March 3, 2024 06:30:14
post

Jasbeer Singh

(Chief Editor)

Latest update

ਵਿਦੇਸ਼ ਜਾਣ ਦੇ ਚਾਹਵਾਨ ਵਿਦਿਆਰਥੀ ਸਾਵਧਾਨ, ਸਟੱਡੀ ਵੀਜ਼ਾ ’ਤੇ ਫਾਈਨਾਂਸਰ ਏ. ਵੀ. ਇੰਝ ਕਰ ਰਿਹੈ ਫਰਾਡ

post-img

ਜਲੰਧਰ –ਬਿਹਾਰ ਦੇ ਨਟਵਰ ਲਾਲ ਵਾਂਗ ਜਲੰਧਰ ਦਾ ਕਥਿਤ ਫਾਈਨਾਂਸਰ ਏ. ਵੀ. ਇਸ ਸਮੇਂ ਖੂਬ ਚਰਚਾ ਵਿਚ ਹੈ। ਇਹ ਜਾਅਲੀ ਫਾਈਨਾਂਸਰ ਕਈ ਵੱਡੇ ਫਾਈਨਾਂਸਰਾਂ ਅਤੇ ਟ੍ਰੈਵਲ ਏਜੰਟਾਂ ਤੋਂ ਕਰੋੜਾਂ ਰੁਪਏ ਠੱਗ ਚੁੱਕਾ ਹੈ, ਜਦਕਿ ਅਜੇ ਵੀ ਇਸ ਦਾ ਗੋਰਖਧੰਦਾ ਸਿਖਰਾਂ ’ਤੇ ਚੱਲ ਰਿਹਾ ਹੈ। ਫਾਈਨਾਂਸਰ ਅਤੇ ਟ੍ਰੈਵਲ ਏਜੰਟ ਤਾਂ ਇਸ ਨੇ ਠੱਗੇ ਹੀ ਹਨ ਪਰ ਇਸ ਦੇ ਨਾਲ-ਨਾਲ ਜਾਅਲੀ ਫਾਈਨਾਂਸਰ ਕਾਰਨ ਕਈ ਸਟੂਡੈਂਟਸ ਦਾ ਭਵਿੱਖ ਖਤਰੇ ਵਿਚ ਪੈ ਚੁੱਕਾ ਹੈ। ਅਜੇ ਵੀ ਫੰਡ ਸ਼ੋਅ ਕਰਨ ਦੇ ਨਾਂ ’ਤੇ ਉਹ ਠੱਗੀਆਂ ਮਾਰ ਕੇ ਸਟੂਡੈਂਟਸ ਦਾ ਕਰੀਅਰ ਖ਼ਤਮ ਕਰਨ ’ਤੇ ਤੁਲਿਆ ਹੋਇਆ ਹੈ ਕਿਉਂਕਿ ਸਟੂਡੈਂਟਸ ਦੇ ਨਾਂ ਦੇ ਬੈਂਕ ਖਾਤੇ ਖੁਲ੍ਹਵਾ ਕੇ ਏ. ਵੀ. ਨਾਂ ਦਾ ਫਾਈਨਾਂਸਰ ਉਸ ਵਿਚ ਲੱਖਾਂ ਰੁਪਏ ਦੀ ਐਂਟਰੀ ਤਾਂ ਕਰਦਾ ਹੈ ਪਰ ਤੁਰੰਤ ਬਾਅਦ ਸਾਰੇ ਪੈਸੇ ਕੱਢ ਲੈਂਦਾ ਹੈ ਅਤੇ ਇਸੇ ਤਰ੍ਹਾਂ ਇਕ ਹੀ ਰਕਮ ਕਈ ਸਟੂਡੈਂਟਸ ਦੇ ਬੈਂਕ ਖਾਤਿਆਂ ਵਿਚ ਘੁਮਾ ਕੇ ਏਜੰਟਾਂ ਤੋਂ ਲੱਖਾਂ ਦਾ ਵਿਆਜ ਲੈ ਕੇ ਆਪਣੀਆਂ ਜੇਬਾਂ ਭਰ ਰਿਹਾ ਹੈ। ਜਾਅਲੀ ਫਾਈਨਾਂਸਰ ਬੈਂਕ ਖਾਤਿਆਂ ’ਚ ਅਕਾਊਂਟ ਓਪਨਿੰਗ ਦੇ ਪੈਸੇ ਤਕ ਨਹੀਂ ਰਹਿਣ ਦਿੰਦਾ।

