March 3, 2024 08:12:29
post

Jasbeer Singh

(Chief Editor)

Latest update

ਨਾਭਾ ਜੇਲ੍ਹ 'ਚ ਬੰਦ ਸੁਖਪਾਲ ਖਹਿਰਾ ਨੂੰ ਦੇਵੇਂਦਰ ਯਾਦਵ, ਰਾਜਾ ਵੜਿੰਗ ਸਣੇ ਮਿਲਣ ਪਹੁੰਚੀ ਕਾਂਗਰਸ ਲੀਡਰਸ਼ਿਪ

post-img

ਪਟਿਆਲਾ (ਰਾਹੁਲ)- ਨਾਭਾ ਜੇਲ੍ਹ ਵਿਚ ਬੰਦ ਸੁਖਪਾਲ ਸਿੰਘ ਖਹਿਰਾ ਨੂੰ ਮਿਲਣ ਪੰਜਾਬ ਕਾਂਗਰਸ ਦੇ ਇੰਚਾਰਜ ਦੇਵੇਂਦਰ ਯਾਦਵ ਸਮੇਤ ਕਾਂਗਰਸ ਦੀ ਲੀਡਰਸ਼ਿਪ ਪਹੁੰਚੀ। ਇਸ ਦੌਰਾਨ ਰਾਜਾ ਵੜਿੰਗ, ਪ੍ਰਤਾਪ ਸਿੰਘ ਬਾਜਵਾ ਅਤੇ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਮੌਜੂਦ ਸਨ। ਇਥੇ ਦੱਸ ਦੇਈਏ ਕਿ ਸੁਖਪਾਲ ਸਿੰਘ ਖਹਿਰਾ 14 ਦਿਨਾਂ ਦੀ ਜੂਡੀਸ਼ੀਅਲ ਹਿਰਾਸਤ ਵਿਚ ਹਨ। ਖਹਿਰਾ ਖ਼ਿਲਾਫ਼ ਕਪੂਰਥਲਾ ਦੇ ਸੁਭਾਨਪੁਰ ਥਾਣੇ ਵਿਚ ਮਾਮਲਾ ਦਰਜ ਹੈ। ਗਵਾਹ ਦੀ ਪਤਨੀ ਨੇ ਧਮਕਾਉਣ ਦੇ ਇਲਜ਼ਾਮ ਲਾਏ ਸਨ।  ਆਗੂਆਂ ਵੱਲੋਂ ਕਰੀਬ ਸਵਾ ਘੰਟਾ ਖਹਿਰਾ ਨਾਲ ਮੁਲਾਕਾਤ ਕੀਤੀ ਗਈ। ਇਸ ਮੌਕੇ ਪੰਜਾਬ ਕਾਂਗਰਸ ਇੰਚਾਰਜ ਦੇਵੇਂਦਰ ਯਾਦਵ ਨੇ ਕਿਹਾ ਕਿ ਸੁਖਪਾਲ ਸਿੰਘ ਖਹਿਰਾ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਹਨ ਅਤੇ ਉਨ੍ਹਾਂ 'ਤੇ ਇਕ ਹੋਰ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਜੇਲ੍ਹ ਵਿੱਚ ਡੱਕਿਆ ਗਿਆ ਹੈ ਜਦਕਿ ਉਨ੍ਹਾਂ ਦੀ ਪਿਛਲੇ ਕੇਸ ਵਿੱਚ ਜ਼ਮਾਨਤ ਹੋ ਚੁੱਕੀ ਸੀ। ਯਾਦਵ ਨੇ ਕਿਹਾ ਕਿ ਅਸੀਂ ਦੁੱਖ਼ ਦੀ ਘੜੀ ਵਿੱਚ ਖਹਿਰਾ ਨਾਲ ਹਾਂ ਅਤੇ ਖਹਿਰਾ ਨੂੰ ਇਨਸਾਫ਼ ਦਿਵਾ ਕੇ ਰਹਾਂਗੇ। ਇਸ ਮੌਕੇ ਯਾਦਵ ਨੇ ਪੱਤਰਕਾਰਾਂ ਦੇ ਹੋਰ ਸਵਾਲਾਂ ਦਾ ਕੋਈ ਵੀ ਜਵਾਬ ਨਹੀਂ ਦਿੱਤਾ।

