March 3, 2024 07:15:29
post

Jasbeer Singh

(Chief Editor)

Latest update

'ਲੋਹੜੀ' ਦੇ ਤਿਉਹਾਰ ਮੌਕੇ ਲੋਕਾਂ ਵਲੋਂ ਜਾਣੋ ਕਿਉਂ ਬਾਲ਼ੀ ਜਾਂਦੀ ਹੈ 'ਅੱਗ ਦੀ ਧੂਣੀ'

post-img

ਜਲੰਧਰ (ਬਿਊਰੋ) : ਹਰ ਸਾਲ ਲੋਹੜੀ ਦਾ ਤਿਉਹਾਰ ਜਨਵਰੀ ਮਹੀਨੇ ਦੀ 13 ਤਾਰੀਖ਼ ਨੂੰ ਮਨਾਇਆ ਜਾਂਦਾ ਹੈ। ਉੱਤਰੀ ਭਾਰਤ 'ਚ ਲੋਹੜੀ ਸਾਲ ਦੇ ਪਹਿਲੇ ਤਿਉਹਾਰ ਦੇ ਰੂਪ 'ਚ ਮਨਾਈ ਜਾਂਦੀ ਹੈ। ਇਸ ਦੀ ਧੂਮ ਸਭ ਤੋਂ ਵੱਧ ਪੰਜਾਬ ਅਤੇ ਹਰਿਆਣਾ 'ਚ ਦੇਖਣ ਨੂੰ ਮਿਲਦੀ ਹੈ, ਕਿਉਂਕਿ ਇਹ ਪੰਜਾਬ ਦਾ ਮੁੱਖ ਤਿਉਹਾਰ ਹੈ। ਲੋਹੜੀ ਵਾਲੇ ਦਿਨ ਤਿਲ, ਗੁੜ, ਗੱਚਕ, ਰਿਓੜੀਆਂ ਤੇ ਮੂੰਗਫਲੀ ਅਗਨੀ ਨੂੰ ਭੇਟ ਕੀਤੇ ਜਾਂਦੇ ਹਨ। ਇਸ ਦਿਨ ਅੱਗ ਦੇ ਚੁਫੇਰੇ ਸਜ-ਵਿਆਹੇ ਜੋੜੇ ਆਹੂਤੀ ਦਿੰਦੇ ਹੋਏ ਚੱਕਰ ਕੱਢ ਕੇ ਆਪਣੇ ਸੁਖੀ ਵਿਆਹੁਤਾ ਜੀਵਨ ਦੀ ਕਾਮਨਾ ਕਰਦੇ ਹਨ। ਇਸ ਤਿਉਹਾਰ ਦੇ ਅਰਥ 'ਤਿਲ+ਰਿਓੜੀ' ਤੋਂ ਹਨ। ਤਿਲ ਤੇ ਰਿਓੜੀ ਦਾ ਤਿਉਹਾਰ ਹੋਣ ਕਾਰਨ ਇਸ ਦਾ ਪੁਰਾਤਨ ਨਾਂ 'ਤਿਲੋੜੀ' ਸੀ, ਜੋ ਸਮੇਂ ਨਾਲ ਬਦਲਦਾ-ਬਦਲਦਾ 'ਲੋਹੜੀ' ਬਣ ਗਿਆ।