ਕਿਸੇ ਸਮੇਂ ਆਪਣੇ ਪਿਤਾ ਨਾਲ ਦਾਲਾਂ ਦਾ ਕੰਮ ਕਰਨ ਵਾਲਾ ਜਾਅਲੀ ਫਾਈਨਾਂਸਰ ਏ. ਵੀ. ਪਿਛਲੇ 14 ਸਾਲਾਂ ਤੋਂ ਨਟਵਰ ਲਾਲ ਵਾਂਗ ਕੰਮ ਕਰ ਰਿਹਾ ਹੈ। ਬੱਪੀ ਲਹਿਰੀ ਵਾਂਗ ਸੋਨੇ ਦੀਆਂ ਚੇਨੀਆਂ ਅਤੇ ਅੰਗੂਠੀਆਂ ਪਹਿਨ ਕੇ ਮਹਿੰਗਾਈਆਂ ਗੱਡੀਆਂ ’ਚ ਜਾ ਕੇ ਟ੍ਰੈਵਲ ਏਜੰਟਾਂ ਨੂੰ ਪ੍ਰਭਾਵਿਤ ਕਰਕੇ ਉਹ ਉਨ੍ਹਾਂ ਨੂੰ ਆਪਣਾ ਕਲਾਇੰਟ ਬਣਾਉਂਦਾ ਹੈ। ਜਿਵੇਂ ਹੀ ਏਜੰਟ ਸਟੱਡੀ ਵੀਜ਼ਾ ’ਤੇ ਵਿਦੇਸ਼ ਜਾਣ ਵਾਲੇ ਸਟੂਡੈਂਟਸ ਦੇ ਫੰਡ ਸ਼ੋਅ ਕਰਨ ਦਾ ਕੰਮ ਦਿੰਦਾ ਹੈ ਤਾਂ ਉਹ ਆਪਣੇ ਚੋਣਵੇਂ ਬੈਂਕਾਂ ’ਚ ਉਨ੍ਹਾਂ ਸਟੂਡੈਂਟਸ ਦੇ ਖਾਤੇ ਖੁੱਲ੍ਹਵਾ ਕੇ ਏਜੰਟ ਵੱਲੋਂ ਦੱਸੇ ਗਏ ਫੰਡ ਦੀ ਰਕਮ ਉਸ ਖਾਤੇ ’ਚ ਟਰਾਂਸਫਰ ਕਰਵਾ ਕੇ ਐਂਟਰੀ ਦੀ ਸਟੇਟਮੈਂਟ ਏਜੰਟ ਨੂੰ ਭੇਜ ਕੇ ਇਕ ਮਹੀਨੇ ਦਾ 3 ਫ਼ੀਸਦੀ ਐਡਵਾਂਸ ਵਿਆਜ ਲੈ ਕੇ ਖਾਤੇ ’ਚੋਂ ਪੈਸੇ ਕੱਢ ਕੇ ਦੂਜੇ ਸਟੂਡੈਂਟ ਦੇ ਖਾਤੇ ’ਚ ਟਰਾਂਸਫਰ ਕਰ ਦਿੰਦਾ ਹੈ। ਇਸ ਠੱਗ ਕਾਰਨ ਕਈ ਬੱਚਿਆਂ ਦੇ ਵੀਜ਼ਾ ਰਿਫਿਊਜ਼ ਵੀ ਹੋ ਚੁੱਕੇ ਹਨ ਕਿਉਂਕਿ ਵਿਦੇਸ਼ ਤੋਂ ਫੰਡ ਚੈੱਕ ਕੀਤੇ ਜਾਂਦੇ ਹਨ ਤਾਂ ਖਾਤੇ ਵਿਚ ਕੋਈ ਵੀ ਪੈਸਾ ਨਹੀਂ ਹੁੰਦਾ। ਇਸ ਕਾਰਨ ਨਾਮੀ ਟ੍ਰੈਵਲ ਏਜੰਟ ਇਸ ਤੋਂ ਦਰਕਿਨਾਰ ਵੀ ਹੋ ਚੁੱਕੇ ਹਨ।

