March 3, 2024 16:14:10
post

Jasbeer Singh

(Chief Editor)

Latest update

ਪੰਜਾਬ ਸਰਕਾਰ ਦਾ ਵੱਡਾ ਐਲਾਨ, ਮੁਲਾਜ਼ਮਾਂ ਲਈ ਬਣਾਈ ਨਵੀਂ ਮੁਆਵਜ਼ਾ ਨੀਤੀ

post-img

ਚੰਡੀਗੜ੍ਹ : ਪੰਜਾਬ ਸਰਕਾਰ ਨੇ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਿਡ (ਪੀ. ਐੱਸ. ਪੀ. ਸੀ. ਐੱਲ.) ਦੇ ਸਾਰੇ ਕਰਮਚਾਰੀਆਂ ਲਈ ਨਵੀਂ ਮੁਆਵਜ਼ਾ ਨੀਤੀ ਬਣਾਈ ਹੈ। ਨੀਤੀ ਵਿਚ ਰੈਗੂਲਰ, ਠੇਕਾ ਆਧਾਰਤ ਅਤੇ ਉਪ ਠੇਕਾ ਆਧਾਰਤ ਸਾਰੇ ਕਰਮਚਾਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਨਵੀਂ ਨੀਤੀ ਵਿਚ ਪੀ. ਐੱਸ. ਪੀ. ਸੀ. ਐੱਲ. ਦੇ ਰੈਗੂਲਰ ਕਰਮਚਾਰੀਆਂ ਨੂੰ ਨਾ ਸਿਰਫ ਹਾਦਸੇ ਦੇ ਲਾਭ ਪ੍ਰਾਪਤ ਹੋਣਗੇ ਸਗੋਂ ਉਹ ਐਮਰਜੈਂਸੀ ਦੌਰਾਨ ਤਿੰਨ ਲੱਖ ਤਕ ਦੇ ਡਾਕਟਰੀ ਇਲਾਜ ਲਈ ਐਡਵਾਂਸ ਵੀ ਲੈ ਸਕਣਗੇ। ਇਸ ਦੇ ਪਿੱਛੇ ਦੀ ਕੋਸ਼ਿਸ਼ ਇਹ ਹੈ ਕਿ ਉਨ੍ਹਾਂ ਨੂੰ ਜ਼ਰੂਰੀ ਡਾਕਟਰੀ ਇਲਾਜ ਪ੍ਰਾਪਤ ਕਰਨ ਵਿਚ ਕੋਈ ਵਿੱਤੀ ਮੁਸ਼ਕਲ ਪੇਸ਼ ਨਾ ਆਵੇ। ਸੂਬੇ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੋਇਆ ਹੈ ਕਿ ਪਾਲਸੀ ਵਿਚ ਠੇਕਾ ਮੁਲਾਜ਼ਮਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਬਿਜਲੀ ਮੰਤਰੀ ਹਰਭਜਨ ਸਿੰਘ ਈ. ਟੀ. ਓ. ਨੇ ਦੱਸਿਆ ਕਿ ਨੀਤੀ 8 ਦਸੰਬਰ 2023 ਤੋਂ ਪ੍ਰਭਾਵੀ ਹੈ। ਇਹ ਕੰਮ ਦੌਰਾਨ ਸੰਬੰਧਤ ਹਾਦਸਿਆਂ ਦੇ ਮੱਦੇਨਜ਼ਰ ਕਰਮਚਾਰੀਆਂ ਨੂੰ ਵਿੱਤੀ ਸਹਾਇਤਾ ਮੁਹੱਈਆ ਕਰਨ ਲਈ ਤਿਆਰ ਕੀਤੀ ਗਈ ਹੈ। ਲੋਕਾਂ ਨੂੰ ਬਿਨਾਂ ਕਿਸੇ ਰੁਕਾਵਟ ਤੋਂ ਬਿਜਲੀ ਮੁਹੱਈਆ ਕਰਵਾਉਣ ਲਈ ਸਟਾਫ ਨੂੰ ਕਈ ਤਰ੍ਹਾਂ ਦੇ ਖ਼ਤਰਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ ਸਭ ਨੂੰ ਧਿਆਨ ਵਿਚ ਰੱਖ ਕੇ ਇਹ ਨੀਤੀ ਬਣਾਈ ਗਈ ਹੈ। ਖ਼ਤਰਨਾਕ ਹਾਦਸਿਆਂ ਲਈ ਐਕਸਗ੍ਰੇਸ਼ੀਆ ਸਹਾਇਤਾ 5 ਤੋਂ ਵਧਾ ਕੇ 10 ਲੱਖ ਕਰ ਦਿੱਤੀ ਗਈ ਹੈ। ਇਸ ਨੀਤੀ ਦੀ ਸ਼ੁਰੂਆਤ ਤੋਂ ਪਹਿਲਾਂ ਠੇਕਾ ਆਧਾਰਤ ਅਤੇ ਉਪ ਠੇਕਾ ਆਧਾਰਤ ਸ਼੍ਰੇਣੀਆਂ ਦੇ ਕਾਮਿਆਂ ਨੂੰ ਗੈਰ ਘਾਤਕ ਹਾਦਸਿਆਂ ਦੀ ਸਥਿਤੀ ਵਿਚ ਕੋਈ ਵਿੱਤੀ ਲਾਭ ਨਹੀਂ ਮਿਲਦਾ ਸੀ। ਨਵੀਂ ਨੀਤੀ ਇਸ ਅੰਤਰ ਨੂੰ ਖ਼ਤਮ ਕਰਦੇ ਹੋਏ ਨਿਸ਼ਿਚਤ ਬਣਾਉਂਦੀ ਹੈ ਕਿ 100 ਫੀਸਦੀ ਦਿਵਿਆਂਗਤਾ ਦੀ ਸਥਿਤੀ ਵਿਚ 10 ਲੱਖ ਦੀ ਰਕਮ ਦਾ ਭੁਗਤਾਨ ਕੀਤਾ ਜਾਵੇਗਾ। ਇਸ ਤੋਂ ਇਲਾਵਾ ਵੱਖ-ਵੱਖ ਪੱਧਰ ਦੀ ਦਿਵਿਆਂਗਤਾ ਲਈ ਮੁਆਵਜ਼ਾ ਤੈਅ ਕੀਤਾ ਗਿਆ ਹੈ। ਰੈਗੂਲਰ ਕਰਮਚਾਰੀਆਂ ਲਈ ਖ਼ਤਰਨਾਕ ਹਾਦਸਿਆਂ ਦੇ ਮਾਮਲਿਆਂ ਵਿਚ ਇਸ ਯੋਜਨਾ ਵਿਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।

