March 3, 2024 06:50:51
post

Jasbeer Singh

(Chief Editor)

Latest update

ਇਕ ਹਫਤਾ ਬੀਤਣ ਦੇ ਬਾਵਜੂਦ ਵੀ ਨਹੀਂ ਲਾਇਆ ਕੋਈ ਨਵਾਂ ਕਮਿਸ਼ਨਰ, ਨਿਗਮ ਦੇ ਕੰਮ ਹੋਏ ਠੱਪ

post-img

ਪਟਿਆਲਾ, 10 ਦਸੰਬਰ ( ਜਸਬੀਰ ਜੱਸੀ )-ਪੰਜਾਬ ਸਰਕਾਰ ਨੇ ਪਟਿਆਲਾ ਨਗਰ ਨਿਗਮ ਦੇ ਕਮਿਸ਼ਨਰ ਆਦਿਤਿਆ ਉਪਲ ਦਾ ਤਬਾਦਲਾ ਕਰਕੇ ਉਨ੍ਹਾਂ ਨੂੰ ਜਲੰਧਰ ਨਗਰ ਨਿਗਮ ਦਾ ਕਮਿਸ਼ਨਰ ਨਿਯੁਕਤ ਕਰ ਦਿੱਤਾ ਹੈ ਪਰ ਪਟਿਆਲਾ ਨਗਰ ਨਿਗਮ ਦੀ ਪੋਸਟ ਨਹੀਂ ਭਰੀ। ਲਗਭਗ ਇਕ ਹਫਤੇ ਤੋਂ ਨਗਰ ਨਿਗਮ ਦੇ ਕਰਮਚਾਰੀ ਇਸੇ ਇੰਤਜ਼ਾਰ ਵਿਚ ਹਨ ਕਿ ਨਵਾਂ ਕਮਿਸ਼ਨਰ ਕਦੋਂ ਲੱਗੇਗਾ?  ਆਦਿਤਿਆ ਉਪਲ ਵੀ ਰਿਲੀਵ ਹੋ ਗਏ ਹਨ। ਨਗਰ ਨਿਗਮ ਦੇ ਦੋਨੋ ਜੁਆਇੰਟ ਕਮਿਸ਼ਨਰ ਮੈਡੀਕਲ ਛੁੱਟੀ ’ਤੇ ਹਨ, ਜਿਸ ਕਰਕੇ ਨਗਰ ਨਿਗਮ ਦਾ ਸਮੁੱਚਾ ਕੰਮਕਾਰ ਠੱਪ ਹੋ ਗਿਆ ਹੈ। ਸੈਂਕੜੇ ਫਾਈਲਾਂ ਪੈਂਡਿੰਗ ਪਈਆਂ ਹਨ। ਲੰਘੀ 5 ਦਸੰਬਰ ਨੂੰ ਕਮਿਸ਼ਨਰ ਦਾ ਤਬਾਦਲਾ ਕੀਤਾ ਗਿਆ ਸੀ ਜਦੋਂ ਕਿ ਇਸ ਤੋਂ ਪਹਿਲਾਂ ਜੁਆਇੰਟ ਕਮਿਸ਼ਨਰ ਜਸ਼ਨਪ੍ਰੀਤ ਕੌਰ ਅਤੇ ਆਈ. ਏ. ਐਸ. ਮਨੀਸ਼ਾ ਰਾਣਾ ਛੁੱਟੀ ’ਤੇ ਹਨ। ਪੰਜਾਬ ਮਿਉਂਸਪਲ ਕਾਰਪੋਰੇਸ਼ਨ ਐਕਟ 1976 ਦੇ ਸੈਕਸ਼ਨ 78 ਅਨੁਸਾਰ ਚੈਕ ਸਾਈਨ ਕਰਨ ਦੀਆਂ ਪਾਵਰਾਂ ਕਮਿਸ਼ਨਰ ਕੋਲ ਹੀ ਹੁੰਦੀਆਂ ਹਨ। ਇਸ ਐਕਟ ਦੇ ਤਹਿਤ ਕਮਿਸ਼ਨਰ ਇਹ ਪਾਵਰਾਂ ਖੁੱਦ ਵੀ ਰੱਖ ਸਕਦੇ ਹਨ ਜਾਂ ਨਗਰ ਨਿਗਮ ਦੇ ਕਿਸੇ ਹੋਰ ਅਧਿਕਾਰੀ ਨੂੰ ਪਾਵਰਾਂ ਡੈਲੀਗੇਟ ਕਰ ਸਕਦੇ ਹਨ। ਮੌਜੂਦਾ ਸਮੇਂ ਕਮਿਸ਼ਨਰ ਨੇ ਇਹ ਪਾਵਰਾਂ ਜੁਆਇੰਟ ਕਮਿਸ਼ਨਰ ਜਸ਼ਨਪ੍ਰੀਤ ਕੌਰ ਗਿੱਲ ਨੂੰ ਦਿੱਤੀਆਂ ਹੋਈਆਂ ਸਨ ਪਰ ਉਹ ਵੀ 15 ਦਿਨ ਦੀ ਛੁੱਟੀ ’ਤੇ ਹਨ, ਜਿਸ ਕਰਕੇ ਨਗਰ ਨਿਗਮ ਦੇ ਸਮੁੱਚੇ ਵਿੱਤੀ ਕੰਮ ਰੁਕੇ ਹੋਏ ਹਨ। ਇਸ ਤੋਂ ਇਲਾਵਾ ਕਮਰਸ਼ੀਅਲ ਦੇ ਰਿਹਾਇਸ਼ੀ ਨਕਸ਼ੇ, ਵਿਕਾਸ ਦੇ ਕੰਮ, ਮੁਲਾਜ਼ਮਾਂ ਦੇ ਇੰਕਰੀਮੈਂਟ ਅਤੇ ਹੋਰ ਜ਼ਰੂਰੀ ਕੰਮ ਰੁਕ ਗਏ ਹਨ। ਲੋਕਾਂ ਨੂੰ ਉਮੀਦ ਸੀ ਕਿ ਸ਼ਨੀਵਾਰ ਜਾਂ ਐਤਵਾਰ ਨੂੰ ਆਈ. ਏ. ਐਸ. ਤੇ ਪੀ. ਸੀ. ਐਸ. ਅਧਿਕਾਰੀਆਂ ਦੇ ਤਬਾਦਲੇ ਦੀ ਨਵੀਂ ਲਿਸਟ ਆਵੇਗੀ, ਜਿਸ ਵਿਚ ਪਟਿਆਲਾ ਨਗਰ ਨਿਗਮ ਵਿਚ ਕਮਿਸ਼ਨਰ ਦੀ ਨਿਯੁਕਤੀ ਹੋ ਜਾਵੇਗੀ ਪਰ ਅਜਿਹਾ ਨਹੀਂ ਹੋ ਸਕਿਆ।

