DECEMBER 9, 2022
post

Jasbeer Singh

(Chief Editor)

World

27 ਜਨਵਰੀ ਨੂੰ ਸੈਂਟਰਲ ਸਟੇਟ ਲਾਇਬ੍ਰੇਰੀ ਵਿਖੇ ਲੱਗਣਗੀਆਂ ਵਿਰਾਸਤੀ ਰੌਣਕਾਂ

post-img

ਪਟਿਆਲਾ ਦੀ ਮੁਸਾਫ਼ਿਰ ਮੈਮੋਰੀਅਲ ਸੈਂਟਰਲ ਸਟੇਟ ਲਾਇਬ੍ਰੇਰੀ ਵਿਖੇ 27 ਜਨਵਰੀ ਨੂੰ ਵਿਰਾਸਤੀ ਰੌਣਕਾਂ ਲੱਗਣਗੀਆਂ ਅਤੇ ਇੱਥੇ ਬੱਚਿਆਂ, ਬਜ਼ੁਰਗਾਂ, ਮਰਦਾਂ, ਔਰਤਾਂ, ਨੌਜਵਾਨਾਂ ਤੇ ਮੁਟਿਆਰਾਂ ਅਤੇ ਖਾਸ ਕਰਕੇ ਸਾਹਿਤ ਪ੍ਰੇਮੀਆਂ ਲਈ ਬਹੁਤ ਪ੍ਰੋਗਰਾਮ ਉਲੀਕੇ ਗਏ ਹਨ। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਇਸ ਸਮਾਰੋਹ ਲਈ 'ਪਹਿਲ (ਪੀਪਲ ਫਾਰ ਆਰਟ, ਹੈਰੀਟੇਜ ਐਂਡ ਲਿਟਰੇਚਰ) ਸੰਸਥਾ' ਵੱਲੋਂ ਬਣਵਾਇਆ ਪੋਸਟਰ ਜਾਰੀ ਕਰਦਿਆਂ ਸਾਰੇ ਵਰਗਾਂ ਦੇ ਲੋਕਾਂ ਅਤੇ ਖਾਸ ਕਰਕੇ ਪਟਿਆਲਵੀਆਂ ਨੂੰ ਸੱਦਾ ਦਿੱਤਾ ਕਿ ਉਹ ਪਟਿਆਲਾ 'ਚ ਸਥਿਤ ਪੁਸਤਕਾਂ ਦੇ ਵੱਡੇ ਖ਼ਜ਼ਾਨੇ, ਸੈਂਟਰਲ ਸਟੇਟ ਲਾਇਬ੍ਰੇਰੀ ਵਿਖੇ 27 ਜਨਵਰੀ ਨੂੰ ਜਰੂਰ ਪੁੱਜਣ ਅਤੇ ਇਸ ਸਮਾਰੋਹ ਦਾ ਆਨੰਦ ਮਾਣਨ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਰਵਾਏ ਜਾ ਰਹੇ ਪਟਿਆਲਾ ਹੈਰੀਟੇਜ ਫੈਸਟੀਵਲ ਦੀ ਲਗਾਤਾਰਤਾ ਵਿੱਚ ਪਹਿਲ (ਪੀਪਲ ਫਾਰ ਆਰਟ, ਹੈਰੀਟੇਜ ਐਂਡ ਲਿਟਰੇਚਰ) ਸੰਸਥਾ ਦੇ ਸਹਿਯੋਗ ਨਾਲ ਕਰਵਾਏ ਜਾਣ ਵਾਲੇ ਪਟਿਆਲਾ ਲਿਟਰੇਚਰ ਫੈਸਟੀਵਲ ਦੌਰਾਨ ਸੈਂਟਰਲ ਸਟੇਟ ਲਾਇਬ੍ਰੇਰੀ ਵਿਖੇ, ਕਲਾ ਪ੍ਰਦਰਸ਼ਨੀ, ਕਰਾਫਟ ਵਰਕਸ਼ਾਪ ਅਤੇ ਰੀਡਿੰਗ ਵਰਕਸ਼ਾਪ (ਖਜ਼ਾਨਾ ਖੋਜ) ਕਰਵਾਈ ਜਾਵੇਗੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਹਿਲ ਪਟਿਆਲਾ ਦੇ ਸਹਿਯੋਗ ਨਾਲ ਬੱਚਿਆਂ ਲਈ ਕਹਾਣੀਆਂ ਸੁਣਾਉਣ ਦੇ ਪ੍ਰੋਗਰਾਮ 'ਕਿੱਸੇ ਕਹਾਣੀਆਂ' ਅਤੇ ਪਟਿਆਲਾ ਸ਼ਹਿਰ ਦੀਆਂ ਇਤਿਹਾਸਕ ਕਲਾਕ੍ਰਿਤੀਆਂ ਨੂੰ ਦਰਸਾਉਂਦੀ ਕਲਾ ਪ੍ਰਦਰਸ਼ਨੀ 'ਆਰਟਿਸਟ੍ਰੀ' ਸਮੇਤ ਫੁਲਕਾਰੀ ਦੀ ਕਢਾਈ ਸਿਖਾਉਣ ਲਈ 'ਟਾਂਕੇ ਤੋਪੇ' ਵਰਕਸ਼ਾਪ ਅਤੇ ਯੰਗ ਹਿਸਟੋਰੀਅਨ ਸਿਮਰ ਸਿੰਘ ਦੀ ਪਟਿਆਲਾ ਬਾਰੇ ਪ੍ਰਕਾਸ਼ਿਤ ਪੁਸਤਕ 'ਤੇ ਚਰਚਾ ਵੀ ਹੋਵੇਗੀ। ਨੈਸ਼ਨਲ ਬੁਕ ਟਰਸਟ, ਪੰਜਾਬੀ ਯੂਨੀਵਰਸਿਟੀ ਅਤੇ ਭਾਸ਼ਾ ਵਿਭਾਗ ਵੱਲੋਂ ਪੁਸਤਕ ਪ੍ਰਦਰਸ਼ਨੀ ਲੱਗੇਗੀ। ਇਸ ਤੋਂ ਇਲਾਵਾ ਸੱਭਿਆਚਾਰਕ ਸਮਾਗਮ ਵੀ ਹੋਣਗੇ। ਸੈਂਟਰਲ ਸਟੇਟ ਲਾਇਬ੍ਰੇਰੀ ਵਿਖੇ ਹੋਣ ਵਾਲੇ ਸਮਾਗਮਾਂ ਦਾ ਪੋਸਟਰ ਜਾਰੀ ਕਰਨ ਸਮੇਂ ਸਹਾਇਕ ਕਮਿਸ਼ਨਰ (ਜ) ਕਿਰਪਾਲਵੀਰ ਸਿੰਘ, ਪਹਿਲ ਸੰਸਥਾ ਵੱਲੋਂ ਐਡਵੋਕੇਟ ਹਰਕੀਰਤ ਸਿੰਘ ਅਤੇ ਮਨੂ ਬਾਂਸਲ ਵੀ ਮੌਜੂਦ ਸਨ।

Related Post