March 3, 2024 08:35:01
post

Jasbeer Singh

(Chief Editor)

Latest update

ਜ਼ਿਲਾ ਬਾਰ ਐਸੋਸੀਏਸ਼ਨ ਦਾ ਚੋਣ ਮੈਦਾਨ ਭਖਿਆ, ਮੀਟਿੰਗਾਂ ਦਾ ਤੇਜ਼ੀ ਨਾਲ ਚੱਲ ਰਿਹਾ ਦੌਰ

post-img

ਪਟਿਆਲਾ, 12 ਦਸੰਬਰ ( ਜਸਬੀਰ ਜੱਸੀ )-ਜ਼ਿਲਾ ਬਾਰ ਐਸੋਸੀਏਸ਼ਨ ਦੀ ਚੋਣ ਮੈਦਾਨ ਪੂਰੀ ਤਰ੍ਹਾਂ ਭੱਖ ਚੁੱਕਿਆ ਹੈ। ਦੋਹਾਂ ਗਰੁੱਪਾਂ ਵਲੋਂ ਆਪਣਾ ਚੋਣ ਮੈਨੀਫੈਸਟੋ ਜਾਰੀ ਕਰਕੇ ਵੋਟਰਾਂ ਦਾ ਝੁਕਾਅ ਆਪਣੇ ਵੱਲ ਕਰਨ ਦਾ ਯਤਨ ਕੀਤਾ ਗਿਆ ਹੈ। ਬਾਰ ਐਸੋਸੀਏਸ਼ਨ ਦੀਆਂ ਚੋਣਾਂ 15 ਦਸੰਬਰ ਨੂੰ ਹੋਣਗੀਆਂ, ਜਿਸ ’ਚ ਇਸ ਬਾਰ ਟੀਮ ਟਿਵਾਣਾ ਅਤੇ ਟੀਮ ਰਾਕੇਸ਼ ਗੁਪਤਾ ਵਿਚਕਾਰ ਸਿੱਧਾ ਮੁਕਾਬਲਾ ਹੈ। ਦੋਹਾਂ ਧਿਰਾਂ ਵਲੋਂ ਜਾਰੀ ਕੀਤੇ ਗਏ ਮੈਨੀਫੈਸਟੋ ਵਿਚ ਵਧ ਤੋਂ ਵਧ ਵਕੀਲ ਭਾਈਚਾਰੇ ਨੂੰ ਸਹੂਲਤਾਂ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਦੋਵੇਂ ਕੰਪਲੈਕਸਾਂ ਵਿਚ ਪਾਰਕਿੰਗ, ਬਾਰ ਰੂਮ ਨੂੰ ਅਪਗ੍ਰੇਡ ਕਰਨਾ, ਮਿੰਨੀ ਸਕੱਤਰੇਤ ਵਿਖੇ ਜਾਣ ਵਾਲੇ ਵਕੀਲ ਭਾਈਚਾਰੇ ਲਈ ਹੋਰ ਸਹੂਲਤ ਮੁਹੱਈਆ ਕਰਵਾਉਣਾ, ਨਵੇਂ ਵਕੀਲਾਂ ਨੂੰ ਸਿੱਖਿਅਤ ਕਰਨ ਲਈ ਰਿਫਰੈਸ਼ ਕੋਰਸ ਅਤੇ ਉਨ੍ਹਾਂ ਦੀ ਫੀਸ ਦੇ ਸਬੰਧ ਵਿਚ ਦੋਹਾਂ ਗਰੁੱਪਾਂ ਵਲੋਂ ਪ੍ਰਮੁੱਖ ਤੌਰ ’ਤੇ ਵਾਅਦੇ ਕੀਤੇ ਗਏ ਹਨ।