ਆਊਟਸੋਰਸ, ਕੰਟਰੈਕਟ ਕਰਮਚਾਰੀਆਂ ਤੋਂ ਇਲਾਵਾ ਕਈ ਬ੍ਰਾਂਚਾਂ ਦੇ ਕਰਮਚਾਰੀਆਂ ਤੇ ਅਧਿਕਾਰੀਆਂ ਨੂੰ ਨਹੀਂ ਮਿਲੀ ਤਨਖਾਹ
ਦਸੰਬਰ ਮਹੀਨੇ ਦੇ 10 ਦਿਨ ਬੀਤ ਚੁੱਕੇ ਹਨ ਪਰ ਅਜੇ ਤੱਕ ਨਗਰ ਨਿਗਮ ਦੇ ਅੱਧੇ ਕਰਮਚਾਰੀਆਂ ਤੇ ਅਧਿਕਾਰੀਆਂ ਨੂੰ ਤਨਖਾਹ ਨਹੀਂ ਮਿਲੀ। ਸੂਤਰਾਂ ਅਨੁਸਾਰ ਆਊਟ ਸੋਰਸ ਅਤੇ ਕੰਟਰੈਕਟ ਕਰਮਚਾਰੀਆਂ, ਏ ਕਲਾਸ ਤੇ ਬੀ ਕਲਾਸ ਦੇ ਜ਼ਿਆਦਾਤਰ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਤਨਖਾਹ ਨਹੀਂ ਮਿਲੀ ਹੈ। ਸਾਬਕਾ ਕਮਿਸ਼ਨਰ ਆਦਿਤਿਆ ਉਪਲ ਚੌਥਾ ਦਰਜਾ ਕਰਮਚਾਰੀਆਂ ਅਤੇ ਕੁੱਝ ਕਲੈਰੀਕਲ ਕਰਮਚਾਰੀਆਂ ਨੂੰ ਤਨਖਾਹ ਰਿਲੀਜ਼ ਕਰ ਗਏ ਸਨ ਪਰ ਬਾਕੀ ਕਰਮਚਾਰੀ ਅਜੇ ਵੀ ਤਨਖਾਹ ਦੀ ਉਡੀਕ ਵਿਚ ਹਨ। ਨਗਰ ਨਿਗਮ ਕਰਮਚਾਰੀਆਂ ਨੂੰ ਉਮੀਦ ਹੈ ਕਿ ਸੋਮਵਾਰ ਨੂੰ ਜੁਆਇੰਟ ਕਮਿਸ਼ਨਰ ਜਸ਼ਨਪ੍ਰੀਤ ਕੌਰ ਗਿੱਲ ਜੁਆਇਨ ਕਰਕੇ ਮੁਲਾਜ਼ਮਾਂ ਦੀਆਂ ਤਨਖਾਹਾਂ ਦੇ ਚੈਕਾਂ ’ਤੇ ਸਾਈਨ ਕਰਨਗੇ ਪਰ ਅਜੇ ਤੱਕ ਇਹ ਸਪਸ਼ਟ ਨਹੀਂ ਹੈ ਕਿ ਜੁਆਇੰਟ ਕਮਿਸ਼ਨਰ ਜੁਆਇਨ ਕਰਨਗੇ ਜਾਂ ਫਿਰ ਆਪਣੀ ਛੁੱਟੀ ਵਧਵਾਉਣਗੇ।

