DECEMBER 9, 2022
post

Jasbeer Singh

(Chief Editor)

Latest update

ਪਟਿਆਲਾ ਡਵੀਜਨ 'ਚ ਰਾਜ ਕਰ ਇਕੱਤਰ ਕਰਨ ਦੀ ਜਿੰਮੇਵਾਰੀ ਮਹਿਲਾ ਅਧਿਕਾਰੀਆਂ ਦੇ ਮੋਢਿਆਂ 'ਤੇ

post-img

ਕੌਮਾਂਤਰੀ ਮਹਿਲਾ ਦਿਵਸ
ਪਟਿਆਲਾ ਡਵੀਜਨ 'ਚ ਰਾਜ ਕਰ ਇਕੱਤਰ ਕਰਨ ਦੀ ਜਿੰਮੇਵਾਰੀ ਮਹਿਲਾ ਅਧਿਕਾਰੀਆਂ ਦੇ ਮੋਢਿਆਂ 'ਤੇ
-ਸਟੇਟ ਟੈਕਸ ਦੀ ਪਟਿਆਲਾ ਡਵੀਜਨ 'ਚ ਡਿਪਟੀ ਕਮਿਸ਼ਨਰ ਰਮਨਪ੍ਰੀਤ ਕੌਰ ਅਧੀਨ ਮਹਿਲਾ ਅਧਿਕਾਰੀ ਸਮਰਪਿਤ ਭਾਵਨਾ ਨਾਲ ਕਰ ਰਹੇ ਨੇ ਸੇਵਾ

ਪਟਿਆਲਾ, 7 ਮਾਰਚ:(ਜੀਵਨ ਸਿੰਘ)
ਪੰਜਾਬ ਸਰਕਾਰ ਦਾ ਮਾਲੀਆ ਇਕੱਤਰ ਕਰਨ ਲਈ ਸਟੇਟ ਟੈਕਸ ਦੇ ਪਟਿਆਲਾ ਡਵੀਜਨ 'ਚ ਮਹਿਲਾ ਅਧਿਕਾਰੀ ਅਹਿਮ ਭੂਮਿਕਾ ਨਿਭਾ ਰਹੀਆਂ ਹਨ। ਕੌਮਾਂਤਰੀ ਮਹਿਲਾ ਦਿਵਸ ਦੀ ਪੂਰਬਲੀ ਸੰਧਿਆ ਮੌਕੇ ਇਨ੍ਹਾਂ ਮਹਿਲਾ ਅਧਿਕਾਰੀਆਂ ਦਾ ਜਿਕਰ ਕਰਨਾ ਬਣਦਾ ਹੈ, ਕਿਉਂਕਿ ਇਨ੍ਹਾਂ ਦੀ ਅਗਵਾਈ ਵੀ ਬਤੌਰ ਰਾਜ ਕਰ ਡਿਪਟੀ ਕਮਿਸ਼ਨਰ ਪਟਿਆਲਾ ਡਵੀਜਨ, ਰਮਨਪ੍ਰੀਤ ਕੌਰ, ਇੱਕ ਮਹਿਲਾ ਅਧਿਕਾਰੀ ਹੀ ਕਰ ਰਹੇ ਹਨ। ਸਟੇਟ ਟੈਕਸ ਦੀ ਪਟਿਆਲਾ ਡਵੀਜਨ 'ਚ ਪਟਿਆਲਾ ਤੋਂ ਇਲਾਵਾ ਦੋ ਹੋਰ ਜ਼ਿਲ੍ਹੇ, ਸੰਗਰੂਰ ਤੇ ਬਰਨਾਲਾ ਆਉਂਦੇ ਹਨ।
ਦੋ ਦਹਾਕੇ ਪਹਿਲਾਂ ਆਪਣੀ ਸੇਵਾ ਬਤੌਰ ਜ਼ਿਲ੍ਹਾ ਮੁਖੀ ਤੋਂ ਸ਼ੁਰੂ ਕਰਕੇ ਫ਼ਤਹਿਗੜ੍ਹ ਸਾਹਿਬ, ਅੰਮ੍ਰਿਤਸਰ, ਪਠਾਣਕੋਟ ਤੇ ਗੁਰਦਾਸਪੁਰ ਵਿਖੇ ਸੇਵਾ ਨਿਭਾਉਣ ਵਾਲੇ ਰਮਨਪ੍ਰੀਤ ਕੌਰ ਇੱਕ ਸਮਰਪਿਤ ਅਧਿਕਾਰੀ ਹਨ ਤੇ ਪੰਜਾਬ ਸਰਕਾਰ ਲਈ ਵੱਧ ਤੋਂ ਵੱਧ ਕਰ ਇਕੱਤਰ ਕਰਨ ਤੇ ਜੀ.ਐਸ.ਟੀ. ਅਦਾ ਕਰਨ ਵਾਲਿਆਂ ਨੂੰ ਕੋਈ ਮੁਸ਼ਕਿਲ ਨਾ ਆਵੇ, ਅਜਿਹਾ ਪ੍ਰਬੰਧ ਕਰਨ 'ਚ ਅਹਿਮ ਭੂਮਿਕਾ ਨਿਭਾ ਰਹੇ ਹਨ। ਇਸ ਤੋਂ ਪਹਿਲਾਂ ਉਹ ਸੰਯੁਕਤ ਡਾਇਰੈਕਟਰ ਇਨਵੈਸਟੀਗੇਸ਼ਨ ਜਲੰਧਰ ਵਿਖੇ ਸੇਵਾ ਨਿਭਾ ਚੁੱਕੇ ਹਨ ਅਤੇ ਉਨ੍ਹਾਂ ਦਾ ਮੰਨਣਾ ਹੈ ਕਿ ਇੱਕ ਅਧਿਕਾਰੀ ਆਪਣੇ ਕੰਮ ਪ੍ਰਤੀ ਇਮਾਨਦਾਰੀ ਤੇ ਦਿਆਨਤਦਾਰੀ ਨਾਲ ਸਮਰਪਿਤ ਭਾਵਨਾ ਨਾਲ ਸੰਜੀਦਾ ਰਹਿ ਕੇ ਸਮਾਜ ਪ੍ਰਤੀ ਆਪਣਾ ਯੋਗਦਾਨ ਪਾ ਸਕਦਾ ਹੈ।
ਸਟੇਟ ਟੈਕਸ ਡਿਪਟੀ ਕਮਿਸ਼ਨਰ ਰਮਨਪ੍ਰੀਤ ਕੌਰ ਅਧੀਨ ਸਹਾਇਕ ਕਮਿਸ਼ਨਰ ਸਟੇਟ ਟੈਕਸ ਕੰਨੂ ਗਰਗ, ਸਹਾਇਕ ਕਮਿਸ਼ਨਰ ਸੰਗਰੂਰ ਚੰਦਰਕਾਂਤਾ ਮਹਿੰਦੀਰੱਤਾ, ਸਹਾਇਕ ਕਮਿਸ਼ਨਰ ਸਟੇਟ ਟੈਕਸ ਬਰਨਾਲਾ ਰਿਚਾ ਗੋਇਲ ਤੇ ਸਟੇਟ ਟੈਕਸ ਦੇ ਸਹਾਇਕ ਕਮਿਸ਼ਨਰ (ਆਡਿਟ) ਪਟਿਆਲਾ ਸੁਨੀਤਾ ਬੱਤਰਾ ਵੀ ਮਹਿਲਾ ਅਧਿਕਾਰੀ ਹਨ, ਜਿਨ੍ਹਾਂ ਦਾ ਰਾਜ ਸਰਕਾਰ ਦਾ ਮਾਲੀਆ ਇਕੱਤਰ ਕਰਨ 'ਚ ਅਹਿਮ ਯੋਗਦਾਨ ਹੈ।
ਕੰਨੂੰ ਗਰਗ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਟੀਚਾ ਬਿਹਤਰ ਟੈਕਸ ਇਕੱਤਰ ਕਰਵਾਉਣਾ ਹੈ ਅਤੇ ਇਹ ਇੱਕ ਟੀਮ ਵਰਕ ਹੈ ਅਤੇ ਇਹ ਖੁਸ਼ੀ ਦੀ ਗੱਲ ਹੈ ਕਿ ਉਨ੍ਹਾਂ ਦੀ ਅਗਵਾਈ ਇੱਕ ਮਹਿਲਾ ਅਫ਼ਸਰ ਕਰ ਰਹੇ ਹਨ ਤੇ ਉਨ੍ਹਾਂ ਦੇ ਅਧੀਨ ਵੀ ਮਹਿਲਾ ਅਧਿਕਾਰੀ ਹਨ। ਜਦੋਂਕਿ ਚੰਦਰਕਾਂਤਾ ਮਹਿੰਦੀਰੱਤਾ ਨੇ ਕਿਹਾ ਕਿ ਮਹਿਲਾ ਸ਼ਕਤੀ ਸਮਾਜ ਸੁਧਾਰ 'ਚ ਅਹਿਮ ਭੂਮਿਕਾ ਨਿਭਾ ਸਕਦੀ ਹੈ। ਰਿਚਾ ਗੋਇਲ ਤੇ ਸੁਨੀਤਾ ਬੱਤਰਾ ਨੇ ਕਿਹਾ ਕਿ ਉਹ ਆਪਣੀ ਡਿਊਟੀ ਨੂੰ ਇਮਾਨਦਾਰੀ ਤੇ ਸਾਫ਼-ਸੁਥਰੇ ਢੰਗ ਨਾਲ ਨਿਭਾਉਣ 'ਚ ਯਕੀਨ ਰੱਖਦੇ ਹਨ। ਇਨ੍ਹਾਂ ਸਾਰਿਆਂ ਨੇ ਕਿਹਾ ਕਿ ਕੌਮਾਂਤਰੀ ਮਹਿਲਾ ਦਿਵਸ ਮੌਕੇ ਸਮਾਜ ਦੇ ਸਾਰੇ ਜਿੰਮੇਵਾਰਾਂ, ਖਾਸ ਕਰਕੇ ਮਰਦਾਂ ਤੇ ਔਰਤਾਂ ਨੂੰ ਇੱਕ ਦੂਜੇ ਦੀਆਂ ਭਾਵਨਾਂਵਾਂ ਦਾ ਸਨਮਾਨ ਕਰਨਾ ਚਾਹੀਦਾ ਹੈ।

Related Post