ਕਿਉਂ ਬਾਲ਼ੀ ਜਾਂਦੀ ਹੈ 'ਅੱਗ ਦੀ ਧੂਣੀ' 
ਇਸ ਦਿਨ ਚੌਂਕਾਂ 'ਤੇ ਲੋਹੜੀ ਬਾਲ਼ੀ ਜਾਂਦੀ ਹੈ। ਇਸ ਦਿਨ ਲੜਕੇ ਅੱਗੇ ਦੇ ਆਲੇ-ਦੁਆਲੇ ਭੰਗੜਾ ਪਾਉਂਦੇ ਹਨ, ਉੱਥੇ ਹੀ ਕੁੜੀਆਂ ਅਤੇ ਔਰਤਾਂ ਗਿੱਧਾ ਪਾਉਂਦੀਆਂ ਹਨ। ਸਾਰੇ ਰਿਸ਼ਤੇਦਾਰ ਇਕੱਠੇ ਮਿਲ ਕੇ ਭੰਗੜਾ ਪਾਉਂਦੇ ਹੋਏ ਬੜੀ ਧੂਮਧਾਮ ਨਾਲ ਲੋਹੜੀ ਦਾ ਜਸ਼ਨ ਮਨਾਉਂਦੇ ਹਨ। ਇਸ ਦਿਨ ਤਿਲ, ਗੁੜ, ਗੱਚਕ, ਰਿਉੜੀਆਂ ਤੇ ਮੂੰਗਫਲੀ ਦਾ ਵੀ ਖ਼ਾਸ ਮਹੱਤਵ ਹੁੰਦਾ ਹੈ। ਕਈ ਥਾਈਂ ਲੋਹੜੀ ਨੂੰ ਤਿਲੋੜੀ ਵੀ ਕਿਹਾ ਜਾਂਦਾ ਹੈ। ਅਜਿਹਾ ਵੀ ਕਿਹਾ ਜਾਂਦਾ ਹੈ ਕਿ 'ਰਾਜਾ ਦਕਸ਼' ਦੀ ਪੁੱਤਰੀ ਸਤੀ ਦੀ ਯਾਦ 'ਚ ਅੱਗ ਬਾਲ਼ੀ ਜਾਂਦੀ ਹੈ। ਪੌਰਾਣਿਕ ਕਥਾ ਅਨੁਸਾਰ, ਇਕ ਵਾਰ ਰਾਜਾ ਦਕਸ਼ ਨੇ ਹਵਨ ਕਰਵਾਇਆ ਸੀ ਪਰ ਇਸ 'ਚ ਆਪਣੇ ਜਵਾਈ ਸ਼ਿਵ ਤੇ ਪੁੱਤਰੀ ਸਤੀ ਨੂੰ ਸੱਦਾ ਨਹੀਂ ਦਿੱਤਾ। ਇਸ ਗੱਲ ਤੋਂ ਨਾਰਾਜ਼ ਹੋ ਕੇ ਸਤੀ ਆਪਣੇ ਪਿਤਾ ਕੋਲ ਜਵਾਬ ਲੈਣ ਪੁੱਜੇ। ਉੱਥੇ ਪਤੀ ਸ਼ਿਵ ਦੀ ਨਿੰਦਾ ਉਹ ਬਰਦਾਸ਼ਤ ਨਹੀਂ ਕਰ ਸਕੀ ਤੇ ਉਨ੍ਹਾਂ ਖ਼ੁਦ ਨੂੰ ਉਸੇ ਹਵਨ ਕੁੰਡ 'ਚ ਭਸਮ ਕਰ ਦਿੱਤਾ। ਸਤੀ ਦੀ ਮੌਤ ਦੀ ਖ਼ਬਰ ਸੁਣ ਕੇ ਭਗਵਾਨ ਸ਼ਿਵ ਨੇ ਵੀਰਭੱਦਰ ਨੂੰ ਉਤਪੰਨ ਕਰ ਕੇ ਉਸ ਰਾਹੀਂ ਹਵਨ ਨਸ਼ਟ ਕਰ ਦਿੱਤਾ।