ਇਸ ਨਾਲ ਮਿਲੇ ਹੋਏ ਕੁਝ ਬੈਂਕਾਂ ਦੇ ਮੈਨੇਜਰ ਅਤੇ ਹੈੱਡ ਬ੍ਰਾਂਚ ਦੇ ਅਧਿਕਾਰੀਆਂ ਦੀ ਮਦਦ ਨਾਲ ਏ. ਵੀ. ਵੱਲੋਂ ਖੁੱਲ੍ਹਵਾਏ ਖਾਤਿਆਂ ਦੇ ਫੰਡ ਸ਼ੋਅ ਕਰਨ ਲਈ ਕੋਈ ਕਾਲ ਆਉਂਦੀ ਹੈ ਤਾਂ ਆਪਣੀ ਫ਼ੀਸ ਦੇ ਲਾਲਚ ਵਿਚ ਬੈਂਕ ਤੋਂ ਹੀ ਫੰਡ ਹੋਣ ਦੀ ਪੁਸ਼ਟੀ ਕਰ ਦਿੱਤੀ ਜਾਂਦੀ ਹੈ, ਹਾਲਾਂਕਿ ਕੁਝ ਹੀ ਸਮੇਂ ਵਿਚ ਏ. ਵੀ. ਨਾਂ ਦੇ ਜਾਅਲੀ ਫਾਈਨਾਂਸਰ ਦੀ ਮਾਰਕੀਟ ਇੰਨੀ ਖਰਾਬ ਹੋ ਗਈ ਹੈ ਕਿ ਨਾਮੀ ਏਜੰਟਾਂ ਨੇ ਉਸ ਤੋਂ ਕੰਮ ਕਰਵਾਉਣਾ ਬੰਦ ਕਰ ਦਿੱਤਾ ਹੈ। ਹੁਣ ਜੋ ਏਜੰਟ ਉਸ ਤੋਂ ਕੰਮ ਕਰਵਾ ਰਹੇ ਹਨ, ਉਹ ਖੁਦ ਸਟੂਡੈਂਟਸ ਦੇ ਕਰੀਅਰ ਨਾਲ ਖੇਡ ਰਹੇ ਹਨ ਤੇ ਘੱਟ ਵਿਆਜ ਦੇਣ ਦੇ ਲਾਲਚ ’ਚ ਏ. ਵੀ. ਤੋਂ ਖਾਤੇ ਖੁੱਲ੍ਹਵਾ ਕੇ ਫੰਡ ਦੇ ਨਾਂ ’ਤੇ ਫਰਾਡ ਕਰ ਰਹੇ ਹਨ। ਇਸ ਤੋਂ ਕਲੀਅਰ ਹੈ ਕਿ ਜੇਕਰ ਕਿਸੇ ਹੋਰ ਬ੍ਰਾਂਚ ਤੋਂ ਫੰਡ ਚੈੱਕ ਕਰਵਾਏ ਜਾਣ ਤਾਂ ਬੱਚੇ ਦਾ ਵੀਜ਼ਾ ਰਿਫਿਊਜ਼ ਹੋਣਾ ਤੈਅ ਹੈ। ਪੁਲਸ ਜੇਕਰ ਏ. ਵੀ. ਨਾਂ ਦੇ ਇਸ ਫਾਈਨਾਂਸਰ ਨੂੰ ਲੈ ਕੇ ਜਾਂਚ ਕਰੇ ਤਾਂ ਠੱਗੀਆਂ ਮਾਰ ਕੇ ਬਣਾਈ ਗਈ ਪ੍ਰਾਪਰਟੀਜ਼ ਦੇ ਨਾਲ-ਨਾਲ ਕਾਲੀ ਕਮਾਈ ਦੇ ਕਈ ਰਾਜ਼ ਖੁੱਲ੍ਹ ਸਕਦੇ ਹਨ।