ਪਟਿਆਲਾ ’ਚ ਨਜਾਇਜ਼ ਬਿਲਡਿੰਗਾਂ ’ਤੇ ਕੋਈ ਕਾਰਵਾਈ ਨਹੀਂ!
ਨਗਰ ਨਿਗਮ ਵਿਚ ਕਮਿਸ਼ਨਰ ਅਤੇ ਜੁਆਇੰਟ ਕਮਿਸ਼ਨਰ ਦੀਆਂ ਪੋਸਟਾਂ ਖਾਲੀ ਹੋਣ ਦਾ ਲਾਭ ਧੜੱਲੇ ਨਾਲ ਉਠਾਇਆ ਜਾ ਰਿਹਾ  ਹੈ। ਸ਼ਹਿਰ ਵਿਚ ਜਗ੍ਹਾ ਜਗ੍ਹਾ ’ਤੇ ਨਜਾਇਜ਼ ਬਿਲਡਿੰਗਾਂ ਬਣ ਰਹੀਆਂ ਹਨ। ਸਨੌਰ ਰੋਡ ’ਤੇ ਤਿੰਨ ਦੁਕਾਨਾਂ ਬਣ ਰਹੀਆਂ ਹਨ ਜੋ ਕਿ ਬਿਲਡਿੰਗ ਬਾਏਲਾਜ ਦੀਆਂ ਧੱਜੀਆਂ ਉਡਾ ਕੇ ਬਣਾਈਆਂ ਜਾ ਰਹੀਆਂ ਹਨ। ਨਿਯਮਾਂ ਅਨੁਸਾਰ ਪਾਰਕਿੰਗ ਨਹੀਂ ਛੱਡੀ ਜਾ ਰਹੀ ਅਤੇ ਜਿੰਨਾ ਪਲਾਟ ਹੈ, ਉਸ ਨੂੰ 100 ਫੀਸਦੀ ਕਵਰ ਕਰ ਲਿਆ ਗਿਆ ਹੈ। ਏਰੀਏ ਦੇ ਇੰਸਪੈਕਟਰ ਅੱਖਾਂ ਬੰਦ ਕਰਕੇ ਬੈਠੇ ਹਨ ਜਾਂ ਜਾਣਬੂਝ ਕੇ ਅੱਖਾਂ ਬੰਦ ਕਰ ਲਈਆਂ ਹਨ। ਨਿਗਮ ਵਿਚ ਕੋਈ ਉਚ ਅਧਿਕਾਰੀ ਨਾ ਹੋਣ ਕਾਰਨ ਸਟਾਫ ਮਨਮਰਜੀ ਕਰ ਰਿਹਾ ਹੈ, ਜਿਸ ਕਰਕੇ ਸ਼ਹਿਰ ਵਿਚ ਧੜੱਲੇ ਨਾਲ ਨਜਾਇਜ਼ ਬਿਲਡਿੰਗਾਂ ਬਣ ਰਹੀਆਂ ਹਨ।

ਡੀ. ਸੀ. ਜਾਂ ਗੁਰਪ੍ਰੀਤ ਥਿੰਦ ਨੂੰ ਕਮਿਸ਼ਨਰ ਦਾ ਚਾਰਜ ਦੇਣ ਦੇ ਚਰਚੇ!
ਸੂਤਰਾਂ ਅਨੁਸਾਰ ਜਦੋਂ ਤੱਕ ਰੈਗੂਲਰ ਕਮਿਸ਼ਨਰ ਦੀ ਨਿਯੁਕਤੀ ਨਹੀਂ ਹੁੰਦੀ, ਪਟਿਆਲਾ ਦੇਡਿਪਟੀ ਕਮਿਸ਼ਨਰ ਜਾਂ ਪਟਿਆਲਾ ਡਿਵੈਲਪਮੈਂਟ ਅਥਾਰਟੀ ਦੇ ਚੀਫ ਐਡਮੀਨਿਸ੍ਰੇਟਰ ਗੁਰਪ੍ਰੀਤ ਸਿੰਘ ਥਿੰਦ ਨੂੰ ਨਗਰ ਨਿਗਮ ਦੇ ਕਮਿਸ਼ਨਰ ਦਾ ਚਾਰਜ ਦੇਣ ਦੇ ਚਰਚੇ ਹਨ। ਗੁਰਪ੍ਰੀਤ ਸਿੰਘ ਥਿੰਦ ਾ ਘਰ ਨਗਰ ਨਿਗਮ ਦੇ ਬਿਲਕੁਲ ਨਾਲ ਹੈਅਤੇ ਪਟਿਆਲਾ ਦੇ ਜ਼ਿਆਦਾਤਰ ਵਿਧਾਇਕ ਉਕਤ ਅਧਿਕਾਰੀ ਨੂੰ ਪਸੰਦ ਕਰਦੇ ਹਨ, ਜਿਸ ਕਰਕੇ ਉਨ੍ਹਾਂ ਨੂੰ ਨਿਗਮ ਕਮਿਸ਼ਨਰ ਦਾ ਚਾਰਜ ਮਿਲਣ ਦੀਆਂ ਅਟਕਲਾਂ ਜਾਰੀ ਹਨ। ਇਹ ਵੀ ਪਤਾ ਲੱਗਾ ਹੈ ਕਿ ਨਗਰ ਨਿਗਮ ਦੇ ਸਾਬਕਾ ਜੁਆਇੰਟ ਕਮਿਸ਼ਨਰ ਜੀਵਨਜੋਤ ਕੌਰ ਨੂੰ ਵੀ ਕਮਿਸ਼ਨਰ ਦਾ ਚਾਰਜ ਦਿੱਤਾ ਜਾ ਸਕਦਾ ਹੈ।

Related Post