ਕਿਉਂ ਮਨਾਈ ਜਾਂਦੀ ਹੈ ਲੋਹੜੀ
ਕਈ ਸਾਲ ਪਹਿਲਾਂ ਫ਼ਸਲ ਦੀ ਬਿਜਾਈ ਤੇ ਉਸ ਦੀ ਵਾਢੀ ਨਾਲ ਇਸ ਤਿਉਹਾਰ ਨੂੰ ਜੋੜ ਕੇ ਮਨਾਉਣ ਦੀ ਸ਼ੁਰੂਆਤ ਹੋਈ। ਇਸ ਤਿਉਹਾਰ 'ਤੇ ਪੰਜਾਬ 'ਚ ਨਵੀਂ ਫ਼ਸਲ ਦੀ ਪੂਜਾ ਕਰਨ ਦੀ ਪਰੰਪਰਾ ਹੈ। ਇਸ ਤੋਂ ਇਲਾਵਾ ਅੱਗ ਬਾਲ ਕੇ ਲੋਕ ਇਸ ਦੇ ਆਲੇ-ਦੁਆਲੇ ਨੱਚਦੇ ਹਨ। ਅੱਜ ਵੀ ਵਿਆਹ ਜਾਂ ਬੱਚੇ ਦੇ ਜਨਮ ਤੋਂ ਬਾਅਦ ਤਿਉਹਾਰ ਨੂੰ ਖ਼ਾਸ ਤਰੀਕੇ ਨਾਲ ਮਨਾਇਆ ਜਾਂਦਾ ਹੈ।

ਲੋਹੜੀ ਦੀ ਪੁਰਤਾਨ ਗਾਥਾ
ਪੁਰਤਾਨ ਗਾਥਾ ਅਨੁਸਾਰ ਇਸ ਤਿਉਹਾਰ ਦਾ ਸਬੰਧ ਇਕ ਭੱਟੀ ਸਰਦਾਰ 'ਦੁੱਲੇ' ਨਾਲ ਵੀ ਹੈ। ਇਕ ਗ਼ਰੀਬ ਬ੍ਰਾਹਮਣ ਦੀਆਂ ਦੋ ਧੀਆਂ ਸਨ ਸੁੰਦਰੀ ਤੇ ਮੁੰਦਰੀ। ਗ਼ਰੀਬ ਬ੍ਰਾਹਮਣ ਨੇ ਆਪਣੀਆਂ ਧੀਆਂ ਦਾ ਰਿਸ਼ਤਾ ਕਿਸੇ ਥਾਂ ਪੱਕਾ ਕੀਤਾ ਹੋਇਆ ਸੀ ਪਰ ਉੱਥੋਂ ਦੇ ਪਾਪੀ ਤੇ ਜ਼ਾਲਮ ਹਾਕਮ ਨੇ ਉਸ ਬ੍ਰਾਹਮਣ ਦੀਆਂ ਧੀਆਂ ਦੀ ਸੁੰਦਰਤਾ ਬਾਰੇ ਸੁਣ ਕੇ ਉਨ੍ਹਾਂ ਨੂੰ ਜ਼ੋਰੀਂ ਆਪਣੇ ਘਰ ਰੱਖਣ ਦੀ ਠਾਣ ਲਈ। ਸਾਜ਼ਿਸ਼ ਦਾ ਪਤਾ ਲੱਗਣ 'ਤੇ ਗ਼ਰੀਬ ਬ੍ਰਾਹਮਣ ਨੇ ਮੁੰਡੇ ਵਾਲਿਆਂ ਨੂੰ ਆਖਿਆ ਕਿ ਉਹ ਉਸ ਦੀਆਂ ਧੀਆਂ ਨੂੰ ਵਿਆਹ ਤੋਂ ਪਹਿਲਾਂ ਆਪਣੇ ਘਰ ਲੈ ਜਾਣ ਪਰ ਮੁੰਡੇ ਵਾਲੇ ਵੀ ਉਸ ਜ਼ਾਲਮ ਹਾਕਮ ਤੋਂ ਡਰ ਕੇ ਮੁੱਕਰ ਗਏ। ਜਦੋਂ ਗ਼ਰੀਬ ਬ੍ਰਾਹਮਣ ਨਿਰਾਸ਼ ਹੋ ਕੇ ਘਰ ਵਾਪਸ ਆ ਰਿਹਾ ਸੀ ਤਾਂ ਅਚਾਨਕ ਉਸ ਦਾ ਮੇਲ ਦੁੱਲਾ ਭੱਟੀ ਨਾਲ ਹੋਇਆ, ਜੋ ਹਾਲਾਤ ਵੱਸ ਡਾਕੂ ਬਣ ਚੁੱਕਾ ਸੀ।

