March 3, 2024 06:16:40
post

Jasbeer Singh

(Chief Editor)

Latest update

ਮਾਘੀ ਮੇਲੇ ਮੌਕੇ ਨਾਲ ਆ ਸਕਦੇ ਹਨ ਸੁਖਦੇਵ ਸਿੰਘ ਢੀਂਡਸਾ ਤੇ ਸੁਖਬੀਰ ਸਿੰਘ ਬਾਦਲ

post-img

ਚੰਡੀਗੜ੍ਹ  : ਸ੍ਰੀ ਮੁਕਤਸਰ ਸਾਹਿਬ ਦੀ ਧਰਤੀ ’ਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਮਜ਼ਬੂਤੀ ਮਿਲਣ ਜਾ ਰਹੀ ਹੈ। ਸੂਤਰਾਂ ਅਨੁਸਾਰ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਾਲੀ ਸ਼੍ਰੋਮਣੀ ਅਕਾਲੀ ਦਲ (ਯੂਨਾਈਟਿਡ) 14 ਜਨਵਰੀ ਨੂੰ ਮਾਘੀ ਮੇਲੇ ਮੌਕੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਿਚ ਰਲੇਵੇਂ ਦਾ ਐਲਾਨ ਕਰ ਸਕਦੀ ਹੈ। ਧਿਆਨਯੋਗ ਹੈ ਕਿ 14 ਦਸੰਬਰ ਨੂੰ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਮੁਖੀ ਸੁਖਬੀਰ ਸਿੰਘ ਬਾਦਲ ਨੇ ਸ੍ਰੀ ਅਕਾਲ ਤਖਤ ਸਾਹਿਬ ਕੰਪਲੈਕਸ ਵਿਚ ਬੇਅਦਬੀ ਮਾਮਲੇ ਵਿਚ ‘ਪੰਥ’ ਤੋਂ ਮੁਆਫ਼ੀ ਮੰਗੀ ਸੀ ਅਤੇ ਹੋਰ ਪੰਥਕ ਧਿਰਾਂ ਨੂੰ ਏਕਤਾ ਦੀ ਅਪੀਲ ਕੀਤੀ ਸੀ। ਇਸ ਤੋਂ ਬਾਅਦ 25 ਦਸੰਬਰ ਨੂੰ ਦਿੱਲੀ ਦੇ ਸੀਨੀਅਰ ਅਕਾਲੀ ਆਗੂ ਮਨਜੀਤ ਸਿੰਘ ਜੀ. ਕੇ. ਨੇ ਆਪਣੀ ਜਾਗੋ ਪਾਰਟੀ ਦਾ ਅਕਾਲੀ ਦਲ (ਬਾਦਲ) ਵਿਚ ਰਲੇਵਾਂ ਕਰਨ ਦਾ ਐਲਾਨ ਕੀਤਾ ਸੀ। ਇਸ ਤੋਂ ਅਗਲੇ ਹੀ ਦਿਨ 26 ਦਸੰਬਰ ਨੂੰ ਸੁਖਦੇਵ ਸਿੰਘ ਢੀਂਡਸਾ ਨੇ ਅਕਾਲੀ ਦਲ ਬਾਦਲ ਬਾਰੇ ਪਾਰਟੀ ਵਰਕਰਾਂ ਦੀ ਰਾਏ ਇਕੱਠੀ ਕਰਨ ਲਈ 5 ਮੈਂਬਰੀ ਕਮੇਟੀ ਦਾ ਗਠਨ ਕੀਤਾ ਸੀ। ਇਸ ਕਮੇਟੀ ਦੀ ਮੀਟਿੰਗ ਹੋ ਚੁੱਕੀ ਹੈ ਜਦੋਂਕਿ ਹੁਣ ਪੰਜਾਬ ਭਰ ਦੇ ਵਰਕਰਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ, ਜਿਸ ਵਿਚ ਅਕਾਲੀ ਦਲ (ਬਾਦਲ) ਨਾਲ ਜੁੜਨ ਬਾਰੇ ਉਨ੍ਹਾਂ ਦੀ ਸਲਾਹ ਲਈ ਜਾ ਰਹੀ ਹੈ। ਕਮੇਟੀ ਨੇ 10 ਜਨਵਰੀ ਤੱਕ ਆਪਣੀ ਰਿਪੋਰਟ ਸੌਂਪਣੀ ਹੈ ਜਦਕਿ ਠੀਕ 4 ਦਿਨਾਂ ਬਾਅਦ ਮਾਘੀ ਮੇਲੇ ’ਤੇ ਮੁਕਤਸਰ ਵਿਚ ਅਕਾਲੀ ਦਲ (ਬਾਦਲ) ਦੀ ਸਿਆਸੀ ਕਾਨਫਰੰਸ ਹੋਣੀ ਹੈ। ਇਸ ਮੌਕੇ ਸੁਖਦੇਵ ਸਿੰਘ ਢੀਂਡਸਾ ਅਤੇ ਸੁਖਬੀਰ ਬਾਦਲ ਇਕੱਠੇ ਆ ਸਕਦੇ ਹਨ। ਢੀਂਡਸਾ ਦੇ ਕਰੀਬੀ ਇਕ ਅਕਾਲੀ ਆਗੂ ਨੇ ਕਿਹਾ ਕਿ ਪਾਰਟੀ ਦੇ ਬਹੁਤੇ ਆਗੂ ਸੂਬੇ ਦੇ ਮੌਜੂਦਾ ਸਿਆਸੀ ਹਾਲਾਤ ਨੂੰ ਦੇਖਦਿਆਂ ਸੁਖਬੀਰ ਦੀ ਪਾਰਟੀ ਨਾਲ ਜਾਣਾ ਚਾਹੁੰਦੇ ਹਨ। 

Related Post