ਇਸ ਮੌਕੇ 'ਤੇ ਸਾਬਕਾ ਵਿਧਾਇਕ ਕੁਲਜੀਤ ਨਾਗਰਾ ਨੇ ਕਿਹਾ ਕਿ ਭਾਜਪਾ ਦਾ ਲੋਕ ਸਭਾ ਚੋਣਾਂ ਵਿੱਚ ਜੋ ਹਾਲ ਹੋਵੇਗਾ, ਉਹ ਕਦੇ ਨਹੀਂ ਵੇਖਿਆ ਹੋਣਾ। ਨਾਗਰਾ ਨੇ ਕਿਹਾ ਕਿ ਜੇਕਰ ਇਕੱਲੀ ਹੀ ਕਾਂਗਰਸ ਚੋਣ ਲੜਦੀ ਹੈ ਤਾਂ ਸਾਰੀਆਂ ਪਾਰਟੀਆਂ ਨਾਲੋਂ ਉੱਪਰ ਹੈ ਜਦੋਂ ਉਨ੍ਹਾਂ ਨੂੰ 'ਆਪ' ਪਾਰਟੀ ਅਤੇ ਕਾਂਗਰਸ ਦੇ ਗਠਜੋੜ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਇਹ ਗਠਜੋੜ ਬਿਲਕੁਲ ਹੀ ਨਹੀਂ ਹੋ ਸਕਦਾ ਕਿਉਂਕਿ ਜੋ ਰਾਜਨੀਤੀ ਹੋ ਰਹੀ ਹੈ ਬਿਲਕੁਲ ਹੀ ਗੰਦੀ ਰਾਜਨੀਤੀ ਹੈ। ਜਦੋਂ ਨਾਗਰਾ ਨੂੰ ਸਿੱਧੂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਹਰ ਘਰ ਵਿੱਚ ਭਾਂਡੇ ਦਾ ਖੜ੍ਹਕਦੇ ਹੀ ਰਹਿੰਦੇ ਹਨ ਇਹ ਪਾਰਟੀ ਦਾ ਮਸਲਾ ਹੈ ਅਤੇ ਹੱਲ ਕਰ ਲਵੇਗੀ।

ਜ਼ਿਕਰਯੋਗ ਹੈ ਕਿ ਕਾਂਗਰਸ ਵਿਧਾਇਕ ਸੁਖਪਾਲ ਸਿੰਘ ਖਹਿਰਾ ਇਕ ਵਾਰ ਫਿਰ ਹਾਈਕੋਰਟ ਪਹੁੰਚ ਗਏ ਹਨ। ਉਨ੍ਹਾਂ ਨੂੰ ਡਰੱਗ ਮਾਮਲੇ ਵਿਚ ਹਾਈਕੋਰਟ ਤੋਂ ਮਿਲੀ ਜ਼ਮਾਨਤ ਤੋਂ ਬਾਅਦ ਉਨ੍ਹਾਂ ਖ਼ਿਲਾਫ਼ ਕਪੂਰਥਲਾ ਵਿਚ ਇਕ ਹੋਰ ਐੱਫ਼. ਆਈ. ਆਰ. ਦਰਜ ਕੀਤੀ ਗਈ ਸੀ। ਐੱਫ਼. ਆਈ. ਆਰ. ਵਿਚ ਦੋਸ਼ ਹਨ ਕਿ ਸੁਖਪਾਲ ਸਿੰਘ ਖਹਿਰਾ ਨੇ ਆਪਣੇ ਖ਼ਿਲਾਫ਼ ਦਰਜ ਇਕ ਅਪਰਾਧਿਕ ਮਾਮਲੇ ਵਿਚ ਗਵਾਹ ਨੂੰ ਧਮਕਾਇਆ ਅਤੇ ਸਬੂਤਾਂ ਨੂੰ ਮਿਟਾਉਣ ਦੇ ਯਤਨ ਕੀਤੇ ਹਨ।  ਦੂਜੇ ਪਾਸੇ ਖਹਿਰਾ ਨੇ ਆਪਣੇ ਖ਼ਿਲਾਫ਼ ਇਸ ਐੱਫ਼. ਆਈ. ਆਰ. ਨੂੰ ਬਦਲੇ ਦੀ ਭਾਵਨਾ ਦੱਸਦਿਆਂ ਇਸ ਨੂੰ ਰੱਦ ਕੀਤੇ ਜਾਣ ਦੀ ਮੰਗ ਕੀਤੀ ਹੈ। ਨਾਲ ਹੀ ਉਕਤ ਐੱਫ਼. ਆਈ. ਆਰ. ਨੂੰ ਲੈ ਕੇ ਫ਼ੈਸਲਾ ਆਉਣ ਤੱਕ ਕਿਸੇ ਵੀ ਤਰ੍ਹਾਂ ਦੀ ਕਾਰਵਾਈ ’ਤੇ ਰੋਕ ਲਗਾਉਣ ਦੀ ਮੰਗ ਕੀਤੀ ਗਈ ਹੈ। ਪੰਜਾਬ-ਹਰਿਆਣਾ ਹਾਈ ਕੋਰਟ ਨੇ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੂੰ ਐੱਨ. ਡੀ. ਪੀ. ਐੱਸ. ਐਕਟ ਦੇ ਮਾਮਲੇ ਵਿਚ ਰੈਗੂਲਰ ਜ਼ਮਾਨਤ ਦੇ ਦਿੱਤੀ ਹੈ ਪਰ ਇਸ ਦੇ ਬਾਵਜੂਦ ਉਹ ਜੇਲ੍ਹ ’ਚੋਂ ਬਾਹਰ ਨਹੀਂ ਆ ਸਕਦੇ ਕਿਉਂਕਿ ਪੁਲਸ ਨੇ ਖਹਿਰਾ ਨੂੰ ਇਕ ਹੋਰ ਮਾਮਲੇ ਵਿਚ ਗ੍ਰਿਫ਼ਤਾਰ ਕਰ ਕੀਤਾ ਹੋਇਆ ਹੈ। ਦਰਅਸਲ ਕਪੂਰਥਲਾ ਪੁਲਸ ਨੇ ਸੁਖਪਾਲ ਸਿੰਘ ਖਹਿਰਾ ਅਤੇ ਉਨ੍ਹਾਂ ਦੇ ਦੋ ਕਥਿਤ ਸਾਥੀਆਂ ਖ਼ਿਲਾਫ਼ ਨਸ਼ਿਆਂ ਦੇ ਮਾਮਲੇ 'ਚ ਗਵਾਹ ਨੂੰ ਧਮਕਾਉਣ ਦੇ ਇਲਜ਼ਾਮਾਂ ’ਚ ਨਵਾਂ ਮਾਮਲਾ ਦਰਜ ਕੀਤਾ ਹੈ। ਪੰਜਾਬ ਪੁਲਸ ਨੇ ਪੰਜਾਬ ਕਾਂਗਰਸ ਦੇ ਵਿਧਾਇਕ ਸੁਖਪਾਲ ਖਹਿਰਾ ਨੂੰ ਪਿਛਲੇ ਸਾਲ ਸਤੰਬਰ ਵਿਚ ਇਕ 8 ਸਾਲ ਪੁਰਾਣੇ ਮਾਮਲੇ ’ਚ ਗ੍ਰਿਫ਼ਤਾਰ ਕਰ ਕੀਤਾ ਸੀ। ਇਹ ਮਾਮਲਾ ਡਰੱਗਜ਼ ਨਾਲ ਜੁੜਿਆ ਹੋਇਆ ਹੈ। ਅਦਾਲਤ ਨੇ ਕਿਹਾ ਕਿ ਮੁੱਢਲੀ ਜਾਂਚ ਵਿਚ ਸੁਖਪਾਲ ਖਹਿਰਾ ਖਿਲਾਫ਼ ਕੋਈ ਸਬੂਤ ਨਹੀਂ ਮਿਲਿਆ ਹੈ। ਹਾਲਾਂਕਿ, ਹਾਈਕੋਰਟ ਦੇ ਫ਼ੈਸਲੇ ਤੋਂ ਪਹਿਲਾਂ ਸਵੇਰੇ 3 ਵਜੇ ਸੁਖਪਾਲ ਖਹਿਰਾ ’ਤੇ ਨਵਾਂ ਮਾਮਲਾ ਦਰਜ ਵੀ ਹੋ ਗਿਆ ਸੀ।