ਗ਼ਰੀਬ ਬ੍ਰਾਹਮਣ ਦੀ ਵਿੱਥਿਆ ਸੁਣ ਕੇ ਦੁੱਲਾ ਭੱਟੀ ਨੇ ਉਸ ਬ੍ਰਾਹਮਣ ਦੀ ਸਹਾਇਤਾ ਕਰਨ ਤੇ ਉਸ ਦੀਆਂ ਧੀਆਂ ਨੂੰ ਆਪਣੀਆਂ ਧੀਆਂ ਬਣਾ ਕੇ ਵਿਆਹੁਣ ਦਾ ਵਚਨ ਦਿੱਤਾ। ਦੁੱਲਾ ਭੱਟੀ ਮੁੰਡੇ ਵਾਲਿਆਂ ਦੇ ਘਰ ਗਿਆ ਤੇ ਰਾਤ ਦੇ ਹਨ੍ਹੇਰੇ 'ਚ ਜੰਗਲ ਨੂੰ ਅੱਗ ਲਾ ਕੇ ਬ੍ਰਾਹਮਣ ਦੀਆਂ ਧੀਆਂ ਦਾ ਵਿਆਹ ਕਰਵਾ ਦਿੱਤਾ ਪਰ ਉਸ ਸਮੇਂ ਦੁੱਲਾ ਭੱਟੀ ਕੋਲ ਸ਼ਗਨ ਵਜੋਂ ਦੇਣ ਲਈ ਸਿਰਫ਼ ਸ਼ੱਕਰ ਹੀ ਸੀ, ਜੋ ਉਸ ਨੇ ਕੁੜੀਆਂ ਦੀ ਝੋਲੀ ਪਾ ਦਿੱਤੀ। ਬਾਅਦ 'ਚ ਹਰ ਸਾਲ ਇਸ ਘਟਨਾ ਨੂੰ ਯਾਦ ਕਰਦਿਆਂ ਇਹ ਤਿਉਹਾਰ ਮਨਾਇਆ ਜਾਣ ਲੱਗਾ। ਲੋਹੜੀ ਵਾਲੇ ਦਿਨ ਛੋਟੇ-ਛੋਟੇ ਬੱਚੇ ਘਰ-ਘਰ ਜਾ ਕੇ ਗੀਤ ਗਾਉਂਦੇ ਹਨ, ਜਿਸ ਵਿਚ ਇਸ ਘਟਨਾ ਦਾ ਜ਼ਿਕਰ ਆਉਂਦਾ ਹੈ :-

ਸੁੰਦਰ ਮੁੰਦਰੀਏ, ਹੋ!
ਤੇਰਾ ਕੌਣ ਵਿਚਾਰਾ, ਹੋ!
ਦੁੱਲਾ ਭੱਟੀ ਵਾਲਾ, ਹੋ!
ਦੁੱਲੇ ਧੀ ਵਿਆਹੀ, ਹੋ!
ਸੇਰ ਸ਼ੱਕਰ ਪਾਈ, ਹੋ!
ਕੁੜੀ ਦਾ ਸਾਲੂ ਪਾਟਾ, ਹੋ!
ਕੁੜੀ ਦਾ ਜੀਵੇ ਚਾਚਾ, ਹੋ...

