ਨੇਤਰਹੀਣਾਂ ਵਲੋਂ ਸਿਵਿਲ ਸਕੱਤਰੇਤ ਵਿਚ ਅਚਨਚੇਤ ਧਰਨਾ ਦੇ ਕੇ ਪੱਕਾ ਮੋਰਚਾ ਲਗਾਉਣ ਤੇ ਪਈਆਂ ਪ੍ਰਸ਼ਾਸਨ ਨੂੰ ਭਾਜੜਾਂ
- by Admin
- July 5, 2024
ਨੇਤਰਹੀਣਾਂ ਵਲੋਂ ਸਿਵਿਲ ਸਕੱਤਰੇਤ ਵਿਚ ਅਚਨਚੇਤ ਧਰਨਾ ਦੇ ਕੇ ਪੱਕਾ ਮੋਰਚਾ ਲਗਾਉਣ ਤੇ ਪਈਆਂ ਪ੍ਰਸ਼ਾਸਨ ਨੂੰ ਭਾਜੜਾਂ ਚੰਡੀਗੜ੍ਹ, 5 ਜੁਲਾਈ : ਪੰਜਾਬ ਦੇ ਨੇਤਰਹੀਣਾਂ ਨੇ ਪੰਜਾਬ ਸਿਵਲ ਸਕੱਤਰੇਤ ਵਿੱਚ ਉਸ ਸਮੇਂ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਚੰਡੀਗੜ੍ਹ ਪੁਲਿਸ ਨੂੰ ਬਿਪਤਾ ਚ ਪਾ ਦਿੱਤਾ , ਜਦੋਂ ਤਿੰਨ ਜਣੇ ਨੇਤਰਹੀਣਾਂ ਦੀ ਤਿਕੜੀ ਪਹਿਲਾਂ ਸਵੇਰੇ 11 ਵਜੇ ਸਿਵਿਲ ਸਕੱਤਰ ਦੇ ਮਗਰਲੇ ਪਾਸੇ ਬੈਠੇ ਰਹੇ ਜਿੱਥੋਂ ਕਿ ਮੁਲਾਜ਼ਮਾਂ ਦਾ ਆਉਣਾ ਜਾਣਾ ਸੀ, ਪਰ ਪ੍ਰਸ਼ਾਸਨ ਦੇ ਸਿਰ ਤੇ ਜੂੰਅ ਨਾ ਸਰਕਣ ਕਾਰਨ ਤਿੰਨੇ ਜਣੇ ਨੇਤਰਹੀਨ ਸਿਵਿਲ ਸਕੱਤਰੇਤ ਫਰੰਟ ਵਾਲੀ ਸਾਈਡ ਤੇ ਜਿੱਥੋਂ ਕਿ ਮੰਤਰੀਆਂ ਤੇ ਵੱਡੇ ਅਫਸਰਾਂ ਦਾ ਮੁੱਖ ਗੇਟ ਦੀ ਐਂਟਰੀ ਹੈ । ਪਰ ਜਿਉਂ ਹੀ ਤਿੰਨੇ ਨੇਤਰਹੀਨ ਧਰਨੇ ਤੇ ਬੈਠੇ ਤਾਂ ਸਕੱਤਰੇਤ ਦਾ ਖੁਫੀਆ ਵਿਭਾਗ ਹਰਕਤ ਚ ਆ ਗਿਆ ਤੇ ਨਾਲ ਹੀ ਸਕੱਤਰੇਤ ਵਿੱਚ ਤਾਇਨਾਤ ਸੁਰੱਖਿਆ ਦੇ ਅਧਿਕਾਰੀਆਂ ਤੋ ਇਲਾਵਾ ਚੰਡੀਗੜ੍ਹ ਪੁਲਿਸ ਦੀ ਟੀਮ ਵੀ ਡੰਡੇ ਲੈ ਕੇ ਪਹੁੰਚ ਗਈ। ਇਨੇ ਵਿਚ ਹੀ ਮੁੱਖ ਸਕੱਤਰ ਦੇ ਦਫਤਰ ਚੋਂ ਇੱਕ ਪੀਸੀਐਸ ਅਧਿਕਾਰੀ ਉਹਨਾਂ ਪਾਸ ਪਹੁੰਚਦਾ ਹੈ ਅਤੇ ਉਹਨਾਂ ਨੂੰ ਟਿਕਾਉਣ ਦੀ ਕੋਸ਼ਿਸ਼ ਕਰਦਾ ਹੈ ਪਰ ਨੇਤਰਹਣਾਂ ਦੀ ਤਿੱਕੜੀ ਟੱਸ ਤੋਂ ਮੱਸ ਨਹੀਂ ਹੋਈ। ਭਾਵੇਂ ਕਿ ਨੇਤਰਹੀਨਾ ਵੱਲੋਂ ਇਹੋ ਕਿਹਾ ਜਾ ਰਿਹਾ ਸੀ ਕਿ ਸਾਨੂੰ ਸਰਕਾਰ ਬਾਰ-ਬਾਰ ਮੀਟਿੰਗਾਂ ਬੁਲਾ ਕੇ ਲਾਰੇ ਲੱਪੇ ਹੀ ਲਾਉਂਦੀ ਹੈ । ਜਦ ਕਿ ਸਾਡੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੰਦਾ। ਇਸ ਸਮੇਂ ਉਹਨਾਂ ਨੂੰ ਧਰਨੇ ਤੋਂ ਉਠਾਉਣ ਲਈ ਪੁੱਜੀ ਚੰਡੀਗੜ੍ਹ ਪੁਲਿਸ ਵੀ ਨੇਤਰਹੀਨਾ ਅੱਗੇ ਪਿਘਲ ਗਈ । ਚੰਡੀਗੜ੍ਹ ਪੁਲਿਸ ਜੋ ਕਿ ਡੰਡੇ ਲੈ ਕੇ ਪੁੱਜੀ ਹੋਈ ਸੀ ਨੇ ਉਹਨਾਂ ਨੂੰ ਵਰ੍ਹਦੀ ਗਰਮੀ ਚ ਵੇਰਕਾ ਦੇ ਮਿੱਠੇ ਦੁੱਧ ਦੀਆਂ ਬੋਤਲਾਂ ਪਿਲਾਈਆਂ। ਭਾਵੇਂ ਤਿੰਨਾਂ ਵੱਲੋਂ ਧਰਨਾ ਜਾਰੀ ਕਰ ਦਿੱਤਾ ਗਿਆ । ਇਸ ਸਮੇਂ ਖਬਰ ਲਿਖਣ ਤੱਕ ਇਹ ਨੇਤਰਹੀਨ ਪੰਜਾਬ ਸਰਕਾਰ ਤੋਂ ਲਿਖਤੀ ਤੌਰ ਤੇ ਮੀਟਿੰਗ ਦਾ ਸਮਾਂ ਮੰਗ ਰਹੇ ਹਨ ਜਿਸ ਵਿੱਚ ਉਹ ਆਪਣੀਆਂ ਮੰਗਾਂ ਰੱਖਣਗੇ। ਇਹ ਵੀ ਪਤਾ ਲੱਗਾ ਹੈ ਕਿ ਪਿੱਛੇ ਇਹਨਾਂ ਨੂੰ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ 10 ਜੁਲਾਈ ਤੋਂ ਬਾਅਦ ਵਿੱਚ ਮੀਟਿੰਗ ਕਰਵਾਉਣ ਬਾਰੇ ਕਿਹਾ ਗਿਆ ਪਰ ਇਹ ਨਹੀਂ ਮੰਨੇ ਅਤੇ ਇਹਨਾਂ ਵੱਲੋਂ ਇਹੋ ਕਿਹਾ ਜਾ ਰਿਹਾ ਹੈ ਕਿ ਜਲੰਧਰ ਵੋਟਾਂ ਤੋਂ ਪਹਿਲਾਂ ਸਾਨੂੰ ਲਿਖਤੀ ਤੌਰ ਤੇ ਮੀਟਿੰਗ ਲਈ ਸਮਾਂ ਚਾਹੀਦਾ ਹੈ।
