March 3, 2024 07:01:31
post

Jasbeer Singh

(Chief Editor)

Latest update

ਕਾਰੋਬਾਰੀ ਜਹਾਜ਼ 'ਤੇ ਹਮਲਾ ਹੋਇਆ ਤਾਂ ਖੈਰ ਨਹੀਂ, ਅਰਬ ਸਾਗਰ 'ਚ ਭਾਰਤ ਨੇ ਤਾਇਨਾਤ ਕੀਤੇ 3 ਜੰਗੀ ਜਹਾਜ਼

post-img

ਅਰਬ ਸਾਗਰ 'ਚ ਕਾਰੋਬਾਰੀ ਜਹਾਜ਼ਾਂ 'ਤੇ ਹੋ ਰਹੇ ਹਮਲਿਆਂ ਤੋਂ ਬਾਅਦ ਭਾਰਤ ਅਲਰਟ ਹੋ ਗਿਆ ਹੈ ਅਤੇ ਇਨ੍ਹਾਂ ਹਮਲਿਆਂ ਤੋਂ ਸੁਰੱਖਿਆ ਲਈ ਆਪਣੀ ਤਿਆਰੀ ਵਧਾ ਦਿੱਤੀ ਹੈ। ਭਾਰਤ ਨੇ ਅਰਬ ਸਾਗਰ 'ਚ ਲੰਬੀ ਦੂਰੀ ਤੱਕ ਨਿਗਰਾਨੀ ਅਤੇ ਟੋਹੀ ਜਹਾਜ਼ ਪੀ-81 ਤੋਂ ਇਲਾਵਾ ਜੰਗੀ ਜਹਾਜ਼ ਆਈ. ਐੱਨ. ਐੱਸ ਮੋਰਗੁਮਾਓ, ਆਈ. ਐੱਨ. ਐੱਸ. ਕੋਚੀ ਅਤੇ ਆਈ. ਐੱਨ. ਐੱਸ. ਕੋਲਕਾਤਾ ਨੂੰ ਤਾਇਨਾਤ ਕਰ ਦਿੱਤਾ ਹੈ। 2 ਦਿਨ ਪਹਿਲਾਂ ਅਰਬ ਸਾਗਰ ਦੇ ਪੱਛਮੀ ਇਲਾਕੇ 'ਚ ਕਾਰੋਬਾਰੀ ਜਹਾਜ਼ ਐੱਮ. ਵੀ. ਕੇਮ ਪਲੂਟੋ 'ਤੇ ਡਰੋਨ ਨਾਲ ਹਮਲਾ ਹੋਇਆ ਸੀ। ਕਾਰੋਬਾਰੀ ਜਹਾਜ਼ ਦੇ ਮੁੰਬਈ ਬੰਦਰਗਾਹ ਪੁੱਜਣ ਤੋਂ ਬਾਅਦ ਨੇਵੀ ਦੀ ਇਕ ਟੀਮ ਨੇ ਸੋਮਵਾਰ ਨੂੰ ਨਿਰੀਖਣ ਕੀਤਾ। ਇਹ ਕਾਰੋਬਾਰੀ ਜਹਾਜ਼ ਨਿਊ ਮੰਗਲੋਰ ਪੋਰਟ ਜਾ ਰਿਹਾ ਸੀ, ਉਸੇ ਸਮੇਂ ਅਰਬ ਸਾਗਰ 'ਚ ਇਸ 'ਤੇ ਹਮਲਾ ਹੋਇਆ। ਭਾਰਤੀ ਨੇਵੀ ਨੇ ਕਿਹਾ ਕਿ ਇਹ ਹਮਲਾ ਕਿੱਥੋਂ ਹੋਇਆ ਅਤੇ ਇਸ ਲਈ ਕਿੰਨੀ ਮਾਤਰਾ 'ਚ ਵਿਸਫੋਟਕ ਦਾ ਇਸਤੇਮਾਲ ਕੀਤਾ ਗਿਆ, ਇਹ ਫਾਰੈਂਸਿਕ ਅਤੇ ਤਕਨੀਕੀ ਜਾਂਚ ਤੋਂ ਬਾਅਦ ਹੀ ਪਤਾ ਲੱਗ ਸਕੇਗਾ। ਨੇਵੀ ਨੇ ਹੁਣ ਅਰਬ ਸਾਗਰ 'ਚ ਕਾਰੋਬਾਰੀ ਜਹਾਜ਼ਾਂ ਦੀ ਸੁਰੱਖਿਆ ਲਈ ਵੱਡਾ ਐਲਾਨ ਕੀਤਾ ਹੈ। ਇੱਥੇ 3 ਜੰਗੀ ਜਹਾਜ਼ ਤਾਇਨਾਤ ਕਰ ਦਿੱਤੇ ਗਏ ਹਨ। ਦੱਸਣਯੋਗ ਹੈ ਕਿ ਇਜ਼ਰਾਇਲ-ਹਮਾਸ ਯੁੱਧ ਦੌਰਾਨ ਲਾਲ ਸਾਗਰ ਅਤੇ ਅਦਨ ਦੀ ਖਾੜੀ 'ਚ ਇਰਾਨ ਸਮਰਥਿਤ ਹੌਥੀ ਅੱਤਵਾਦੀ ਕਥਿਤ ਤੌਰ 'ਤੇ ਵੱਖ-ਵੱਖ ਕਾਰੋਬਾਰੀ ਜਹਾਜ਼ਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਸ਼ਨੀਵਾਰ ਨੂੰ ਪੋਰਬੰਦਰ ਤੋਂ ਕਰੀਬ 217 ਸਮੁੰਦਰੀ ਮੀਲ ਦੀ ਦੂਰੀ 'ਤੇ 21 ਭਾਰਤੀ ਅਤੇ ਇਕ ਵਿਅਤਨਾਮੀ ਚਾਲਕ ਦਲ ਦੇ ਮੈਂਬਰਾਂ ਵਾਲੇ ਕਾਰੋਬਾਰੀ ਜਹਾਜ਼ 'ਤੇ ਡਰੋਨ ਨਾਲ ਹਮਲਾ ਕੀਤਾ ਗਿਆ ਸੀ। ਇਹ ਜਹਾਜ਼ ਸੋਮਵਾਰ ਦੀ ਦੁਪਹਿਰ 3.30 ਵਜੇ ਮੁੰਬਈ ਤੱਟ 'ਤੇ ਪਹੁੰਚਿਆ। ਮੁੰਬਈ ਦੇ ਰਸਤੇ 'ਚ ਭਾਰਤੀ ਤੱਟ ਰੱਖਿਅਕ ਜਹਾਜ਼ ਆਈ. ਸੀ. ਜੀ. ਐੱਸ. ਵਿਕਰਮ ਨੇ ਉਸ ਨੂੰ ਸੁਰੱਖਿਆ ਮਹੁੱਈਆ ਕਰਵਾਈ।

Related Post