ਟੀਮ ਟਿਵਾਣਾ ਵਲੋਂ ਜਾਰੀ ਮੈਨੀਫੈਸਟੋ ਵਿਚ ਕੀਤੇ ਗਏ ਕੁੱਝ ਪ੍ਰਮੁੱਖ ਵਾਅਦੇ
ਟੀਮ ਟਿਵਾਣਾ ਨੇ ਵਕੀਲ ਭਾਈਚਾਰੇ ਨਾਲ ਵਾਅਦਾ ਕੀਤਾ ਕਿ ਜ਼ਿਲਾ ਬਾਰ ਐਸੋਸੀਏਸ਼ਨ ਦੀ ਵਿੱਤੀ ਹਾਲਤ ਨੂੰ ਹੋਰ ਪਾਰਦਰਸ਼ੀ ਬਣਾਇਆ ਜਾਵੇਗਾ। ਯਾਦਵਿੰਦਰਾ ਲਾਇਰ ਕੰਪਲੈਕਸ ਵਿਚ ਮਲਟੀਲੈਵਲ ਪਾਰਕਿੰਗ ਸਮੇਤ ਦੋਵੇਂ ਕੰਪਲੈਕਸਾਂ ਵਿਚ ਵਕੀਲਾਂ ਦੇ ਵਾਹਨਾਂ ਲਈ ਪਾਰਕਿੰਗ ਨੂੰ ਸਹੀ ਤਰੀਕੇ ਨਾਲ ਕਰਨ ਦਾ ਪ੍ਰਬੰਧ ਕੀਤਾ ਜਾਵੇਗਾ। ਮੌਜੂਦਾ ਬਾਰ ਰੂਮ ਨੂੰ ਅਪਗ੍ਰੇਡ ਕਰਕੇ ਜ਼ਰੂਰਤ ਦੇ ਮੁਤਾਬਕ ਇਨਫ੍ਰਾਸਟਰਚਰ ਲਿਆਂਦਾ ਜਾਵੇਗਾ। ਬਾਰ ਮੈਂਬਰਾਂ ਦੀ ਮੈਂਬਰਸ਼ਿਪ ਅਤੇ ਹੋਰ ਰਿਕਾਰਡ ਨੂੰ ਅਪਡੇਟ ਕੀਤਾ ਜਾਵੇਗਾ। ਵਕੀਲਾਂ ਦੇ ਲਈ ਹਾਊਸਿੰਗ ਸੁਸਾਇਟੀ ਦਾ ਗਠਨ ਕਰਵਾਇਆ ਜਾਵੇਗਾ ਤਾਂ ਕਿ ਉਨ੍ਹਾਂ ਨੂੰ ਸਸਤੇ ਰੇਟ ’ਤੇ ਜ਼ਮੀਨ ਜਾਂ ਫਲੈਟ ਮੁਹੱਈਆ ਕਰਵਾਏ ਜਾ ਸਕਣ। ਪੀਣਯੋਗ ਸਾਫ, ਸੁਥਰੇ ਪਾਣੀ ਦਾ ਪ੍ਰਬੰਧ ਕਰਕੇ ਦੋਵੇਂ ਕੰਪਲੈਕਸਾਂ ਨੂੰ ਸਾਫ਼ ਸੁਥਰਾ ਕੀਤਾ ਜਾਵੇਗਾ। ਗ੍ਰੀਨ ਬੈਲਟ ਨੂੰ ਪ੍ਰਮੋਟ ਕੀਤਾ ਜਾਵੇਗਾ। ਦੋਵੇਂ ਕੰਪਲੈਕਸਾਂ ਵਿਚ ਵਾਈ ਫਾਈ ਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ। ਮਹਾਤਮਾ ਗਾਂਧੀ ਕੰਪਲੈਕਸ ਦੀ ਪਾਰਕਿੰਗ ਵਿਚ ਸੀ. ਸੀ. ਟੀ. ਵੀ. ਕੈਮਰਾ ਤੋਂ ਇਲਾਵਾ ਸਕਿਓਰਿਟੀ ਗਾਰਡ ਦੀ ਤਾਇਨਾਤੀ ਕੀਤੀ ਜਾਵੇਗੀ। ਸੋਲਰ ਪਾਵਰ ਪਲਾਂਟ ਦੇ ਕੰਮ ਨੂੰ ਪੂਰਾ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ ਨਵੇਂ ਵਕੀਲਾਂ ਦਾ ਮੈਡੀਕਲ ਇੰਸ਼ੋਰੈਂਸ ਕਰਵਾਇਆ ਜਾਵੇਗਾ, ਝੂਠੇ ਕਾਨੂੰਨੀ ਪੜਪੰਚਾਂ ਤੋਂ ਬਚਣ ਲਈ ਲੀਗਲ ਵਰਕਸ਼ਾਪ ਲਗਾਈ ਜਾਵੇਗੀ। ਲੇਡੀਜ਼ ਬਾਰ ਰੂਮ ਦੀ ਹੋਰ ਕਾਇਆ ਕਲਪ ਕੀਤੀ ਜਾਵੇਗੀ। ਲਾਇਬ੍ਰੇਰੀ ਨੂੰ ਨਵੇਂ ਸਾਫਟਵੇਅਰ ਦੇ ਨਾਲ ਅਪਡੇਟ ਕੀਤਾ ਜਾਵੇਗਾ। ਇਸ ਤੋਂ ਇਲਾਵਾ ਕੰਪਿਊਟਰ ਰੂਮ ਅਤੇ ਬਾਰ ਰੂਮ ਨੂੰ ਵੀ ਸਹੂਲਤਾਂ ਦਿੱਤੀ ਜਾਣਗੀਆਂ ਆਦਿ ਵਾਅਦੇ ਪ੍ਰਮੁੱਖ ਤੌਰ ’ਤੇ ਸ਼ਾਮਲ ਹਨ।
ਟੀਮ ਰਾਕੇਸ਼ ਗੁਪਤਾ ਵਲੋਂ ਜਾਰੀ ਚੋਣ ਮੈਨੀਫੈਸਟੋ ਦੇ ਕੁੱਝ ਪ੍ਰਮੁੱਖ ਵਾਅਦੇ
ਟੀਮ ਰਾਕੇਸ਼ ਗੁਪਤਾ ਵਲੋਂ ਜਾਰੀ ਮੈਨੀਫੈਸਟੋ ਵਿਚ ਉਨ੍ਹਾਂ ਵਕੀਲ ਭਾਈਚਾਰੇ ਨਾਲ ਵਾਅਦਾ ਕੀਤਾ ਕਿ ਮਹਾਤਮਾ ਗਾਂਧੀ ਕੋਰਟ ਕੰਪਲੈਕਸ ਤੋਂ ਕੋਰਟ ਕੰਪਲੈਕਸ ਨੂੰ ਜਾਣ ਵਾਲੇ ਰਾਹ ਦਾ ਨਿਰਮਾਣ ਕਰਵਾਇਆ ਜਾਵੇਗਾ, ਮਹਾਤਮਾ ਗਾਂਧੀ ਕੰਪਲੈਕਸ ਦੀ ਕੰਟੀਨ ਦੇ ਖਾਣੇ ਦੀ ਕੁਆਲਟੀ ਨੂੰ ਹੋਰ ਵਧੀਆ ਕੀਤਾ ਜਾਵੇਗਾ, ਬਿਲਡਿੰਗ ਦੀ ਰੈਗੂਲਰ ਮੈਨਟੀਨੈਂਸ, ਵਾਸ਼ਰੂਮ, ਇਨਫ੍ਰਾਸਟਰਕਚਰ ਨੂੰ ਹੋਰ ਸਹੀ ਕੀਤਾ ਜਾਵੇਗਾ, ਸ਼ੈਡਾਂ ਦੀ ਰਿਪੇਅਰ ਅਤੇ ਮੈਨਟੀਨੈਂਸ ਨੂੰ ਸ਼ੁਰੂ ਕੀਤਾ ਜਾਵੇਗਾ, ਯਾਦਵਿੰਦਰਾ ਕੰਪਲੈਕਸ ਵਿਚ 2 ਨਵੀਆਂ ਕੰਟੀਨ ਨੂੰ ਸ਼ੁਰੂ ਕੀਤਾ ਜਾਵੇਗਾ। ਜਿਸ ਵਿਚ ਉਨ੍ਹਾਂ ਦੀ ਬਿਲਡਿੰਗ ਵਿਚ ਸੁਧਾਰ ਤੋਂ ਲੈ ਕੇ ਵਾਸ਼ਰੂਮ ਮੁਹੱਈਆ ਕਰਵਾਏ ਜਾਣਗੇ, ਬਿਲਡਿੰਗ ਦੀ ਹਰੇਕ ਮੰਜ਼ਿਲ ’ਤੇ  ਫਾਇਰ ਸੇਫਟੀ ਸਿਸਟਮ ਲਗਵਾਏ ਜਾਣਗੇ, ਨਵੇਂ ਇਨਰੋਲ ਐਡਵੋਕੇਟ ਨੂੰ 3 ਅਸਾਨ ਕਿਸ਼ਤਾਂ ਵਿਚ ਆਪਣੀ ਇਨਰੋਲਮੈਂਟ ਫੀਸ ਦੇਣ ਦੀ ਸਹੂਲਤ ਦਿੱਤੀ ਜਾਵੇਗੀ, ਸ਼ਹਿਰ ਦੇ ਵੱਡੇ ਹਸਪਤਾਲਾਂ ਵਿਚ ਮੁਫ਼ਤ ਮੈਡੀਕਲ ਚੈਕਅਪ ਕੈਂਪ ਦਾ ਆਯੋਜਨ ਕਰਵਾਇਆ ਜਾਵੇਗਾ, ਜਿਸ ਵਿਚ ਵਕੀਲਾਂ ਦੇ ਲਈ ਕਈ ਤਰ੍ਹਾਂ ਦੇ ਵੱਡੇ ਮੈਡੀਕਲ ਟੈਸਟ ਮੁਫ਼ਤ ਕਰਵਾਏ ਜਾਣਗੇ, ਕੋਰਟ ਕੰਪਲੈਕਸ ਵਿਚ ਡਿਸਪੈਂਸਰੀ ਦਾ ਨਿਰਮਾਣ ਕਰਵਾਇਆ ਜਾਵੇਗਾ ਜਿਸ ਵਿਚ ਇਕ ਅਟੈਂਡੈਂਟ ਅਤੇ ਨਰਸ ਦੀ ਤਾਇਨਾਤੀ ਕਰਵਾਈ ਜਾਵੇਗੀ, ਬਾਰ ਡਾਇਰੈਕਟਰੀ ਨੂੰ ਅਪਡੇਟ ਕੀਤਾ ਜਾਵੇਗਾ, ਨਵੇਂ ਵਕੀਲਾਂ ਦੇ ਲਈ ਕਈ ਤਰ੍ਹਾਂ ਦੇ ਟ੍ਰੇਨਿੰਗ ਪ੍ਰੋਗਰਾਮ ਕਰਵਾਏ ਜਾਣਗੇ, ਨਵੇਂ ਵਕੀਲਾਂ ਅਤੇ ਜੂਨੀਅਰ ਵਕੀਲਾਂ ਲਈ ਲਾਇਬ੍ਰੇਰੀ ਦੇ ਪਾਸ ਲਾਕਰਾਂ ਦੀ ਸਹੂਲਤ ਦਿੱਤੀ ਜਾਵੇਗੀ, ਲਾਇਬ੍ਰੇਰੀ ਵਿਚ ਫੋਟੋਸਟੇਟ ਮਸ਼ੀਨ ਵਕੀਲਾਂ ਦੀ ਮਦਦ ਲਈ ਮੁਹੱਈਆ ਕਰਵਾਈ ਜਾਵੇਗੀ, ਬਾਰ ਰੂਮ ਵਿਚ ਡਿਜੀਟਲ ਪ੍ਰਾਜੈਕਟ ਇੰਸਟਾਲ ਕੀਤਾ ਜਾਵੇਗਾ, ਯਾਦਵਿੰਦਰਾ ਕੰਪਲੈਕਸ ਦੇ ਵਕੀਲਾਂ, ਮਹਾਤਮਾ ਗਾਂਧੀ ਕੰਪਲੈਕਸ ਦੇ ਵਕੀਲਾਂ ਅਤੇ ਤਹਿਸੀਲ ਦੇ ਵਕੀਲਾਂ ਵਿਚ ਆਪਸੀ ਤਾਲਮੇਲ ਬਣਾਉਣ ਲਈ ਇਕ ਕੋਆਰਡੀਨੇਸ਼ਨ ਕਮੇਟੀ ਦਾ ਗਠਨ ਕੀਤਾ ਜਾਵੇਗਾ, ਐਡੀਸ਼ਨਲ ਚੈਂਬਰਜ਼ ਦਾ ਨਿਰਮਾਣ ਕਰਵਾਇਆ ਜਾਵੇਗਾ ਅਤੇ ਬਾਰ ਐਸੋ. ਦੇ ਅਕਾਊਂਟਸ ਨੂੰ ਹੋਰ ਪਾਰਦਰਸ਼ੀ ਬਣਾਇਆ ਜਾਵੇਗਾ ਆਦਿ ਵਾਅਦੇ ਪ੍ਰਮੁੱਖ ਤੌਰ ’ਤੇ ਸ਼ਾਮਲ ਸਨ।  

ਇਹ ਉਮੀਦਵਾਰ ਹਨ ਚੋਣ ਮੈਦਾਨ ’ਚ
ਮਨਵੀਰ ਸਿੰਘ ਟਿਵਾਣਾ ਗਰੁੱਪ ਵਲੋਂ ਪ੍ਰਧਾਨਗੀ ਲਈ ਮਨਵੀਰ ਸਿੰਘ ਟਿਵਾਣਾ, ਵਾਈਸ ਪ੍ਰਧਾਨਗੀ ਲਈ ਸਵੀਦੇਵ ਸਿੰਘ ਸੈਂਡੀ ਘੁੰਮਣ, ਜਗਦੀਸ਼ ਸ਼ਰਮਾ ਸਕੱਤਰ, ਜੁਆਇੰਟ ਸੈਕਟਰੀ ਲਈ ਦੀਪਕ ਜਿੰਦਲ, ਕੈਸ਼ੀਅਰ ਲਈ ਗੁਰਜੀਤ ਸਿੰਘ ਬਾਵਾ, ਲਾਇਬ੍ਰੇਰੀਅਨ ਇੰਚਾਰਜ ਲਈ ਮਨਪ੍ਰੀਤ ਚੀਮਾ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ, ਜਦੋਂ ਕਿ ਅਮਨਦੀਪ ਸਿੰਘ, ਗੁਰਪ੍ਰੀਤ ਕੌਰ, ਈਸ਼ ਵਾਲੀਆ, ਕੁਲਵੀਰ ਕੌਰ, ਲਵਪ੍ਰੀਤ ਸਿੰਘ ਦਿਓਲ, ਮਨਦੀਪ ਕੌਰ ਢਿੱਲੋਂ, ਸ਼ਿਵਮ ਸੁਖੇਜਾ ਸੈਮ, ਸੁਪਿੰਦਰ ਸਿੰਘ ਸੋਹੀ, ਵਿਕਾਸ ਸਿੰਘ, ਵਿਸਾਖੀ ਸਿੰਘ ਤੇ ਯਸ਼ਮੀਨ ਉਪਲ ਨੂੰ ਐਗਜ਼ੈਕਟਿਵ ਮੈਂਬਰ ਲਈ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ।
ਦੂਜੇ ਪਾਸੇ ਰਾਕੇਸ਼ ਗੁਪਤਾ ਗਰੁੱਪ ’ਚੋਂ ਪ੍ਰਧਾਨਗੀ ਲਈ ਖੁਦ ਰਾਕੇਸ਼ ਗੁਪਤਾ ਮੈਦਾਨ ’ਚ ਉਤਰੇ ਹਨ। ਇਸੇ ਤਰ੍ਹਾਂ ਅਮਨ ਮਾਥੁਰ ਨੂੰ ਮੀਤ ਪ੍ਰਧਾਨਗੀ ਲਈ ਗੁਪਤਾ ਗਰੁੱਪ ਨੇ ਉਮੀਦਵਾਰ ਬਣਾਇਆ ਹੈ। ਸਕੱਤਰ ਲਈ ਤੇਗਵੀਰ ਸਿੰਘ ਢਿੱਲੋਂ ਚੋਣ ਮੈਦਾਨ ਵਿਚ ਹਨ। ਜੁਆਇੰਟ ਸੈਕਟਰੀ ਲਈ ਹਰਮਿੰਦਰ ਸਿੰਘ ਆਹਲੂਵਾਲੀਆ, ਖਜਾਨਚੀ ਲਈ ਮਨਪ੍ਰੀਤ ਕੌਰ ਅਤੇ ਲਾਇਬ੍ਰੇਰੀਅਨ ਲਈ ਜਸਦੀਪ ਸਿੰਘ ਪਨੂੰ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ। ਗੁਪਤਾ ਗਰੁੱਪ ਵਲੋਂ ਐਗਜ਼ੈਕਟਿਵ ਮੈਂਬਰ ਦੀ ਪੋਸਟ ਲਈ ਅਮਨਦੀਪ ਸੁਨਾਰੀਆ, ਅਰਵਿੰਦ ਪਾਲ, ਹਰਮੀਤ ਕੌਰ ਕਾਹਲੋਂ, ਹਰਪ੍ਰੀਤ ਸਿੰਘ ਬਿਵਲਾਨ, ਜਸਪ੍ਰੀਤ ਕੌਰ, ਜਸਪਾਲ ਸਿੰਘ, ਕਰਨ ਵਰਮਾ, ਮੁਹੰਮਦ ਜਿਬਰਾਨ, ਰਾਮ ਪੁਰੀ, ਰੋਹਿਤ ਕੁਮਾਰ, ਬਿਪੁਲ ਗੁਪਤਾ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ।
1801 ਵੋਟਰ ਕਰਨਗੇ ਆਪਣੀ ਵੋਟ ਦਾ ਇਸਤੇਮਾਲ :
15 ਦਸੰਬਰ ਨੂੰ ਹੋਣ ਵਾਲੀਆਂ ਜ਼ਿਲਾ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਵਿਚ 1801 ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਕੇ ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਕਰਨਗੇ, ਜਿਨ੍ਹਾਂ ਵਿਚ ਇਸ ਵਾਰ ਵੱਡੀ ਗਿਣਤੀ ’ਚ ਨਵੇਂ ਵੋਟਰ ਵੀ ਹਨ ਜੋ ਜ਼ਿਲਾ ਬਾਰ ਐਸੋ. ਦੀਆਂ ਚੋਣਾਂ ਵਿਚ ਭਾਗ ਲੈ ਰਹੇ ਹਨ ਜਦੋਂ ਕਿ ਪੁਰਾਣੇ ਵਕੀਲ ਵੀ ਅਗਲੇ ਇਕ ਸਾਲ ਦੇ ਲਈ ਬਾਰ ਐਸੋਸੀਏਸ਼ਨ ਦੀ ਵਾਗਡੋਰ ਆਪਣੇ ਪਸੰਦੀਦਾ ਉਮੀਦਵਾਰ ਨੂੰ ਸੌਂਪਣ ਲਈ ਵੋਟ ਦਾ ਇਸਤੇਮਾਲ ਕਰਨਗੇ। 

Related Post