ਼ਣ ਤੇ ਨਿਖਾਰਨ ਵਾਲੀਆਂ ਸੰਸਥਾਵਾਂ ਦੇ ਰੂਪ ਵਿਚ ਵਿਕਸਤ ਕੀਤਾ ਜਾਵੇਗਾ ਤਾਂ ਕਿ ਵਿਦਿਆਰਥੀ ਆਪਣੇ ਮਨਪਸੰਦ ਕਿੱਤੇ ਦੀ ਚੋਣ ਕਰ ਸਕੇ। ਇਸ ਦੌਰਾਨ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਸਕੂਲ ਦੇ ਅਧਿਆਪਕਾਂ ਅਤੇ ‌ਵਿਦਿਆਰਥੀਆਂ ਨਾਲ ਮੁਲਾਕਾਤ ਕਰਕੇ ਸਕੂਲ ਦੀਆਂ ਭਵਿੱਖੀ ਯੋਜਨਾਵਾਂ ਉਪਰ ਚਰਚਾ ਕੀਤੀ ਅਤੇ ਆਪਣੇ ਵੱਲੋਂ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਵਾਅਦਾ ਵੀ ਕੀਤਾ। ਇਸ ਮੌਕੇ ਸਕੂਲ ਵੱਲੋਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਦਾ ਸਨਮਾਨ ਵੀ ਕੀਤਾ ਗਿਆ।

Related Post