March 3, 2024 17:21:26
post

Jasbeer Singh

(Chief Editor)

Latest update

ਸਿਹਤ ਵਿਭਾਗ ਨੇ ਗੈਰ-ਕਾਨੂੰਨੀ ਚੱਲ ਰਹੇ ਨਸ਼ਾ ਛੁਡਾਊ ਕੇਂਦਰ ਦਾ ਕੀਤਾ ਪਰਦਾਫਾਸ਼, 50 ਨੌਜਵਾਨਾਂ ਨੂੰ ਛੁਡਾਇਆ

post-img

ਅੰਮ੍ਰਿਤਸਰ - ਸਿਹਤ ਵਿਭਾਗ ਨੇ ਰਈਆ ਨੇੜੇ ਗੈਰ-ਕਾਨੂੰਨੀ ਢੰਗ ਨਾਲ ਚੱਲ ਰਹੇ ‘ਨਿਊ-ਹੋਪ’ ਨਸ਼ਾ ਛੁਡਾਊ ਕੇਂਦਰ ਦਾ ਪਰਦਾਫਾਸ਼ ਕੀਤਾ ਹੈ। ਵਿਭਾਗ ਨੇ ਕੇਂਦਰ ਦੇ ਅੰਦਰ ਬੰਦ ਕੀਤੇ 50 ਦੇ ਕਰੀਬ ਵਿਅਕਤੀਆਂ ਨੂੰ ਛੁਡਾਇਆ ਹੈ, ਜਿਨ੍ਹਾਂ ’ਚੋਂ 20 ਦੇ ਕਰੀਬ ਨੌਜਵਾਨਾਂ ਨੂੰ ਸਰਕਾਰੀ ਨਸ਼ਾ ਛੁਡਾਊ ਕੇਂਦਰ ’ਚ ਦਾਖ਼ਲ ਕਰਵਾਇਆ ਗਿਆ ਹੈ। ਇਸ ਦੇ ਨਾਲ ਹੀ ਵਿਭਾਗ ਵੱਲੋਂ ਕੇਂਦਰ ਦੇ ਸਾਰੇ ਰਿਕਾਰਡ ਦੀ ਜਾਂਚ ਕੀਤੀ ਗਈ, ਜੋ ਜਾਅਲੀ ਪਾਏ ਗਏ। ਵਿਭਾਗ ਨੇ ਰਿਕਾਰਡ ਕਬਜ਼ੇ ’ਚ ਲੈ ਕੇ ਕੇਂਦਰ ਨੂੰ ਸੀਲ ਕਰ ਦਿੱਤਾ ਹੈ। ਸੈਂਟਰ ’ਚ ਦਾਖ਼ਲ ਜ਼ਿਆਦਾਤਰ ਨੌਜਵਾਨਾਂ ਨੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਕੁੱਟਿਆ ਜਾਂਦਾ ਹੈ ਅਤੇ ਉਨ੍ਹਾਂ ਨੂੰ ਸਹੀ ਖਾਣਾ ਵੀ ਨਹੀਂ ਦਿੱਤਾ ਜਾਂਦਾ। ਵਿਭਾਗ ਨੇ ਪੁਲਸ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਡਰੱਗ ਸੈਂਟਰ ਮਾਲਕ ਖ਼ਿਲਾਫ਼ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇ। ਇਸ ਸਬੰਧੀ ਸਿਵਲ ਸਰਜਨ ਡਾ. ਵਿਜੇ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਰਈਆ ਨੇੜੇ ‘ਨਿਊ ਹੋਪ’ ਨਸ਼ਾ ਛੁਡਾਊ ਕੇਂਦਰ ਨਾਜਾਇਜ਼ ਤੌਰ ’ਤੇ ਚੱਲ ਰਿਹਾ ਹੈ। ਇਸ ਮਾਮਲੇ ਦਾ ਸਖ਼ਤ ਨੋਟਿਸ ਲੈਂਦਿਆਂ ਉਨ੍ਹਾਂ ਤੁਰੰਤ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਭਾਰਤੀ ਧਵਨ ਦੀ ਅਗਵਾਈ ਹੇਠ ਟੀਮ ਦਾ ਗਠਨ ਕੀਤਾ। ਜਦੋਂ ਟੀਮ ਨੇ ਸੈਂਟਰ ’ਤੇ ਛਾਪਾ ਮਾਰਿਆ ਤਾਂ ਸ਼ੁਰੂਆਤ ਵਿਚ ਮੁੱਖ ਗੇਟ ਕਾਫੀ ਦੇਰ ਤੱਕ ਨਹੀਂ ਖੁੱਲ੍ਹਿਆ ਪਰ ਟੀਮ ਦੇ ਯਤਨਾਂ ਤੋਂ ਬਾਅਦ ਜਦੋਂ ਦਰਵਾਜ਼ਾ ਖੋਲ੍ਹਿਆ ਗਿਆ ਤਾਂ ਸਥਿਤੀ ਬਦ ਤੋਂ ਬਦਤਰ ਹੁੰਦੀ ਨਜ਼ਰ ਆਈ। ਟੀਮ ਨੇ ਉਨ੍ਹਾਂ ਨੂੰ ਦੱਸਿਆ ਕਿ ਕੇਂਦਰ ’ਚ ਨੌਜਵਾਨਾਂ ਦੇ ਬੈਠਣ ਲਈ ਲੋੜੀਂਦੀ ਜਗ੍ਹਾ ਨਹੀਂ ਸੀ ਅਤੇ ਬਹੁਤ ਸਾਰੇ ਨੌਜਵਾਨ ਇਕ ਕਮਰੇ ਵਿਚ ਬੰਦ ਹਨ। ਇਸ ਦੇ ਨਾਲ ਹੀ ਟਾਇਲਟ ਵੀ ਬਹੁਤ ਗੰਦੇ ਸੀ ਅਤੇ ਜਿੱਥੇ ਨੌਜਵਾਨਾਂ ਨੂੰ ਖਾਣਾ ਬਣਾਉਣ ਲਈ ਰਸੋਈ ਬਣਾਈ ਗਈ ਸੀ, ਉਹ ਵੀ ਬਹੁਤ ਗੰਦੀ ਸੀ। ਜਦੋਂ ਰਿਕਾਰਡ ਦੀ ਜਾਂਚ ਕੀਤੀ ਗਈ ਤਾਂ ਸਾਰੇ ਦਸਤਾਵੇਜ਼ ਜਾਅਲੀ ਪਾਏ ਗਏ। ਸਿਵਲ ਸਰਜਨ ਨੇ ਦੱਸਿਆ ਕਿ ਨੌਜਵਾਨਾਂ ਨੂੰ 10 ਤੋਂ 15 ਹਜ਼ਾਰ ਰੁਪਏ ਪ੍ਰਤੀ ਮਹੀਨਾ ਰੱਖਿਆ ਗਿਆ ਸੀ। ਸੈਂਟਰ ’ਚ ਪਾਏ ਗਏ 50 ਨੌਜਵਾਨਾਂ ’ਚੋਂ 20 ਦੇ ਕਰੀਬ ਨੂੰ ਸਰਕਾਰੀ ਐਂਬੂਲੈਂਸ ਰਾਹੀਂ ਸਵਾਮੀ ਵਿਵੇਕਾਨੰਦ ਸਰਕਾਰੀ ਨਸ਼ਾ ਛੁਡਾਉੂ ਕੇਂਦਰ ’ਚ ਦਾਖ਼ਲ ਕਰਵਾਇਆ ਗਿਆ ਸੀ, ਜਦੋਂ ਕਿ ਕੁਝ ਲੋਕ ਆਪਣੇ ਪਰਿਵਾਰਾਂ ਨਾਲ ਘਰ ਚਲੇ ਗਏ ਸਨ। ਉਨ੍ਹਾਂ ਦੱਸਿਆ ਕਿ ਕੇਂਦਰ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਕੇਂਦਰ ਦੇ ਮਾਲਕ ਖ਼ਿਲਾਫ਼ ਕਾਰਵਾਈ ਕਰਨ ਲਈ ਪੁਲਸ ਪ੍ਰਸ਼ਾਸਨ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ।

 ਸਿਵਲ ਸਰਜਨ ਨੇ ਕਿਹਾ ਕਿ ਜ਼ਿਲ੍ਹੇ ’ਚ ਗੈਰ ਕਾਨੂੰਨੀ ਢੰਗ ਨਾਲ ਕੰਮ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਜੇਕਰ ਕੋਈ ਨਿਯਮਾਂ ਦੀ ਪਾਲਣਾ ਨਹੀਂ ਕਰਦਾ ਤਾਂ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਸ ਮਾਮਲੇ ’ਚ ਗੰਭੀਰਤਾ ਨਾਲ ਕੰਮ ਕਰ ਰਹੀ ਹੈ। ਜੇਕਰ ਕੋਈ ਆਪਣੇ ਬੱਚਿਆਂ ਨੂੰ ਨਸ਼ੇ ਤੋਂ ਮੁਕਤ ਕਰਵਾਉਣਾ ਚਾਹੁੰਦਾ ਹੈ ਤਾਂ ਉਨ੍ਹਾਂ ਨੂੰ ਸਰਕਾਰੀ ਨਸ਼ਾ ਛੁਡਾਊ ਕੇਂਦਰ ’ਚ ਦਾਖਲ ਕਰਵਾਇਆ ਜਾਵੇ, ਜਿੱਥੇ ਮੁਫ਼ਤ ਇਲਾਜ ਕੀਤਾ ਜਾਂਦਾ ਹੈ।

Related Post