March 3, 2024 08:19:23
post

Jasbeer Singh

(Chief Editor)

Latest update

ਸ੍ਰੀ ਕਾਲੀ ਮਾਤਾ ਮੰਦਰ ਵਿਖੇ ਬੇਅਦਬੀ ਦੀ ਕੋਸ਼ਿਸ਼ ; ਪੁਜਾਰੀ ਤੇ ਸੇਵਾਦਾਰਾਂ ਨੇ ਮੌਕੇ ’ਤੇ ਦਬੋਚਿਆ

post-img

ਪਟਿਆਲਾ, 12 ਦਸੰਬਰ ( ਜਸਬੀਰ ਜੱਸੀ )-ਸ੍ਰੀ ਕਾਲੀ ਮਾਤਾ ਮੰਦਰ ਵਿਖੇ ਇਕ ਵਾਰ ਫਿਰ ਤੋਂ ਅੱਜ ਬਾਅਦ ਦੁਪਹਿਰ ਬੇਅਦਬੀ ਦੀ ਕੋਸ਼ਿਸ਼ ਕੀਤੀ ਗਈ, ਜਿਥੇ ਨੌਜਵਾਨ ਵਲੋਂ ਮਾਤਾ ਦੀ ਮੂਰਤੀ ਦੀ ਬੇਅਦਬੀ ਦੀ ਮਨਸ਼ਾ ਲੈ ਕੇ ਸਿੰਘਾਸਣ ’ਤੇ ਚੜ੍ਹਨ ਦੀ ਕੋਸ਼ਿਸ਼ ਕੀਤੀ ਗਈ ਪਰ ਮੌਕੇ ’ਤੇ ਪੁਜਾਰੀ ਤੇ ਸੇਵਾਦਾਰਾਂ ਨੇ ਉਸਨੂੰ ਦਬੋਚ ਲਿਆ ਤੇ ਪੁਲਸ ਨੂੰ ਸੂਚਿਤ ਕਰ ਦਿੱਤਾ। ਕੁੱਝ ਮਿੰਟਾਂ ’ਚ ਹੀ ਡੀ. ਐਸ. ਪੀ. ਸਿਟੀ-1 ਸੰਜੀਵ ਸਿੰਗਲਾ ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੁੰਚ ਗਏ ਤੇ ਸੂਚਨਾ ਮਿਲਦਿਆਂ ਹੀ ਖੁਦ ਐਸ. ਐਸ. ਪੀ. ਵਰੁਣ ਸ਼ਰਮਾ, ਐਸ. ਪੀ. ਸਿਟੀ ਮੁਹੰਮਦ ਸਰਫਰਾਜ ਆਲਮ ਅਤੇ ਐਸ. ਡੀ. ਐਮ. ਇਸ਼ਮਤ ਵਿਜੈ ਸਿੰਘ ਵੀ ਮੌਕੇ ’ਤੇ ਪਹੁੰਚ ਗਏ ਤੇ ਨਾਲ ਹੀ ਆਲੇ-ਦੁਆਲੇ ਦੇ ਖੇਤਰਾਂ ਵਿਚ ਪੁਲਸ ਫੋਰਸ ਤੁਰੰਤ ਤਾਇਨਾਤ ਕਰ ਦਿੱਤੀ ਗਈ। ਇਥੇ ਬੇਅਦਬੀ ਕਰਨ ਵਾਲੇ ਦੀ ਪਛਾਣ ਮਨਦੀਪ ਸਿੰਘ ਪੁੱਤਰ ਮੱਘਰ ਸਿੰਘ ਵਜੋਂ ਹੋਈ, ਜਿਸਨੂੰ ਪੁਲਸ ਨੇ ਤੁਰੰਤ ਗਿ੍ਰਫ਼ਤਾਰ ਕਰ ਲਿਆ। ਦੂਜੇ ਪਾਸੇ ਸੂਚਨਾ ਮਿਲਦਿਆਂ ਹੀ ਹਿੰਦੂ ਤਖ਼ਤ ਪ੍ਰਮੁੱਖ ਮਹੰਤ ਬ੍ਰਹਮਾਨੰਦ ਗਿਰੀ ਜੀ, ਹਿੰਦੂ ਸੁਰੱਖਿਆ ਸਮਿਤੀ ਦੇ ਕੌਮੀ ਪ੍ਰਧਾਨ ਰਾਜੇਸ਼ ਕੇਹਰ, ਪੀਠਾਧੀਸ਼ ਵਿਸ਼ਨੂੰ ਦੱਤ ਗਿਰੀ ਜੀ ਸਮੇਤ ਵੱਡੀ ਗਿਣਤੀ ’ਚ ਹਿੰਦੂ ਤਖ਼ਤ ਦੇ ਆਗੂ ਮੌਕੇ ’ਤੇ ਪਹੁੰਚ ਗਏ। ਸਾਰਿਆਂ ਨੇ ਪਹਿਲਾਂ ਇਸ ਸਬੰਧੀ ਪੁਲਸ ਨੂੰ ਸੂਚਿਤ ਕੀਤਾ ਤੇ ਸਾਰਿਆਂ ਨੇ ਐਲਾਨ ਕੀਤਾ ਕਿ ਉਹ ਹਿੰਦੂ ਸਿੱਖ ਏਕਤਾ ਨੂੰ ਤੋੜਨ ਵਾਲਿਆਂ ਦੇ ਸਖ਼ਤ ਖਿਲਾਫ ਹਨ ਪਰ ਉਹ ਇਸ ਘਟਨਾ ਦੀ ਡੂੰਘਾਈ ਨਾਲ ਜਾਂਚ ਚਾਹੁੰਦੇ ਹਨ ਤਾਂ ਕਿ ਇਹ ਬੇਅਦਬੀ ਕਰਨ ਵਾਲੇ ਵਿਅਕਤੀ ਦੀ ਮਨਸ਼ਾ ਦਾ ਪਤਾ ਲੱਗ ਸਕੇ ਤੇ ਇਹ ਵੀ ਪਤਾ ਲੱਗ ਸਕੇ ਕਿ ਆਖਰ ਉਹ ਬੇਅਦਬੀ ਕਿਉ ਕਰਨਾ ਚਾਹੁੰਦਾ ਸੀ। ਹਿੰਦੂ ਆਗੂਆਂ ਨੇ ਪ੍ਰਸ਼ਾਸਨ ਦੀ ਮੁਸਤੈਦੀ ਲਈ ਸ਼ਲਾਘਾ ਵੀ ਕੀਤੀ। ਇਸ ਤੋਂ ਬਾਅਦ ਐਸ. ਐਸ. ਪੀ. ਮੀਡੀਆ ਸਾਹਮਣੇ ਆਏ ਤੇ ਉਨ੍ਹਾਂ ਸਪੱਸ਼ਟ ਕੀਤਾ ਕਿ ਬੇਅਦਬੀ ਦੀ ਕੋਸ਼ਿਸ਼ ਕਰਨ ਵਾਲੇ ਦੇ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਹ ਇਸ ਘਟਨਾ ਦੀ ਤੈਅ ਤੱਕ ਜਾਂਚ ਕਰਨਗੇ ਤਾਂ ਕਿ ਜੇਕਰ ਇਸ ਪਿੱਛੇ ਕੋਈ ਸ਼ਕਤੀ ਕੰਮ ਕਰਦੀ ਹੋਈ ਤਾਂ ਉਸਦੇ ਖਿਲਾਫ਼ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਵਿਅਕਤੀ ਦੇ ਮੋਬਾਇਲ ਫੋਨ ਤੋਂ ਲੈ ਕੇ ਫੇਸਬੁੱਕ ਅਤੇ ਹੋਰ ਸੋਸ਼ਲ ਸਾਈਟਾਂ ਜਿਥੇ ਵੀ ਇਸਦਾ ਸਬੰਧ ਨਜ਼ਰ ਆਵੇਗਾ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਹ ਕਿਸੇ ਵੀ ਕੀਮਤ ’ਤੇ ਪਟਿਆਲਾ ਦਾ ਮਾਹੌਲ ਖਰਾਬ ਨਹੀਂ ਕਰਨ ਦੇਣਗੇ। ਇਸਦੇ ਲਈ ਪਟਿਆਲਾ ਪੁਲਸ ਪੂਰੀ ਤਰ੍ਹਾਂ ਮੁਸਤੈਦ ਹੈ। ਇਥੇ ਦੱਸਣਯੋਗ ਹੈ ਕਿ 2 ਸਾਲ ਪਹਿਲਾਂ ਸ੍ਰੀ ਕਾਲੀ ਮਾਤਾ ਮੰਦਰ ਵਿਖੇ ਬੇਅਦਬੀ ਦੀ ਕੋਸ਼ਿਸ਼ ਕੀਤੀ ਗਈ ਸੀ ਤੇ ਹੁਣ ਫਿਰ ਤੋਂ ਇਥੇ ਗਲਤ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਗਈ। 

Related Post