ਅਸਲ, ਜਿਸ ਕੇਸ ਵਿਚ ਖਹਿਰਾ ਨੂੰ ਜ਼ਮਾਨਤ ਮਿਲੀ ਹੈ ਉਹ ਸਾਲ 2015 ਵਿਚ ਫਾਜ਼ਿਲਕਾ ਜ਼ਿਲ੍ਹੇ ਵਿਚ ਦਰਜ ਹੋਇਆ ਸੀ। ਸੁਖਪਾਲ ਖਹਿਰਾ ਖਿਲਾਫ਼ ਰਿਹਾਈ ਤੋਂ ਪਹਿਲਾਂ ਕਪੂਰਥਲਾ ਦੇ ਥਾਣਾ ਸੁਭਾਨਪੁਰ ’ਚ 195 ਏ ਤੇ 506 ਆਈ. ਪੀ. ਸੀ. ਤਹਿਤ ਪਰਚਾ ਕੀਤਾ ਦਰਜ ਕੀਤਾ ਗਿਆ ਹੈ। ਗ੍ਰਿਫ਼ਤਾਰੀ ਸਮੇਂ ਮੀਡੀਆ ਨਾਲ ਗੱਲ ਕਰਦਿਆਂ ਸੁਖਪਾਲ ਖਹਿਰਾ ਨੇ ਕਿਹਾ ਸੀ ਕਿ 'ਇਹ ਪੂਰੀ ਤਰ੍ਹਾਂ ਨਾਲ ਬਦਲਾਖੋਰੀ ਹੈ। ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਇਹ 'ਬਦਲਾਅ ਦੀ ਰਾਜਨੀਤੀ ਦੀ ਗੱਲ ਕਰਦੇ ਸਨ, ਇਹ ਬਦਲਾਅ ਨਹੀਂ ਬਦਲਾ ਹੈ।''

Related Post