March 3, 2024 07:00:25
post

Jasbeer Singh

(Chief Editor)

Latest update

ਪੰਜਾਬ ਤੇ ਚੰਡੀਗੜ੍ਹ 'ਚ ਜਲਦ ਦੌੜੇਗੀ ਮੈਟਰੋ, ਪਹਿਲੇ ਪੜਾਅ 'ਚ 91 ਕਿਲੋਮੀਟਰ ਦਾ ਹੋਵੇਗਾ ਰੂਟ

post-img

ਚੰਡੀਗੜ੍ਹ : ਸ਼ਹਿਰ 'ਚ ਮੈਟਰੋ ਪ੍ਰਾਜੈਕਟ ਨੂੰ ਲੈ ਕੇ ਯੂਨੀਫਾਈਡ ਮੈਟਰੋਪੋਲੀਟਨ ਟਰਾਂਸਪੋਰਟ ਅਥਾਰਟੀ (ਯੂ. ਐੱਮ. ਟੀ. ਏ.) ਦੀ ਮੀਟਿੰਗ ਸੋਮਵਾਰ ਨੂੰ ਪੰਜਾਬ ਦੇ ਰਾਜਪਾਲ ਤੇ ਯੂ. ਟੀ. ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ 'ਚ ਪਹਿਲੇ ਪੜਾਅ ਤਹਿਤ 91 ਕਿਲੋਮੀਟਰ ਦੇ ਰੂਟ ’ਤੇ ਮੈਟਰੋ ਚਲਾਉਣ ਦੀ ਪ੍ਰਵਾਨਗੀ ਦਿੱਤੀ ਗਈ। ਇਸ ਸੰਬੰਧੀ ਕੇਂਦਰ ਸਰਕਾਰ ਵਲੋਂ ਫ਼ੈਸਲਾ ਲਿਆ ਜਾਵੇਗਾ ਕਿ ਸ਼ਹਿਰ ਦੇ ਵੱਖ-ਵੱਖ ਰੂਟਾਂ ’ਤੇ ਮੈਟਰੋ ਨੂੰ ਅੰਡਰਗਰਾਊਂਡ ਚਲਾਇਆ ਜਾਵੇਗਾ ਜਾਂ ਐਲੀਵੇਟਿਡ। ਪ੍ਰਸ਼ਾਸਨ ਵਲੋਂ ਐਲੀਵੇਟਿਡ ਅਤੇ ਅੰਡਰਗਰਾਊਂਡ ਸੰਬੰਧੀ ਦੋਵੇਂ ਪ੍ਰਸਤਾਵ ਆਵਾਸ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਨੂੰ ਭੇਜੇ ਜਾਣਗੇ। ਉਨ੍ਹਾਂ ਦੀ ਹਰੀ ਝੰਡੀ ਤੋਂ ਬਾਅਦ ਹੀ ਇਸ ’ਤੇ ਅੱਗੇ ਵਧਿਆ ਜਾਵੇਗਾ। ਮੀਟਿੰਗ 'ਚ ਚਰਚਾ ਕੀਤੀ ਗਈ ਕਿ ਜੇਕਰ ਚੰਡੀਗੜ੍ਹ ਦਾ ਕਿਰਦਾਰ ਕਾਇਮ ਰੱਖਣਾ ਹੈ ਤਾਂ ਮੈਟਰੋ ਨੂੰ ਅੰਡਰਗਰਾਊਂਡ ਹੀ ਚਲਾਉਣਾ ਪਵੇਗਾ। ਇਹ ਗੱਲ ਵੀ ਸਾਹਮਣੇ ਆਈ ਕਿ ਅੰਡਰਗਰਾਊਂਡ ਮੈਟਰੋ ਚਲਾਉਣ ਨਾਲ ਪ੍ਰਾਜੈਕਟ ਦੀ ਲਾਗਤ ਪੰਜ ਗੁਣਾ ਵੱਧ ਜਾਵੇਗੀ। ਅੰਡਰਗਰਾਊਂਡ ਹੋਣ ਕਾਰਣ ਇਸ ਪ੍ਰਾਜੈਕਟ ਦੀ ਪ੍ਰਸਤਾਵਿਤ ਲਾਗਤ 8,000 ਕਰੋੜ ਤੋਂ ਵਧ ਕੇ ਕਰੀਬ 11,000 ਕਰੋੜ ਤੱਕ ਪਹੁੰਚ ਜਾਵੇਗੀ। ਇਸ ਪ੍ਰਾਜੈਕਟ ਲਈ ਪੰਜਾਬ ਅਤੇ ਹਰਿਆਣਾ ਵਲੋਂ 20 ਫ਼ੀਸਦੀ ਅਤੇ 20 ਫ਼ੀਸਦੀ ਹੀ ਕੇਂਦਰ ਸਰਕਾਰ ਵਲੋਂ ਰਾਸ਼ੀ ਦਿੱਤੀ ਜਾਣੀ ਹੈ, ਜਿਸ ਕਾਰਨ ਇਹ ਫ਼ੈਸਲਾ ਮੰਤਰਾਲੇ ’ਤੇ ਛੱਡ ਦਿੱਤਾ ਗਿਆ ਹੈ। ਦੱਸ ਦੇਈਏ ਕਿ ਪਹਿਲਾਂ ਫੇਜ਼-1 ਦੇ ਤਹਿਤ 80 ਕਿਲੋਮੀਟਰ ਰੂਟ ’ਤੇ ਮੈਟਰੋ ਚਲਾਉਣ ਦਾ ਪ੍ਰਸਤਾਵ ਤਿਆਰ ਕੀਤਾ ਗਿਆ ਸੀ, ਜਿਸ ਨੂੰ ਹੁਣ ਵਧਾ ਕੇ 91 ਕਿਲੋਮੀਟਰ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਦੋਵਾਂ ਫੇਜ਼ਾਂ ਤਹਿਤ ਕਰੀਬ 154 ਕਿਲੋਮੀਟਰ ਦੇ ਰੂਟ ’ਤੇ ਮੈਟਰੋ ਚਲਾਉਣ ਦੀ ਗੱਲ ਕਹੀ ਗਈ ਹੈ। ਮੀਟਿੰਗ ਵਿਚ ਰੇਲ ਇੰਡੀਆ ਤਕਨੀਕੀ ਅਤੇ ਆਰਥਿਕ ਸੇਵਾ (ਰਾਈਟਸ) ਵਲੋਂ ਪ੍ਰਾਜੈਕਟ ਬਾਰੇ ਜਮ੍ਹਾਂ ਕੀਤੀ ਗਈ ਅਲਾਈਨਮੈਂਟ ਆਪਸ਼ਨ ਰਿਪੋਰਟ ਨੂੰ ਵੀ ਪ੍ਰਵਾਨਗੀ ਦਿੱਤੀ ਗਈ ਹੈ। ਹੁਣ ਪ੍ਰਸ਼ਾਸਨ ਵਲੋਂ ਡਿਟੇਲ ਪ੍ਰਾਜੈਕਟ ਰਿਪੋਰਟ ’ਤੇ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ, ਤਾਂ ਜੋ ਪ੍ਰਾਜੈਕਟ ’ਤੇ ਕੰਮ ਜਲਦੀ ਹੀ ਅੱਗੇ ਵਧ ਸਕੇ। ਦੱਸ ਦੇਈਏ ਕਿ ਪ੍ਰਸ਼ਾਸਨ ਮੁਤਾਬਕ ਡੀ. ਪੀ. ਆਰ. ਫਾਈਨਲ ਹੋਣ ਦੇ ਬਾਅਦ ਮੁੜ ਕੇਂਦਰ ਸਰਕਾਰ ਤੋਂ ਪ੍ਰਵਾਨਗੀ ਲਈ ਜਾਵੇਗੀ ਅਤੇ ਉਨ੍ਹਾਂ ਦੀ ਮਨਜ਼ੂਰੀ ਤੋਂ ਬਾਅਦ ਹੀ ਇਸ ਪ੍ਰਾਜੈਕਟ ’ਤੇ ਅੱਗੇ ਕੰਮ ਸ਼ੁਰੂ ਕੀਤਾ ਜਾਵੇਗਾ। ਡੀ. ਪੀ. ਆਰ. ਲਈ ਪੰਜਾਬ ਅਤੇ ਹਰਿਆਣਾ ਤੋਂ ਫੰਡ ਵੀ ਜਾਰੀ ਕਰ ਦਿੱਤੇ ਗਏ ਹਨ। ਕੇਂਦਰ ਦੇ ਦਿਸ਼ਾ-ਨਿਰਦੇਸ਼ਾਂ ਦੇ ਤਹਿਤ, ਮੈਟਰੋ ਦੀ ਅੰਤਿਮ ਰਿਪੋਰਟ ਲਈ ਇਕ ਏਜੰਸੀ ਨੂੰ ਹਾਇਰ ਕੀਤੀ ਜਾਣੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹ ਅਗਲੇ ਸਾਲ ਜਨਵਰੀ ਮਹੀਨੇ ਤੱਕ ਆਪਣੀ ਰਿਪੋਰਟ ਫਾਈਨਲ ਕਰ ਲੈਣਗੇ ਅਤੇ ਅਪ੍ਰੈਲ ਮਹੀਨੇ ਤੋਂ ਇਸ ਪ੍ਰਾਜੈਕਟ ’ਤੇ ਕੰਮ ਸ਼ੁਰੂ ਕਰਨ ਦੀ ਕੋਸ਼ਿਸ਼ ਕਰਨਗੇ। 

