March 3, 2024 08:43:22
post

Jasbeer Singh

(Chief Editor)

Latest update

ਬਾਰਡਰ ਰਾਹੀਂ ਮੈਕਸੀਕੋ ਤੋਂ ਅਮਰੀਕਾ ਜਾਣ ਦੌਰਾਨ 1 ਸਾਲ ’ਚ ਫੜੇ 96917 ਭਾਰਤੀ ਨਾਗਰਿਕ

post-img

ਕਪੂਰਥਲਾ -ਪਿਛਲੇ ਦਿਨੀਂ ਦੱਖਣੀ ਅਮਰੀਕੀ ਦੇਸ਼ ਨਿਕਾਰਾਗੁਆ ਜਾਣ ਦੀ ਕੋਸ਼ਿਸ਼ ਕਰਦੇ 300 ਦੇ ਕਰੀਬ ਭਾਰਤੀ ਨਾਗਰਿਕਾਂ ਨੂੰ ਫਰਾਂਸ ਸਰਕਾਰ ਵੱਲੋਂ ਵਾਪਸ ਭੇਜਣ ਦਾ ਮਾਮਲਾ ਅਜੇ ਵੀ ਸੁਰਖੀਆਂ ਦਾ ਕੇਂਦਰ ਬਣਿਆ ਹੋਇਆ ਹੈ। ਉੱਥੇ ਹੀ ਇਸ ਪੂਰੇ ਘਟਨਾਕ੍ਰਮ ਦੌਰਾਨ ਇਕ ਹੋਰ ਸਨਸਨੀਖੇਜ਼ ਅੰਕੜਿਆਂ ਨੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਭਾਰਤੀ ਵਿਸ਼ੇਸ਼ ਤੌਰ ’ਤੇ ਪੰਜਾਬ, ਹਰਿਆਣਾ, ਪੱਛਮੀ ਉੱਤਰ ਪ੍ਰਦੇਸ਼ ਅਤੇ ਗੁਜਰਾਤ ’ਚ ਰਹਿੰਦੇ ਲੱਖਾਂ ਲੋਕਾਂ ’ਚ ਕਿਸ ਤਰ੍ਹਾਂ ਵਿਦੇਸ਼ ਖ਼ਾਸਕਰ ਅਮਰੀਕਾ ਜਾਣ ਦਾ ਕ੍ਰੇਜ ਬਰਕਰਾਰ ਹੈ। ਇਨ੍ਹਾਂ ਅੰਕੜਿਆਂ ਅਨੁਸਾਰ ਅਕਤੂਬਰ-2022 ਤੋਂ ਲੈ ਕੇ ਨਵੰਬਰ-2023 ਦੌਰਾਨ ਅਮੇਰੀਕਨ ਬਾਰਡਰ ਏਜੰਸੀ ਨੇ ਮੈਕਸੀਕੋ ਤੋਂ ਬਾਰਡਰ ਪਾਰ ਕਰਦੇ ਹੋਏ 96917 ਭਾਰਤੀਆਂ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ’ਚੋਂ ਵੱਡੀ ਗਿਣਤੀ ’ਚ ਭਾਰਤੀ ਜਾਂ ਤਾਂ ਅਮਰੀਕਾ ਦਾਖ਼ਲ ਹੋਣ ਲਈ ਅਦਾਲਤੀ ਫ਼ੈਸਲਿਆਂ ਦਾ ਇੰਤਜ਼ਾਰ ਕਰ ਰਹੇ ਹਨ ਅਤੇ ਜੇਲ੍ਹਾਂ ’ਚ ਬੰਦ ਹਨ। ਉੱਥੇ ਹੀ ਵੱਡੀ ਗਿਣਤੀ ’ਚ ਭਾਰਤੀਆਂ ਦੀ ਅਪੀਲ ਖਾਰਜ ਹੋਣ ਤੋਂ ਬਾਅਦ ਉਨ੍ਹਾਂ ਨੂੰ ਵਾਪਸ ਭਾਰਤ ਭੇਜ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਅਮਰੀਕਾ ਹਮੇਸ਼ਾ ਹੀ ਭਾਰਤੀਆਂ ਦੇ ਲਈ ਇਕ ਵੱਡਾ ਸੁਫ਼ਨਾ ਰਿਹਾ ਹੈ। ਡਾਲਰ ਕਮਾਉਣ ਦਾ ਭਾਰਤੀਆਂ ’ਚ ਵੱਡੇ ਪੱਧਰ ’ਤੇ ਕ੍ਰੇਜ਼ ਪੈਦਾ ਹੋ ਗਿਆ ਹੈ ਅਤੇ ਉੇਹ 35 ਤੋਂ ਲੈ ਕੇ 50 ਲੱਖ ਰੁਪਏ ਦੀ ਵੱਡੀ ਰਕਮ ਖ਼ਰਚ ਕਰਕੇ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਅਮਰੀਕਾ ਪਹੁੰਚਣਾ ਚਾਹੁੰਦੇ ਹਨ ਪਰ ਇਸ ਦੇ ਲਈ ਉਨ੍ਹਾਂ ਨੂੰ ਲੰਬਾ ਸੰਘਰਸ਼ ਕਰਨਾ ਪੈਂਦਾ ਹੈ। ਜ਼ਿਕਰਯੋਗ ਹੈ ਕਿ ਅਮਰੀਕਾ ਦਾ ਬਾਰਡਰ ਮੈਕਸੀਕੋ ਨਾਲ ਲੱਗਦਾ ਹੈ। ਮੈਕਸੀਕੋ ਦੇ ਨਾਲ ਅਮਰੀਕਾ ਦੇ 3 ਸੂਬੇ ਟੈਕਸੇਸ, ਕੈਲੀਫੋਰਨੀਆ ਅਤੇ ਏਰੀਜੋਨਾ ਦੇ ਬਾਰਡਰ ਲੱਗਦੇ ਹਨ, ਜਿੱਥੇ ਵੱਡੇ ਪੱਧਰ ’ਤੇ ਅਮਰੀਕਨ ਬਾਰਡਰ ਏਜੰਸੀ ਦੇ ਜਵਾਨਾਂ ਅਤੇ ਅਧਿਕਾਰੀਆਂ ਦੀ ਤਾਇਨਾਤੀ ਹੋਣ ਦੇ ਬਾਵਜੂਦ ਵੀ ਮੈਕਸੀਕੋ ਤੋਂ ਅਮਰੀਕਾ ’ਚ ਗੈਰਕਾਨੂੰਨੀ ਢੰਗ ਨਾਲ ਦਾਖ਼ਲ ਹੋਣ ਦਾ ਦੌਰ ਅਜੇ ਵੀ ਚੱਲ ਰਿਹਾ ਹੈ। ਇਹ ਦੌਰ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਾਰਜਕਾਲ ਦੇ ਦੌਰਾਨ ਕਾਫੀ ਹੱਦ ਤੱਕ ਘੱਟ ਹੋ ਗਿਆ ਸੀ ਪਰ ਇਹ ਸਿਲਸਿਲਾ ਹੁਣ ਤੇਜ਼ੀ ਨਾਲ ਵੱਧ ਰਿਹਾ ਹੈ। ਬਾਰਡਰ ’ਚ ਆ ਰਹੀ ਇਸ ਸਮੱਸਿਆ ਦੇ ਕਾਰਨ ਲਗਾਤਾਰ ਖ਼ਰਾਬ ਹੋ ਰਹੇ ਸੰਬੰਧਾਂ ਨੂੰ ਵੇਖਦੇ ਹੋਏ ਮੈਕਸੀਕੋ ਨੇ ਸ਼ੱਕੀ ਤੌਰ ’ਤੇ ਆਉਣ ਵਾਲੇ ਭਾਰਤੀਆਂ ਅਤੇ ਦੱਖਣੀ ਏਸ਼ੀਆ ਦੇਸ਼ਾਂ ਦੇ ਨਾਗਰਿਕਾਂ ਨੂੰ ਆਪਣੇ ਏਅਰਪੋਰਟ ’ਤੇ ਐਂਟਰੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ, ਜਿਸ ਦੇ ਕਾਰਨ ਹਜਾਰਾਂ ਦੀ ਗਿਣਤੀ ’ਚ ਭਾਰਤੀ ਨਾਗਰਿਕਾਂ ਦੇ ਕੋਲ ਮੈਕਸੀਕੋ ਦਾ ਵੀਜ਼ਾ ਹੋਣ ਦੇ ਬਾਵਜੂਦ ਵੀ ਉਨ੍ਹਾਂ ਨੂੰ ਏਅਰਪੋਰਟ ਤੋਂ ਹੀ ਡਿਪੋਰਟ ਕਰ ਦਿੱਤਾ ਜਾਂਦਾ ਹੈ।

