March 3, 2024 18:19:52
post

Jasbeer Singh

(Chief Editor)

Latest update

ਤਲਾਕ ਤੋਂ ਬਾਅਦ ਵੀ ਸਹੁਰਿਆਂ ਨੂੰ 15 ਲੱਖ ਦਾ ਚੂਨਾ ਲਾ ਗਈ ਨੂੰਹ, ਕਰਤੂਤ ਨੇ ਉਡਾਏ ਹੋਸ਼

post-img

ਭੋਗਪੁਰ - ਭੋਗਪੁਰ ਵਿਖੇ ਪਿੰਡ ਕੰਧਾਲਾ ਗੁਰੂ ਵਿਖੇ ਰਹਿੰਦੇ ਬਜ਼ੁਰਗ ਜੋੜੇ ਨਾਲ ਉਨ੍ਹਾਂ ਦੀ ਤਲਾਕਸ਼ੁਦਾ ਨੂੰਹ ਵੱਲੋਂ 15 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੂੰ ਮਿਲੀ ਸ਼ਿਕਾਇਤ ਅਨੁਸਾਰ ਪੀੜਤ ਬਜ਼ੁਰਗ ਜੋੜਾ ਕੁਲਵੰਤ ਕੌਰ ਅਤੇ ਪਿਤਾ ਪ੍ਰਗਟ ਸਿੰਘ ਪਿੰਡ ਕੰਧਾਲਾ ਗੁਰੂ ਵਿਖੇ ਰਹਿੰਦੇ ਸਨ, ਜਿਨ੍ਹਾਂ ਦੇ ਪੁੱਤਰ ਚਰਨਜੀਤ ਸਿੰਘ ਵਾਸੀ ਪਿੰਡ ਸੈਦੋ ਭੁਲਾਣਾ ਕਪੂਰਥਲਾ ਦਾ ਵਿਆਹ ਅਕਵਿੰਦਰ ਕੌਰ ਪੁੱਤਰੀ ਹਰੀ ਸਿੰਘ ਵਾਸੀ ਮਿਹਰਬਾਨ ਲੁਧਿਆਣਾ ਨਾਲ ਹੋਇਆ ਸੀ। ਉਨ੍ਹਾਂ ਦੱਸਿਆ ਕਿ ਚਰਨਜੀਤ ਸਿੰਘ ਆਪਣੇ ਪਰਿਵਾਰ ਨਾਲ ਪਿੰਡ ਸੈਦੋ ਭੁਲਾਣਾ ਵਿਖੇ ਰਹਿੰਦਾ ਸੀ ਪਰ ਕਿਸੇ ਕਾਰਨ ਸਾਲ 2007 ’ਚ ਅਕਵਿੰਦਰ ਕੌਰ ਅਤੇ ਚਰਨਜੀਤ ਸਿੰਘ ਵਿਚਕਾਰ ਤਲਾਕ ਹੋ ਗਿਆ। ਤਲਾਕ ਤੋਂ ਬਾਅਦ ਅਕਵਿੰਦਰ ਕੌਰ ਆਪਣੇ ਪੇਕੇ ਘਰ ਪਿੰਡ ਮਿਹਰਬਾਨ ਵਿਖੇ ਰਹਿਣ ਲੱਗ ਪਈ। ਪੁਲਸ ਅਨੁਸਾਰ ਅਕਵਿੰਦਰ ਕੌਰ ਤਲਾਕ ਤੋਂ ਬਾਅਦ ਵੀ ਆਪਣੀ ਸੱਸ ਕੁਲਵੰਤ ਕੌਰ ਅਤੇ ਸਹੁਰੇ ਪ੍ਰਗਟ ਸਿੰਘ ਨਾਲ ਮੇਲ-ਮਿਲਾਪ ਰੱਖਦੀ ਸੀ ਅਤੇ ਉਨ੍ਹਾਂ ਕੋਲ ਆਉਂਦੀ ਜਾਂਦੀ ਸੀ। ਅਕਵਿੰਦਰ ਕੌਰ 2-3 ਵਾਰ ਦੁਬਈ ਵੀ ਜਾ ਚੁੱਕੀ ਸੀ। ਪੁਲਸ ਸ਼ਿਕਾਇਤ ਅਨੁਸਾਰ ਸਾਲ 2022 ’ਚ ਅਕਵਿੰਦਰ ਕੌਰ ਨੇ ਆਪਣੀ ਸੱਸ ਅਤੇ ਸਹੁਰੇ ਨੂੰ ਗੱਲਾਂ ’ਚ ਲੈ ਕੇ ਝਾਂਸਾ ਦਿੱਤਾ ਕਿ ਉਹ ਉਨ੍ਹਾਂ ਦੇ ਪੋਤਰੇ ਨਰਿੰਦਰਪਾਲ ਸਿੰਘ ਨੂੰ ਵਿਦੇਸ਼ ਭੇਜਣਾ ਚਾਹੁੰਦੀ ਹੈ। ਇਸ ਲਈ ਉਸ ਨੂੰ ਪੈਸਿਆਂ ਦੀ ਲੋੜ ਹੈ। ਪੈਸਿਆਂ ਦੀ ਪੂਰਤੀ ਲਈ ਅਕਵਿੰਦਰ ਕੌਰ ਨੇ ਆਪਣੀ ਸੱਸ-ਸਹੁਰੇ ਨੂੰ ਭਰੋਸੇ ’ਚ ਲੈ ਕੇ ਉਨ੍ਹਾਂ ਦੀ 19,95,832 ਰੁਪਏ ਦੀ ਬੈਂਕ ਐੱਫ਼. ਡੀ. ਤੁੜਵਾ ਕੇ ਉਸ ’ਚੋਂ 15 ਲੱਖ ਰੁਪਏ ਮਿਤੀ 30-12-2022 ਨੁੰ ਆਪਣੀ ਭੈਣ ਸੁਖਵਿੰਦਰ ਕੌਰ ਸੁੱਖੋ ਦੇ ਪੁੱਤਰ ਗੁਰਅੰਮ੍ਰਿਤ ਸਿੰਘ ਦੇ ਖ਼ਾਤੇ ’ਚ ਟਰਾਂਸਫ਼ਰ ਕਰਵਾ ਲਏ ਅਤੇ ਆਪ ਵਾਪਸ ਦੁਬਈ ਚਲੀ ਗਈ, ਜੋ ਇਸ ਸਮੇਂ ਵੀ ਦੁਬਈ ਰਹਿ ਰਹੀ ਹੈ। ਆਪਣੀ ਦਾਦੀ ਨਾਲ ਪੈਸਿਆਂ ਦੀ ਠੱਗੀ ਵੱਜਣ ਦਾ ਜਦੋਂ ਨਰਿੰਦਰਪਾਲ ਸਿੰਘ ਨੂੰ ਪਤਾ ਲੱਗਾ ਤਾਂ ਉਸ ਨੇ ਤੁਰੰਤ ਪੁਲਸ ਨੂੰ ਪੂਚਿਤ ਕਰਦਿਆਂ ਆਪਣੀ ਮਾਂ ਅਕਵਿੰਦਰ ਕੌਰ, ਮਾਸੀ ਸੁਖਵਿੰਦਰ ਕੌਰ ਸੁੱਖੋ ਅਤੇ ਗੁਰਅੰਮ੍ਰਿਤ ਸਿੰਘ ਵਿਰੁੱਧ ਪੁਲਿਸ ਨੂੰ ਸ਼ਿਕਾਇਤ ਦਿੱਤੀ। ਭੋਗਪੁਰ ਪੁਲਸ ਨੇ ਸ਼ਿਕਾਇਤ ਦੀ ਪੜਤਾਲ ਕਰਨ ਉਪਰੰਤ ਅਕਵਿੰਦਰ ਕੌਰ, ਮਾਸੀ ਸੁਖਵਿੰਦਰ ਕੌਰ ਸੁੱਖੋ ਅਤੇ ਗੁਰਅੰਮ੍ਰਿਤ ਸਿੰਘ ਵਿਰੁੱਧ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ।

Related Post