March 3, 2024 07:28:26
post

Jasbeer Singh

(Chief Editor)

Latest update

ਪਰੇਡ ’ਚੋਂ ਬਾਹਰ ਕੱਢੀਆਂ ਝਾਕੀਆਂ ’ਤੇ ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਮੁੱਖ ਮੰਤਰੀ ਮਾਨ ਨੇ ਕੱਢ ਲਿਆ ਹੱਲ

post-img

ਚੰਡੀਗੜ੍ਹ : ਕੇਂਦਰ ਸਰਕਾਰ ਵੱਲੋਂ ਗਣਤੰਤਰ ਦਿਵਸ ਪਰੇਡ ’ਚੋਂ ਆਊਟ ਕੀਤੀ ਪੰਜਾਬ ਦੀ ਝਾਕੀ ਆਗਾਮੀ ਲੋਕ ਸਭਾ ਚੋਣਾਂ ਤੱਕ ਸੂਬੇ ਦੇ ਹਰ ਗਲੀ-ਮੁਹੱਲੇ ਵਿਚ ਜਾਵੇਗੀ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਫ਼ੈਸਲਾ ਕੀਤਾ ਹੈ ਕਿ 26 ਜਨਵਰੀ ਤੋਂ ਕੇਂਦਰੀ ਵਿਤਕਰੇ ਦੀ ਮੂੰਹ ਬੋਲਦੀ ਤਸਵੀਰ ਸੂਬੇ ਦੇ ਲੋਕਾਂ ਦੇ ਸਨਮੁੱਖ ਰੱਖੀ ਜਾਵੇਗੀ। ਮੁੱਢਲੇ ਪੜਾਅ ’ਤੇ 9 ਝਾਕੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ ਅਤੇ 26 ਜਨਵਰੀ ਮਗਰੋਂ ਇਨ੍ਹਾਂ ਦੀ ਗਿਣਤੀ ’ਚ ਲਗਾਤਾਰ ਇਜ਼ਾਫਾ ਹੋਵੇਗਾ। ਵੇਰਵਿਆਂ ਅਨੁਸਾਰ ‘ਆਪ’ ਸਰਕਾਰ ਨੇ ਬਕਾਇਦਾ ਟਰੈਕਟਰ ਤਿਆਰ ਕੀਤੇ ਹਨ ਜਿਨ੍ਹਾਂ ’ਤੇ ਝਾਕੀ ਸਜਾਈ ਜਾਵੇਗੀ। ਪੰਜਾਬ ਦੇ ਹਰ ਵਿਧਾਨ ਸਭਾ ਹਲਕੇ ਦੇ ਹਰ ਪਿੰਡ ਤੱਕ ਇਹ ਝਾਕੀ ਲਿਜਾਈ ਜਾਣੀ ਹੈ। ਇਕ ਅਹਿਮ ਅਧਿਕਾਰੀ ਨੇ ਦੱਸਿਆ ਕਿ ਝਾਕੀ ਪਿੰਡਾਂ ਵਿਚ ਲਿਜਾਣ ਦਾ ਇੱਕੋ ਮਕਸਦ ਹੈ ਕਿ ਪੰਜਾਬੀਆਂ ਨੂੰ ਦੱਸਿਆ ਜਾ ਸਕੇ ਕਿ ਕੇਂਦਰ ਸਰਕਾਰ ਨੇ ਆਜ਼ਾਦੀ ਲਈ ਜਾਨਾਂ ਵਾਰਨ ਵਾਲਿਆਂ ਨੂੰ ਸ਼ਹੀਦ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਸਰਕਾਰ ਨਾਲੋਂ-ਨਾਲ ਆਡੀਓ ਵੀ ਤਿਆਰ ਕਰ ਰਹੀ ਹੈ। ਹਰ ਪਿੰਡ ਵਿਚ ਝਾਕੀ ਦਾ 10 ਤੋਂ 15 ਮਿੰਟ ਦਾ ਠਹਿਰਾਓ ਹੋਵੇਗਾ। ਮੁੱਖ ਮੰਤਰੀ ਨੇ 27 ਦਸੰਬਰ ਨੂੰ ਕਿਹਾ ਸੀ ਕਿ ਭਾਰਤ ਸਰਕਾਰ ਨੇ ਪੰਜਾਬ ਦੀ ਝਾਕੀ ਨੂੰ ਕੌਮੀ ਪਰੇਡ ’ਚੋਂ ਬਾਹਰ ਕਰ ਦਿੱਤਾ ਹੈ। ਉਸ ਮਗਰੋਂ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਤਰਕ ਦਿੱਤਾ ਸੀ ਕਿ ਝਾਕੀ ’ਤੇ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਦੀ ਤਸਵੀਰ ਹੋਣ ਕਰਕੇ ਰੱਦ ਹੋਈ ਹੈ। ਉਸ ਮਗਰੋਂ ਕੇਂਦਰੀ ਰੱਖਿਆ ਮੰਤਰਾਲੇ ਦੇ ਹਵਾਲੇ ਨਾਲ ਮੁੱਖ ਮੰਤਰੀ ਨੇ ਮੋੜਵਾਂ ਵਾਰ ਕੀਤਾ ਸੀ ਕਿ ਜਾਖੜ ਦਾ ਝੂਠ ਨੰਗਾ ਹੋ ਗਿਆ ਹੈ। ਸੂਤਰਾਂ ਅਨੁਸਾਰ ਲੋਕ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਇਸ ਝਾਕੀ ਨੂੰ ਰੋਡ ਸ਼ੋਅ’ਜ਼ ਦਾ ਹਿੱਸਾ ਵੀ ਬਣਾਇਆ ਜਾਵੇਗਾ। ਹਰ ਜ਼ਿਲ੍ਹੇ ਵਿਚ ਡਿਪਟੀ ਕਮਿਸ਼ਨਰ ਅਤੇ ਹਲਕਾ ਵਿਧਾਇਕ ਦੇ ਮਸ਼ਵਰੇ ਨਾਲ ਪਿੰਡਾਂ ਤੇ ਸ਼ਹਿਰਾਂ ਵਿਚ ਝਾਕੀ ਲਿਜਾਣ ਦਾ ਰੂਟ ਪਲਾਨ ਤਿਆਰ ਕੀਤਾ ਜਾਵੇਗਾ। ਸਿਆਸੀ ਹਲਕਿਆਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਇਸ ਝਾਕੀ ਨੂੰ ਰੱਦ ਕੀਤੇ ਜਾਣ ਦਾ ਸਿਆਸੀ ਲਾਹਾ ਚੋਣਾਂ ਵਿਚ ਖੱਟਣਾ ਚਾਹੁੰਦੀ ਹੈ। ਇਹ ਵੀ ਪਤਾ ਲੱਗਾ ਹੈ ਕਿ ਇਕ ਝਾਕੀ ਦਿੱਲੀ ਵਿਖੇ ਪੰਜਾਬ ਭਵਨ ਵਿਚ ਸੁਸ਼ੋਭਿਤ ਕੀਤੀ ਜਾਵੇਗੀ। ਦਿੱਲੀ ਦੇ ‘ਆਪ’ ਵਿਧਾਇਕਾਂ ਨੂੰ ਇਸ ਝਾਕੀ ਨੂੰ ਪੰਜਾਬੀ ਇਲਾਕਿਆਂ ਵਿਚ ਲਿਜਾਣ ਦੀ ਖੁੱਲ੍ਹ ਹੋਵੇਗੀ। ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਗਣਤੰਤਰ ਦਿਵਸ ਪਰੇਡ ਵਾਸਤੇ ‘ਪੰਜਾਬ-ਸ਼ਹੀਦਾਂ ਅਤੇ ਕੁਰਬਾਨੀਆਂ ਦੀ ਗਾਥਾ’, ‘ਨਾਰੀ ਸ਼ਕਤੀ’ (ਮਾਈ ਭਾਗੋ-ਪਹਿਲੀ ਮਹਾਨ ਸਿੱਖ ਜੰਗਜੂ ਬੀਬੀ) ਅਤੇ ‘ਪੰਜਾਬ ਦੇ ਅਮੀਰ ਸੱਭਿਆਚਾਰ ਦੀ ਪੇਸ਼ਕਾਰੀ’ ਵਿਸ਼ਿਆਂ ਨੂੰ ਝਾਕੀਆਂ ਲਈ ਭੇਜਿਆ ਗਿਆ ਸੀ।

Related Post