ਆਪਸੀ ਪ੍ਰੇਮ-ਪਿਆਰ ਦਾ ਪ੍ਰਤੀਕ ਹੈ ਲੋਹੜੀ ਦਾ ਤਿਉਹਾਰ
ਇਹ ਤਿਉਹਾਰ ਲੋਕਾਂ ਦੇ ਆਪਸੀ ਪਿਆਰ ਦਾ ਪ੍ਰਤੀਕ ਹੈ। ਇਸ ਦਿਨ ਸ਼ਾਮ ਨੂੰ ਖਿਚੜੀ ਬਣਾਈ ਜਾਂਦੀ ਹੈ ਤੇ ਅਗਲੇ ਦਿਨ ਸਵੇਰੇ ਖਾਧੀ ਜਾਂਦੀ ਹੈ, ਜਿਸ ਨੂੰ 'ਪੋਹ ਰਿੱਧੀ ਤੇ ਮਾਘ ਖਾਧੀ' ਕਿਹਾ ਜਾਂਦਾ ਹੈ। ਆਧੁਨਿਕਤਾ ਵੱਸ ਅੱਜ ਇਸ ਤਿਉਹਾਰ ਨੂੰ ਮਨਾਉਣ ਦੇ ਢੰਗ ਬਦਲ ਰਹੇ ਹਨ। ਅਜੋਕੇ ਸਮਾਜ ਦੇ ਰਸਮਾਂ-ਰਿਵਾਜ਼, ਰਹਿਣ-ਸਹਿਣ ਦੇ ਢੰਗ ਵੀ ਪਹਿਲਾਂ ਵਰਗੇ ਨਹੀਂ ਰਹੇ ਤੇ ਸੋਚ ਵੀ ਨਿਰੰਤਰ ਬਦਲ ਰਹੀ ਹੈ। ਇਹੀ ਨਹੀਂ ਹੁਣ ਲੋਹੜੀ ਸਿਰਫ਼ ਆਪੋ-ਆਪਣੇ ਵਿਹੜਿਆਂ ਤਕ ਸਿਮਟ ਕੇ ਰਹਿ ਗਈ ਹੈ। ਲੋਹੜੀ ਦਾ ਤਿਉਹਾਰ ਵੱਖ-ਵੱਖ ਨਾਵਾਂ ਨਾਲ ਬਹੁਤ ਸਾਰੇ ਖ਼ੇਤਰਾਂ 'ਚ ਮਨਾਇਆ ਜਾਂਦਾ ਹੈ ਜਿਵੇਂ, ਸਿੰਧੀ ਲੋਕ ਇਸ ਨੂੰ 'ਲਾਲ-ਲੋਈ' ਆਖਦੇ ਹਨ, ਤਮਿਲਨਾਡੂ ਵਿਚ 'ਪੋਂਗਲ' ਤੇ ਆਂਧਰਾ ਪ੍ਰਦੇਸ਼ ਵਿਚ 'ਭੋਗੀ' ਨਾਂ ਨਾਲ ਲੋਹੜੀ ਨਾਲ ਮਿਲਦਾ-ਜੁਲਦਾ ਤਿਉਹਾਰ ਮਨਾਇਆ ਜਾਂਦਾ ਹੈ।

