DECEMBER 9, 2022
post

Jasbeer Singh

(Chief Editor)

Latest update

ਭੂ ਮਾਫੀਆ ਸਾਡੀ ਨਿੱਜੀ ਜਾਇਦਾਦ ਲੁੱਟਣਾ ਚਾਹੁੰਦੈ: ਜ਼ਮੀਨ ਮਾਲਕਾਂ ਨੇ ਕੀਤਾ ਦਾਅਵਾ

post-img

ਮਾਮਲਾ ਭੁਪਿੰਦਰਾ ਰੋਡ ਦੀ 8200 ਗਜ਼ ਜ਼ਮੀਨ ਦਾ


ਸਾਡੀ ਜ਼ਮੀਨ ਆਬਾਦੀ ਦੇਹ ਦੀ ਜ਼ਮੀਨ ਨਾ ਕਿ ਸ਼ਾਮਲਾਟ

ਪਟਿਆਲਾ, 4 ਮਾਰਚ: ਪਟਿਆਲਾ ਦੇ ਪੋਸ਼ ਭੁਪਿੰਦਰਾ ਰੋਡ ਇਲਾਕੇ ਵਿਚ ਸਥਿਤ 8 ਬੀਘੇ 2 ਬਿਸਵੇ ਥਾਂ ਦੇ ਮਾਲਕਾਂ ਨੇ ਦੱਸਿਆ ਸ਼ਹਿਰ ਵਿਚ ਸਰਗਰਮ ਭੂ ਮਾਫੀਆ ਸਿਆਸੀ ਪੁਸ਼ਤਪਨਾਹੀ ਨਾਲ ਲੋਕਾਂ ਦੀਆਂ ਨਿੱਜੀ ਜਾਇਦਾਦਾਂ ਲੁੱਟਣ ਦੇ ਰਾਹ ਪੈ ਗਿਆਹੈ  ਤੇ ਇਹੀ ਮਾਫੀਆ ਸਾਡੀ ਜ਼ਮੀਨ ਹੜੱਪ ਕਰਨਾ ਚਾਹੁੰਦਾ ਹੈ। ਉਹਨਾਂ ਕਿਹਾ ਕਿ ਇਸ ਭੂ ਮਾਫੀਆ ਵੱਲੋਂ ਪਿਛਲੇ ਦੋ ਤਿੰਨ ਮਹੀਨਿਆਂ ਤੋਂ ਪਰਿਵਾਰ ਨੂੰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਤੇ ਜੇਕਰ ਸਾਡੇ ਪਰਿਵਾਰ ਦੇ ਕਿਸੇ ਜੀਅ ਨੂੰ ਕੁਝ ਹੋ ਗਿਆ ਤਾਂ ਅਸੀਂ ਇਸ ਸਾਰੇ ਮਾਫੀਆ ਨੂੰ ਜਨਤਕ ਤੌਰ ’ਤੇ ਬੇਨਕਾਬ ਕਰਾਂਗੇ।

ਉਹਨਾਂ ਕਿਹਾ ਕਿ ਹੁਣ ਅਸੀਂ ਇਸ ਮਾਮਲੇ ਵਿਚ ਹਾਈ ਕੋਰਟ ਵਿਚ ਕੇਸ ਕਰਾਂਗੇ ਅਤੇ ਜਿਹੜੇ ਵਿਅਕਤੀਆਂ ਨੇ ਸਾਨੂੰ ਅਤੇ ਸਾਡੀ ਜਾਇਦਾਦ ਨੂੰ ਬਦਨਾਮ ਕਰਨ ਵਾਸਤੇ ਸਾਜ਼ਿਸ਼ ਘੜੀ ਹੈ, ਉਹਨਾਂ ਨੂੰ ਮਾਣਹਾਨੀ ਦਾ ਨੋਟਿਸ ਭੇਜਾਂਗੇ। 

ਅੱਜ ਪਟਿਆਲਾ ਮੀਡੀਆ ਕਲੱਬ ਵਿਚ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਗੁਰਚਰਨ ਸਿੰਘ, ਇਕਬਾਲ ਸਿੰਘ, ਜਸਪਾਲ ਸਿੰਘ, ਦਿਲਬਾਗ ਸਿੰਘ, ਦਵਿੰਦਰ ਸਿੰਘ, ਬਲਕਾਰ ਸਿੰਘ ਆਦਿ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕਿ ਇਹ ਸਾਡੀ ਨਿੱਜੀ ਜ਼ਮੀਨ ਹੈ ਜੋ ਸਾਡੇ ਪੜਦਾਦਾ ਵਸਾਵਾ ਸਿੰਘ ਨੇ 1955 ਵਿਚ ਰਜਿਸਟਰਡ ਸੇਲ ਡੀਡ ਰਾਹੀਂ ਖਰੀਦੀ ਸੀ।ਉਹਨਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਇਸ ਥਾਂ ਨੂੰ ਸ਼ਾਮਲਾਟ ਸਾਬਤ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਜਦੋਂ ਕਿ ਇਹ ਆਬਾਦੀ ਦੇਹ ਵਾਲੀ ਨਿੱਜੀ ਮਲਕੀਅਤ ਹੈ ।