ਕਰੰਟ ਲੱਗਣ ’ਤੇ ਵੀ ਇਲਾਜ ਲਈ ਮਿਲੇਗਾ ਐਡਵਾਂਸ

ਨਵੀਂ ਨੀਤੀ ਵਿਚ 10 ਲੱਖ ਐਕਸਗ੍ਰੇਸ਼ੀਆ ਭੁਗਤਾਨ, 1 ਲੱਖ ਦਾ ਸਮੂਹਿਕ ਬੀਮਾ ਅਤੇ ਸਰਕਾਰੀ ਨਿਯਮਾਂ ਅਨੁਸਾਰ ਮੈਡੀਕਲ ਬਿੱਲ ਦੀ ਅਦਾਇਗੀ ਦਾ ਪ੍ਰਬੰਧ ਜਾਰੀ ਰੱਖਿਆ ਗਿਆ ਹੈ। ਹਾਲਾਂਕਿ ਹੁਣ ਕਰੰਟ ਲੱਗਣ ਕਾਰਣ ਹਾਦਸੇ ਵਿਚ ਤੁਰੰਤ ਬਾਅਦ ਜ਼ਖਮੀ ਕਰਮਚਾਰੀਆਂ ਨੂੰ ਇਲਾਜ ਲਈ ਮੈਡੀਕਲ ਐਡਵਾਂਸ ਦੀ ਵਿਵਸਥਾ ਹੈ। ਪਹਿਲਾਂ ਅਜਿਹੀ ਕੋਈ ਵਿਵਸਥਾ ਨਹੀਂ ਸੀ। ਸਿੱਧੇ ਤੌਰ ’ਤੇ ਰੱਖੇ ਗਏ ਅਤੇ ਠੇਕੇਦਾਰਾਂ/ਆਊਟਸੋਰਸ ਏਜੰਸੀਆਂ ਵੱਲੋਂ ਰੱਖੇ ਗਏ ਠੇਕੇ ’ਤੇ ਕੰਮ ਕਰਨ ਵਾਲੇ ਕਾਮੇ ਮੁਆਵਜ਼ਾ ਨੀਤੀ ਵਿਚ ਮਹੱਤਵਪੂਰਨ ਸੁਧਾਰਾਂ ਦੀ ਗਵਾਹੀ ਦੇਣਗੇ। ਅਜਿਹੇ ਮਾਮਲਿਆਂ ਵਿਚ ਐਕਸਗ੍ਰੇਸ਼ੀਆ ਰਾਸ਼ੀ 5 ਲੱਖ ਤੋਂ ਵਧਾ ਕੇ 10 ਲੱਖ ਰੁਪਏ ਕੀਤੀ ਗਈ ਹੈ। ਸਮੂਹਿਕ ਬੀਮਾ ਕਵਰੇਜ ਵੀ ਦੁੱਗਣਾ ਹੋ ਕੇ 10 ਲੱਖ ਰੁਪਏ ਹੋ ਗਿਆ ਹੈ। ਇਸ ਤੋਂ ਇਲਾਵਾ ਨਵੀਂ ਪਾਲਿਸੀ ਗਰੁੱਪ ਬੀਮਾ ਦੇ ਨਿਯਮਾਂ ਅਤੇ ਸ਼ਰਤਾਂ ਦੇ ਆਧਾਰ ’ਤੇ ਦਿਵਿਆਂਗਤਾ ਲਾਭਾਂ ਵਿਚ ਐਕਸਗ੍ਰੇਸ਼ੀਆ ਲਈ ਪ੍ਰਬੰਧ ਪੇਸ਼ ਕਰਦੀ ਹੈ।

Related Post