July 6, 2024 01:26:16
post

Jasbeer Singh

(Chief Editor)

Latest update

ਰਾਜੋਆਣਾ ਦੇ ਮੁੱਦੇ ਤੇ ਹਰਸਿਮਰਤ ਬਾਦਲ ਤੇ ਭੜਕੇ ਰਵਨੀਤ ਬਿੱਟੂ

post-img

ਲੁਧਿਆਣਾ : ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਸੰਸਦ ਚ ਬਲਵੰਤ ਸਿੰਘ ਰਾਜੋਆਣਾ ਦਾ ਮੁੱਦਾ ਚੁੱਕੇ ਜਾਣ ਤੇ ਬੀਬਾ ਹਰਸਿਮਰਤ ਬਾਦਲ ਖ਼ਿਲਾਫ਼ ਤਿੱਖਾ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਨੇ ਕਿਹਾ ਕਿ ਜਿਸ ਸਮੇਂ ਅਕਾਲੀਆਂ ਦੀ ਸਰਕਾਰ ਸੀ ਤਾਂ ਉਸ ਵੇਲੇ ਦੇ ਡੀ. ਜੀ. ਪੀ. ਸੁਮੇਧ ਸਿੰਘ ਸੈਣੀ ਵੱਲੋਂ ਸਭ ਤੋਂ ਜ਼ਿਆਦਾ ਅੱਤਵਾਦੀਆਂ ਨੂੰ ਮਾਰਿਆ ਗਿਆ ਸੀ। ਜਿਹੜੇ ਵਿਰਸਾ ਸਿੰਘ ਵਲਟੋਹਾ ਵਰਗੇ ਖ਼ੁਦ ਨੂੰ ਖਾੜਕੂ ਕਹਿੰਦੇ ਹਨ, ਉਹ ਵੀ ਤੁਹਾਡੇ ਨਾਲ ਹਨ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਕਾਲੀਆਂ ਦੇ ਰਾਜ ਚ ਹੋਈ ਅਤੇ ਹੁਣ ਮੁਆਫ਼ੀਆਂ ਮੰਗੀਆਂ ਜਾ ਰਹੀਆਂ ਹਨ। ਇਸ ਤਰ੍ਹਾਂ ਮੁਆਫ਼ੀ ਨਹੀਂ ਮਿਲਣੀ। ਉਨ੍ਹਾਂ ਨੇ ਹਰਸਿਮਰਤ ਬਾਦਲ ਨੂੰ ਕਿਹਾ ਕਿ ਤੁਸੀਂ ਸਿੱਖੀ ਦੀ ਕੀ ਗੱਲ ਕਰੋਗੇ? ਤੁਸੀਂ ਰਾਮ ਰਹੀਮ ਨੂੰ ਬਾਬਾ ਕਹਿੰਦੇ ਸੀ ਅਤੇ ਉਸ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮੁਆਫ਼ੀ ਦਿਵਾਈ ਸੀ, ਫਿਰ ਤੁਸੀਂ ਸਿੱਖੀ ਲਈ ਲੜੋਗੇ? ਉਨ੍ਹਾਂ ਕਿਹਾ ਕਿ ਇਹ ਕੋਈ ਡਰਾਮਾ ਨਹੀਂ ਚੱਲ ਰਿਹਾ। ਤੁਸੀਂ ਆਪਣੇ ਕਾਰੋਬਾਰ ਅਰਬਾਂ-ਖਰਬਾਂ ਦੇ ਬਣਾਏ ਹੋਏ ਹਨ ਤਾਂ ਤੁਸੀਂ ਕਿਸੇ ਨੂੰ ਕੀ ਕਹਿਣ ਜੋਗੇ ਹੋ। ਜਿੰਨੇ ਵੱਡੇ ਤੁਹਾਡੇ ਫਾਈਵ ਸਟਾਰ ਹੋਟਲ ਹਨ, ਓਨੇ ਵੱਡੇ ਹੋਟਲ ਕਿਸੇ ਹੋਰ ਮੁੱਖ ਮੰਤਰੀ ਨੇ ਬਣਾਏ ਹਨ? ਤਾਂ ਫਿਰ ਤੁਹਾਡੇ ਕਿਵੇਂ ਬਣ ਗਏ। ਉਨ੍ਹਾਂ ਕਿਹਾ ਕਿ ਜਿਸ ਰਾਜੋਆਣਾ ਨੂੰ ਹਰਸਿਮਰਤ ਬਾਦਲ ਭਾਈ ਰਾਜੋਆਣਾ ਸਾਹਿਬ ਕਹਿੰਦੇ ਹਨ, ਉਨ੍ਹਾਂ ਨੇ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਚਿੱਠੀ ਲਿਖੀ ਹੈ। ਦੱਸਣਯੋਗ ਹੈ ਕਿ ਬੀਤੇ ਦਿਨ ਸੰਸਦ ਚ ਹਰਸਿਮਰਤ ਕੌਰ ਬਾਦਲ ਨੇ ਤਿੰਨੇ ਸੋਧੇ ਹੋਏ ਫ਼ੌਜਦਾਰੀ ਬਿੱਲਾਂ ਦੀ ਮੁੜ ਸਮੀਖਿਆ ਕਰਨ ਲਈ ਕਿਹਾ ਸੀ ਅਤੇ ਕਿਹਾ ਸੀ ਕਿ ਜੇਕਰ ਇਹ ਬਿੱਲ ਪਾਸ ਹੋ ਗਏ ਤਾਂ ਬੰਦੀ ਸਿੰਘ ਬਲਵੰਤ ਸਿੰਘ ਰਾਜੋਆਣਾ ਦੇ ਮਨੁੱਖੀ ਅਧਿਕਾਰਾਂ ਦੀ ਹੋਰ ਉਲੰਘਣਾ ਹੋਵੇਗੀ। ਦੱਸ ਦੇਈਏ ਕਿ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕੇਸ ਚ ਬਲਵੰਤ ਸਿੰਘ ਰਾਜੋਆਣਾ ਸਜ਼ਾ ਯਾਫ਼ਤਾ ਹਨ ਅਤੇ ਰਵਨੀਤ ਸਿੰਘ ਬਿੱਟੂ ਬੇਅੰਤ ਸਿੰਘ ਦੇ ਪੋਤੇ ਹਨ।

Related Post