ਇਸ ਨੂੰ ਵੇਖਦੇ ਹੋਏ ਫਰਜ਼ੀ ਟ੍ਰੈਵਲ ਏਜੰਟਾਂ ਨੇ ਇਕ ਨਵਾਂ ਰਸਤਾ ਤਲਾਸ਼ ਕਰਦੇ ਯੂਰਪ ਦੇ ਮਾਰਗ ਤੋਂ ਦੱਖਣੀ ਅਮਰੀਕੀ ਦੇਸ਼ਾਂ ਅਲਸਲਵਾਡੋਰ, ਹੋਂਡੂਰਾਸ ਅਤੇ ਗੁਆਟੇਮਾਲਾ ’ਚੋਂ ਭਾਰਤੀ ਨੌਜਵਾਨਾਂ ਨੂੰ ਪਹੁੰਚਾਉਣ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ, ਜਿੱਥੋਂ ਇਨ੍ਹਾਂ ਨੌਜਵਾਨਾਂ ਨੂੰ ਬੱਸਾਂ ਰਾਹੀਂ ਸੈਂਕੜੇ ਕਿਲੋਮੀਟਰ ਦਾ ਮਾਰਗ ਤੈਅ ਕਰਕੇ ਮੈਕਸੀਕੋ ਬਾਰਡਰ ਤੱਕ ਪਹੁੰਚਾਇਆ ਜਾਂਦਾ ਹੈ, ਜਿੱਥੇ ਜੰਗਲੀ ਮਾਰਗ ਤੋਂ ਇਨ੍ਹਾਂ ਨੂੰ ਅਮਰੀਕੀ ਬਾਰਡਰ ’ਤੇ ਭੇਜਿਆ ਜਾਂਦਾ ਹੈ। ਇਨ੍ਹਾਂ ਬਾਰਡਰਾਂ ’ਤੇ ਪਹੁੰਚ ਕੇ ਇਨ੍ਹਾਂ ਨੌਜਵਾਨਾਂ ਨੂੰ ਦਰਦਨਾਕ ਘਟਨਾਕ੍ਰਮ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿੱਥੇ ਬਹੁਤ ਮੁਸ਼ਕਿਲ ਢੰਗ ਨਾਲ ਬਾਰਡਰ ਪਾਰ ਕਰਕੇ ਜਦੋਂ ਇਹ ਨੌਜਵਾਨ ਅਮਰੀਕਾ ’ਚ ਦਾਖ਼ਲ ਹੁੰਦੇ ਹਨ ਤਾਂ ਇਨ੍ਹਾਂ ਨੂੰ ਅਮੇਰੀਕਨ ਬਾਰਡਰ ਏਜੰਸੀ ਵੱਲੋਂ ਫੜ ਲਿਆ ਜਾਂਦਾ ਹੈ, ਜਿੱਥੇ ਪਹਿਲਾਂ 90 ਫ਼ੀਸਦੀ ਨੌਜਵਾਨਾਂ ਨੂੰ ਲੱਖਾਂ ਰੁਪਏ ਦਾ ਬਾਂਡ ਭਰ ਕੇ ਅਦਾਲਤਾਂ ਵੱਲ ਛੱਡ ਦਿੱਤਾ ਜਾਂਦਾ ਸੀ, ਉੱਥੇ ਹੀ ਹੁਣ ਕੁਝ ਮਹੀਨਿਆ ਤੋਂ ਅਮਰੀਕਾ ਸਰਕਾਰ ਵੱਲੋਂ ਕੀਤੀ ਗਈ ਭਾਰੀ ਸਖ਼ਤੀ ਦੇ ਕਾਰਨ ਹਜ਼ਾਰਾਂ ਭਾਰਤੀ ਨੌਜਵਾਨ ਅਮਰੀਕੀ ਜੇਲ੍ਹਾਂ ’ਚ ਪਹੁੰਚ ਗਏ ਹਨ। ਜਿਨ੍ਹਾਂ ‘ਚੋਂ ਕੁਝ ਇਕ ਨੌਜਵਾਨਾਂ ਨੂੰ ਤਾਂ ਬਹੁਤ ਭਾਰੀ ਬਾਂਡ ਭਰਵਾਉਣ ਤੋਂ ਬਾਅਦ ਅਮਰੀਕਾ ’ਚ ਰਹਿਣ ਦੀ ਇਜਾਜ਼ਤ ਮਿਲ ਗਈ ਹੈ, ਉੱਥੇ ਹੀ ਕਈ ਨੌਜਵਾਨਾਂ ਨੂੰ ਅਦਾਲਤੀ ਹੁਕਮਾਂ ਦੇ ਤਹਿਤ ਵਾਪਸ ਭਾਰਤ ਭੇਜ ਦਿੱਤਾ ਗਿਆ ਹੈ, ਜਿਸ ਕਾਰਨ 50 ਲੱਖ ਰੁਪਏ ਦੀ ਰਕਮ ਖ਼ਰਚ ਕੇ ਵੀ ਘਰ ਤੋਂ ਨਿਕਲੇ ਇਨ੍ਹਾਂ ਨੌਜਵਾਨਾਂ ਦੇ ਪਰਿਵਾਰ ਕੰਗਾਲੀ ਦੇ ਹਾਲਾਤ ਤੱਕ ਪੁੱਜ ਗਏ ਹਨ।
ਇਸ ਦੇ ਬਾਵਜੂਦ ਵੀ ਦੱਖਣੀ ਅਮਰੀਕੀ ਦੇਸ਼ਾਂ ਦੇ ਖ਼ਤਰਨਾਕ ਰਸਤਿਆਂ ਦੇ ਰਾਂਹੀ ਭਾਰਤ ਸਮੇਤ ਦੱਖਣੀ ਏਸ਼ੀਆ ਦੇਸ਼ਾਂ ਨਾਲ ਸਬੰਧਤ ਨੌਜਵਾਨਾਂ ਦਾ ਅਮਰੀਕਾ ਬਾਰਡਰ ਤੱਕ ਪਹੁੰਚਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਦੱਸਿਆ ਜਾਂਦਾ ਹੈ ਕਿ ਪਿਛਲੇ ਦਿਨੀਂ ਨਿਕਾਰਾਗੁਆ ਜਾਣ ਦੀ ਕੋਸ਼ਿਸ਼ ਕਰ ਰਹੇ 300 ਦੇ ਕਰੀਬ ਨੌਜਵਾਨਾਂ ’ਚ ਦੋਆਬਾ ਖੇਤਰ ਦੇ ਨਾਲ ਸਬੰਧਤ ਵੱਡੀ ਗਿਣਤੀ ’ਚ ਉਹ ਨੌਜਵਾਨ ਸ਼ਾਮਲ ਹਨ, ਜਿਨ੍ਹਾਂ ਦੇ ਪਰਿਵਾਰਾਂ ਨੇ ਲੱਖਾਂ-ਕਰੋੜਾਂ ਰੁਪਏ ਦਾ ਕਰਜ਼ਾ ਲੈ ਕੇ ਇਨ੍ਹਾਂ ਨੌਜਵਾਨਾਂ ਨੂੰ ਅਮਰੀਕਾ ਜਾਣ ਦੇ ਲਈ ਭੇਜਿਆ ਸੀ।

Related Post