ਧੀਆਂ ਦੀ ਲੋਹੜੀ
ਅਜੋਕੀ ਲੋਹੜੀ ਬਹੁਤ ਬਦਲ ਗਈ ਹੈ। ਭਾਵੇਂ ਹੁਣ ਪੜ੍ਹੇ-ਲਿਖੇ ਸਮਾਜ ਦੀ ਸੋਚ ਬਦਲ ਗਈ ਹੈ ਤੇ ਹੁਣ ਲੋਕਾਂ ਵੱਲੋਂ ਨਵ-ਜੰਮੀਆਂ ਧੀਆਂ ਦੀ ਵੀ ਲੋਹੜੀ ਮਨਾਈ ਜਾਣ ਲੱਗੀ ਹੈ ਪਰ ਹੁਣ ਤਿਉਹਾਰਾਂ 'ਤੇ ਬਾਜ਼ਾਰੂ ਰੁਚੀ ਵੀ ਭਾਰੂ ਹੋਣ ਲੱਗੀ ਹੈ। ਤੇਜ਼ੀ ਨਾਲ ਉੱਸਰ ਰਹੇ ਗਲੋਬਲ ਪਿੰਡ ਕਾਰਨ ਰਿਸ਼ਤਿਆਂ ਦਾ ਨਿੱਘ, ਮੋਹ, ਸੱਭਿਆਚਾਰਕ ਸਾਂਝ ਤੇ ਮਿਲਵਰਤਨ ਵੀ ਘੱਟਦਾ ਜਾ ਰਿਹਾ ਹੈ। ਪੜ੍ਹਾਈ ਤੇ ਪੇਪਰਾਂ ਦੇ ਬੋਝ ਕਾਰਨ ਸਾਡੇ ਬੱਚੇ ਵੀ ਬੜੇ ਮਸਰੂਫ ਹੁੰਦੇ ਜਾ ਰਹੇ ਹਨ। ਹੁਣ ਉਨ੍ਹਾਂ ਕੋਲ ਵੀ ਸਾਂਝੀਆਂ ਖ਼ੁਸ਼ੀਆਂ ਮਨਾਉਣ ਲਈ ਫ਼ੁਰਸਤ ਨਹੀਂ ਰਹੀ।

ਇਹ ਬੋਲੇ ਜਾਂਦੇ ਨੇ ਗੀਤ
1. ਲੋਹੜੀ ਤੋਂ 10-15 ਦਿਨ ਪਹਿਲਾਂ ਮੁੰਡੇ ਕੁੜੀਆਂ ਟੋਲੀਆਂ ਬਣਾ ਕੇ ਘਰਾਂ ਵਿਚ ਜਾ ਕੇ ਲੋਹੜੀ ਮੰਗਦੇ ਹਨ ਤੇ ਲੋਹੜੀ ਨਾਲ ਸਬੰਧਿਤ ਗੀਤ ਗਾਉਂਦੇ ਹਨ ਕਿ : -
ਦੇਹ ਮਾਈ ਪਾਥੀ, ਤੇਰਾ ਪੁੱਤ ਚੜੂ੍ਹਗਾ ਹਾਥੀ।
ਦੇਹ ਮਾਈ ਲੋਹੜੀ, ਤੇਰਾ ਪੁੱਤ ਚੜੂ੍ਹਗਾ ਘੋੜੀ।
2. ਜਦ ਕੋਈ ਘਰ ਵਾਲਾ ਲੋਹੜੀ ਦੇਣ ਵਿਚ ਦੇਰ ਕਰਦਾ ਹੈ ਤਾਂ ਕਾਹਲ ਨੂੰ ਦਰਸਾਉਂਦੀਆਂ ਹੋਈਆਂ ਇਹ ਸਤਰਾਂ ਗਾਈਆਂ ਜਾਂਦੀਆਂ ਹਨ।
ਸਾਡੇ ਪੈਰਾਂ ਹੇਠ ਰੋੜ, ਸਾਨੂੰ ਛੇਤੀ ਛੇਤੀ ਤੋਰ।
ਸਾਡੇ ਪੈਰਾਂ ਹੇਠ ਸਲਾਈਆਂ, ਅਸੀਂ ਕਿਹੜੇ ਵੇਲੇ ਦੀਆਂ ਆਈਆਂ।
3. ਜਦ ਕੋਈ ਘਰ ਵਾਲਾ ਫਿਰ ਵੀ ਲੋਹੜੀ ਨਾ ਦੇਵੇ ਤਾਂ ਇਹ ਟੋਲੀਆਂ ਇਹ ਗਾਉਂਦੀਆਂ ਹੋਈਆਂ ਅਗਲੇ ਘਰ ਲਈ ਰਵਾਨਾ ਹੋ ਜਾਂਦੀਆਂ ਹਨ।
ਹੁੱਕਾ ਬਈ ਹੁੱਕਾ, ਇਹ ਘਰ ਭੁੱਖਾ।

Related Post