ਉਹਨਾਂ ਦੱਸਿਆ ਕਿ ਵਸਾਵਾ ਸਿੰਘ ਦੇ 1968 ਵਿਚ ਦਿਹਾਂਤ ਤੋਂ ਬਾਅਦ ਇਸ ਰਕਬੇ ਦੀ ਮਲਕੀਅਤ ਪਰਿਵਾਰ ਦੀ ਅਗਲੀ ਪੀੜੀ ਦਰ ਪੀੜੀ ਦੇ ਨਾਂ ਹੁੰਦੀ ਰਹੀ ਹੈ ਤੇ ਅੱਜ ਵੀ ਪਰਿਵਾਰ ਦੇ ਮੈਂਬਰ ਇਸਦੇ ਮਾਲਕ ਹਨ। 

ਉਹਨਾਂ ਦੱਸਿਆ ਕਿ 2015 ਵਿਚ ਅਸੀਂ ਇਸ ਥਾਂ ਦਾ ਸੀ ਐਲ ਯੂ ਲਿਆ ਸੀ ਜਦੋਂ ਸਾਰੇ ਸਬੰਧਤ ਵਿਭਾਗਾਂ ਤੋਂ ਐਨ ਓ ਸੀ ਵੀ ਲਈ ਸੀ। 

ਉਹਨਾਂ ਦੱਸਿਆ ਕਿ ਪਹਿਲਾਂ ਵੀ ਸਾਡੀ ਜਾਇਦਾਦ ਨੂੰ ਸਾਡੇ ਤੋਂ ਖੋਹਣ ਦੇ ਯਤਨ ਹੋਏ ਹਨ। ਇਸ ਮਾਮਲੇ ਵਿਚ ਤਤਕਾਲੀ ਡਵੀਜ਼ਨਲ ਕਮਿਸ਼ਨਰ ਪਟਿਆਲਾ ਦੀਪਿੰਦਰ ਸਿੰਘ ਨੇ 5.9.2018 ਨੂੰ ਸਾਡੇ ਹੱਕ ਵਿਚ ਫੈਸਲਾ ਸੁਣਾਇਆ ਸੀ। ਇਸ ਤੋਂ ਪਹਿਲਾਂ 11.4.2017 ਨੂੰ ਤਤਕਾਲੀ ਅਸਿਸਟੈਂਟ ਕੁਲੈਕਟਰ ਪਟਿਆਲਾ ਗੁਰਦੇਵ ਸਿੰਘ ਨੇ ਸਿਵਲ ਕੋਰਟ ਵਿਚ ਇਹ ਹਲਫੀਆ ਬਿਆਨ ਦਿੱਤਾ ਸੀ ਕਿ ਇਸ ਜਾਇਦਾਦ ਨਾਲ ਸਰਕਾਰ ਦਾ ਕੋਈ ਸਰੋਕਾਰ ਨਹੀਂ ਹੈ ਤੇ ਇਹ ਨਿੱਜੀ ਜਾਇਦਾਦ ਹੈ।

ਉਹਨਾਂ ਦੱਸਿਆ ਕਿ ਅਸੀਂ 2022 ਵਿਚ ਆਪਣੀ 2015 ਵਾਲੀ ਸੀ ਐਲ ਯੂ ਨੂੰ ਨਵਿਆਉਣ ਲਈ ਜਦੋਂ ਅਪਲਾਈ ਕੀਤਾ ਤਾਂ ਉਦੋਂ ਤੋਂ ਹੀ ਭੂ ਮਾਫੀਆ ਸਾਡੇ ਪਰਿਵਾਰ ਤੇ ਸਾਡੀ ਜਾਇਦਾਦ ਦੇ ਪਿੱਛੇ ਪੈ ਗਿਆ। ਉਹਨਾਂ ਦੱਸਿਆ ਕਿ ਪਟਿਆਲਾ ਦੇ ਡਿਪਟੀ ਕਮਿਸ਼ਨਰ ਨੇ ਬਗੈਰ ਸਾਡੇ ਪਰਿਵਾਰ ਨੂੰ ਕੋਈ ਸੰਮਨ ਭੇਜਿਆ ਜਾਂ ਸਾਡਾ ਪੱਖ ਸੁਣਿਆ,ਸਾਡੀ ਜਾਇਦਾਦ ਦੇ ਬਾਹਰ ਬੈਨਰ ਲਗਵਾ ਦਿੱਤਾ। ਉਹਨਾਂ ਦੱਸਿਆ ਕਿ ਜਦੋਂ ਅਸੀਂ ਡਿਪਟੀ ਕਮਿਸ਼ਨਰ ਨੂੰ ਮਿਲ ਕੇ ਉਹਨਾਂ ਨੂੰ ਦੱਸਿਆ ਕਿ ਇਹ ਤਾਂ ਸਾਡੀ ਨਿੱਜੀ ਜਾਇਦਾਦ ਹੈ ਤਾਂ ਵੀ ਉਹਨਾਂ ਕੋਈ ਸੁਣਵਾਈ ਨਹੀਂ ਕੀਤੀ। 

ਉਹਨਾਂ ਕਿਹਾ ਕਿ ਹੁਣ ਮਾਮਲੇ ’ਤੇ ਉਹ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕਰ ਕੇ ਉਹਨਾਂ ਨੂੰ ਭੂ ਮਾਫੀਆ ਬਾਰੇ ਸਾਰੀ ਜਾਣਕਾਰੀ ਦੇਣਗੇ।

Related Post