ਮੂੰਹ ਵਿਚ ਸੋਨੇ ਦਾ ਦੰਦ ਅਤੇ ਕੱਛ ’ਚ ਠੱਗੀ ਦੀ ਛੁਰੀ ਰੱਖਣ ਵਾਲਾ ਏ. ਵੀ. ਸ਼ਹਿਰ ਦੇ ਇਕ ਵੱਡੇ ਫਾਈਨਾਂਸਰ ਨਾਲ ਵੀ 1.46 ਕਰੋੜ ਰੁਪਏ ਦਾ ਫਰਾਡ ਕਰ ਚੁੱਕਾ ਹੈ। ਉਸ ਫਾਈਨਾਂਸਰ ਨੇ ਸਾਰੇ ਪੈਸੇ ਏ. ਵੀ. ਦੇ ਬੈਂਕ ਖਾਤੇ ’ਚ ਟਰਾਂਸਫਰ ਕਰ ਦਿੱਤੇ ਸਨ। ਟਾਲ-ਮਟੋਲ ਕਰਨ ’ਤੇ ਫਾਈਨਾਂਸਰ ਨੇ ਜਾਅਲੀ ਫਾਈਨਾਂਸਰ ਏ. ਵੀ. ਖ਼ਿਲਾਫ਼ ਪੁਲਸ ਅਧਿਕਾਰੀਆਂ ਨੂੰ ਸ਼ਿਕਾਇਤ ਦਿੱਤੀ ਸੀ, ਜਿਸ ਤੋਂ ਬਾਅਦ ਏ. ਵੀ. ਅਤੇ ਉਸ ਦੇ ਪਿਤਾ ਖ਼ਿਲਾਫ਼ ਕੇਸ ਦਰਜ ਹੋਇਆ ਤਾਂ ਏ. ਵੀ. ਅੰਡਰਗਰਾਊਂਡ ਹੋ ਗਿਆ ਸੀ, ਹਾਲਾਂਕਿ ਹਾਲੇ ਵੀ ਇਹ ਕੇਸ ਮਾਣਯੋਗ ਅਦਾਲਤ ’ਚ ਚੱਲ ਰਿਹਾ ਹੈ ਅਤੇ ਏ. ਵੀ. ਜ਼ਮਾਨਤ ’ਤੇ ਹੈ। ਏ. ਵੀ. ਦਾ ਕੁਝ ਸਮਾਂ ਪਹਿਲਾਂ ਬੱਸ ਸਟੈਂਡ ਨੇੜੇ ਇਕ ਬੈਂਕ ਵਿਚ ਵੀ ਫੰਡ ਨੂੰ ਲੈ ਕੇ ਫਰਾਡ ਖ਼ੁਦ ਏਜੰਟ ਨੇ ਫੜ ਲਿਆ ਸੀ। ਦਰਅਸਲ ਏਜੰਟ ਏ. ਵੀ. ਤੋਂ ਫੰਡ ਦੀ ਸਟੇਟਮੈਂਟ ਮੰਗ ਰਿਹਾ ਸੀ। ਏ. ਵੀ. ਪਹਿਲਾਂ ਤੋਂ ਹੀ ਏਜੰਟ ਨੂੰ ਫੰਡ ਦੀ ਐਂਟਰੀ ਸਲਿਪ ਦੇ ਚੁੱਕਾ ਸੀ ਪਰ ਏਜੰਟ ਨੂੰ ਸ਼ੱਕ ਹੋਇਆ ਤਾਂ ਉਸ ਨੇ ਕੁਝ ਦਿਨ ਬਾਅਦ ਏ. ਵੀ. ਤੋਂ ਫ੍ਰੈਸ਼ ਬੈਂਕ ਖਾਤੇ ਦੀ ਸਟੇਟਮੈਂਟ ਮੰਗ ਲਈ। ਏ. ਵੀ. ਪਹਿਲਾਂ ਤਾਂ ਟਾਲ-ਮਟੋਲ ਕਰਨ ਲੱਗਾ ਪਰ ਬਾਅਦ ਵਿਚ ਏਜੰਟ ਖੁਦ ਹੀ ਬ੍ਰਾਂਚ ਵਿਚ ਚਲਾ ਗਿਆ ਅਤੇ ਬ੍ਰਾਂਚ ਮੈਨੇਜਰ ਨਾਲ ਗੱਲ ਕੀਤੀ। ਉਸ ਨੇ ਜਦੋਂ ਫੰਡ ਦੀ ਐਂਟਰੀ ਸਲਿਪ ਮੈਨੇਜਰ ਨੂੰ ਵਿਖਾਈ ਤਾਂ ਮੈਨੇਜਰ ਆਪਣੇ ਦਸਤਖ਼ਤ ਨੂੰ ਹੀ ਨਾ ਪਛਾਣ ਸਕਿਆ। ਇਸ ਦੌਰਾਨ ਉਥੇ ਹੰਗਾਮਾ ਵੀ ਹੋਇਆ ਸੀ। ਏ. ਵੀ. ਤੋਂ ਫਾਈਨਾਂਸ ਕਰਵਾ ਰਹੇ ਏਜੰਟਾਂ ਦੀ ਗੱਲ ਕਰੀਏ ਤਾਂ ਪੁਲਸ ਉਨ੍ਹਾਂ ਦੀ ਵੀ ਜਾਂਚ ਕਰਵਾਏ ਕਿਉਂਕਿ ਉਸ ਨਾਲ ਜੁੜੇ ਜ਼ਿਆਦਾਤਰ ਏਜੰਟ ਫਰਜ਼ੀਵਾੜਾ ਹੀ ਕਰ ਰਹੇ ਹਨ। ਏ. ਵੀ. ਇੰਨਾ ਬੇਖ਼ੌਫ਼ ਹੋ ਕੇ ਇਹ ਕੰਮ ਕਰ ਰਿਹਾ ਹੈ ਕਿ ਉਸ ਨੇ ਕੁਝ ਬੈਂਕਾਂ ਦੀਆਂ ਮੋਹਰਾਂ ਵੀ ਖ਼ੁਦ ਹੀ ਬਣਾਈਆਂ ਹੋਈਆਂ ਹਨ ਅਤੇ ਬ੍ਰਾਂਚ ਮੈਨੇਜਰਾਂ ਦੇ ਸਾਈਨ ਤਕ ਖ਼ੁਦ ਕਰ ਲੈਂਦਾ ਹੈ।

Related Post