ਡਿਪੂ ਫਾਈਨਲ ਕਰਨ ਨੂੰ ਲੈ ਕੇ ਵੀ ਪ੍ਰਕਿਰਿਆ ਸ਼ੁਰੂ
ਇਸ ਤੋਂ ਇਲਾਵਾ ਮੀਟਿੰਗ ਵਿਚ ਮੈਟਰੋ ਦੇ ਡਿਪੂ ਫਾਈਨਲ ਕਰਨ ਦੀ ਪ੍ਰਕਿਰਿਆ ਵੀ ਤੇਜ਼ ਹੋ ਗਈ ਹੈ। ਡਿਪੂ ਦੀ ਲੋਕੇਸ਼ਨ ਫਾਈਨਲ ਕਰਨ ਸਬੰਧੀ ਕੰਮ ਕੀਤਾ ਜਾਵੇਗਾ ਅਤੇ ਸਬ- ਕਮੇਟੀ ਨੂੰ ਚੰਡੀਗੜ੍ਹ, ਮੋਹਾਲੀ ਅਤੇ ਪੰਚਕੂਲਾ 'ਚ ਇਸ ਸੰਬੰਧੀ ਕੰਮ ਕਰਨ ਲਈ ਕਿਹਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ਨੇ ਮੋਹਾਲੀ ਵਿਚ ਡਿਪੂ ਲਈ 12 ਏਕੜ ਜ਼ਮੀਨ ਦੀ ਸ਼ਨਾਖਤ ਕਰ ਲਈ ਹੈ ਅਤੇ ਉਹ ਇਸ ਨੂੰ ਜਲਦੀ ਹੀ ਅੰਤਿਮ ਰੂਪ ਦੇਣ ਵਿਚ ਰੁੱਝੇ ਹੋਏ ਹਨ। ਚੰਡੀਗੜ੍ਹ ਸਮੇਤ ਟ੍ਰਾਈਸਿਟੀ ਵਿਚ ਵੱਧ ਰਹੇ ਟ੍ਰੈਫਿਕ ਜਾਮ ਨੂੰ ਖ਼ਤਮ ਕਰਨ ਲਈ ਰੇਲ ਇੰਡੀਆ ਤਕਨੀਕੀ ਅਤੇ ਆਰਥਿਕ ਸੇਵਾ (ਰਾਈਟਸ) ਨੇ ਇੱਕ ਕੰਪ੍ਰੀਹੈਂਸਿਵ ਮੋਬੀਲਿਟੀ ਪਲਾਨ (ਸੀ. ਐੱਮ. ਪੀ.) ਬਣਾਇਆ ਹੈ। ਇਸ ਵਿਚ ਮੈਟਰੋ ਚਲਾਉਣਾ, ਕਈ ਥਾਵਾਂ ’ਤੇ ਫਲਾਈਓਵਰ-ਅੰਡਰਪਾਸ ਬਣਾਉਣਾ, ਕਈ ਕਿਲੋਮੀਟਰ ਸਾਈਕਲ ਟਰੈਕ, ਕਈ ਬੱਸ ਸਟੈਂਡ, ਮਲਟੀਲੈਵਲ ਪਾਰਕਿੰਗ ਸਮੇਤ ਕਈ ਸੁਝਾਅ ਦਿੱਤੇ ਗਏ ਹਨ। ਰਿਪੋਰਟ ਮੁਤਾਬਕ ਟ੍ਰਾਈਸਿਟੀ 'ਚ ਮੈਟਰੋ ਦਾ ਕੰਮ ਦੋ ਪੜਾਵਾਂ 'ਚ ਅਤੇ ਬਾਕੀ ਸਾਰੇ ਕੰਮ ਤਿੰਨ ਪੜਾਵਾਂ 'ਚ ਮੁਕੰਮਲ ਕੀਤੇ ਜਾਣੇ ਹਨ। ਦੱਸਿਆ ਜਾ ਰਿਹਾ ਹੈ ਕਿ ਰਾਈਟਸ ਦੇ ਸਾਰੇ ਸੁਝਾਵਾਂ ਨੂੰ ਲਾਗੂ ਕਰਨ ਲਈ ਕੇਂਦਰ ਸਰਕਾਰ, ਚੰਡੀਗੜ੍ਹ, ਪੰਜਾਬ ਅਤੇ ਹਰਿਆਣਾ ਵਲੋਂ ਲਗਭਗ 16509 ਕਰੋੜ ਰੁਪਏ ਖ਼ਰਚ ਕੀਤੇ ਜਾਣਗੇ। ਪੰਜਾਬ ਅਤੇ ਹਰਿਆਣਾ ਨੇ ਰਿਪੋਰਟ ਫਾਈਨਲ ਕਰਨ ਤੋਂ ਪਹਿਲਾਂ ਮੈਟਰੋ ਸੰਬੰਧੀ ਆਪਣੇ ਕੁਝ ਸੁਝਾਅ ਵੀ ਦਿੱਤੇ ਸਨ। ਪੰਜਾਬ ਨੇ ਪੜੌਲ, ਨਿਊ ਚੰਡੀਗੜ੍ਹ ਤੋਂ ਸਾਰੰਗਪੁਰ ਤੱਕ ਐੱਮ. ਆਰ. ਟੀ. ਐੱਸ. ਰੂਟ ਨੂੰ ਪਹਿਲੇ ਪੜਾਅ 'ਚ ਸ਼ਾਮਲ ਕਰਨ ਦੀ ਸਿਫ਼ਾਰਸ਼ ਕੀਤੀ ਸੀ, ਜਿਸ ਵਿਚੋਂ ਬਹੁਤੇ ਸੁਝਾਵਾਂ ਨੂੰ ਪ੍ਰਸ਼ਾਸਨ ਨੇ ਪ੍ਰਵਾਨ ਕਰ ਲਿਆ ਹੈ।

Related Post