July 6, 2024 01:56:42
post

Jasbeer Singh

(Chief Editor)

Punjab, Haryana & Himachal

ਬਿਕਰਮ ਮਜੀਠੀਆ ਨੇ ਕੀਤੀ ਮੰਗ,ਹਰਿਆਣਾ ਪੁਲਿਸ ਵੱਲੋਂ ਅਗਵਾ ਨੌਜਵਾਨ ਕੀਤਾ ਜਾਵੇ ਪਰਿਵਾਰ ਦੇ ਹਵਾਲੇ

post-img

ਚੰਡੀਗੜ੍ਹ :ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਇਹ ਮੰਗ ਕੀਤੀ ਕਿ ਹਰਿਆਣਾ ਸਰਕਾਰ ਪੰਜਾਬ ਦੇ ਉਸ ਨੌਜਵਾਨ ਕਿਸਾਨ ਨੂੰ ਪਰਿਵਾਰ ਹਵਾਲੇ ਕਰੇ ਜਿਸ ਨੂੰ ਹਰਿਆਣਾ ਪੁਲਿਸ ਨੇ ਅਗਵਾ ਕੀਤਾ ਹੈ। ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਪੁਲਿਸ ਨੇ ਇਸ ਨੌਜਵਾਨ ਨੂੰ ਗੰਭੀਰ ਜ਼ਖ਼ਮੀ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮਾਮਲਾ ਹਰਿਆਣਾ ਸਰਕਾਰ ਕੋਲ ਚੁੱਕਣ ਵਿੱਚ ਫੇਲ੍ਹ ਰਹਿਣ ਅਤੇ ਪਰਿਵਾਰ ਨੂੰ ਨਿਆਂ ਵਾਸਤੇ ਹਾਈ ਕੋਰਟ ਤੱਕ ਪਹੁੰਚ ਕਰਨ ਲਈ ਮਜਬੂਰ ਕਰਨ ਲਈ ਸਖਤ ਸ਼ਬਦਾਂ ‘ਚ ਨਿਖੇਧੀ ਕੀਤੀ। ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮਜੀਠੀਆ ਨੇ ਕਿਹਾ ਕਿ 30 ਸਾਲਾਂ ਦੇ ਅੰਮ੍ਰਿਤਧਾਰੀ ਗੁਰਸਿੱਖ ਕਿਸਾਨ ਪ੍ਰੀਤਪਾਲ ਸਿੰਘ ਨੂੰ ਹਰਿਆਣਾ ਪੁਲਿਸ ਨੇ ਖਨੌਰੀ ਤੋਂ ਉਸ ਵੇਲੇ ਅਗਵਾ ਕਰ ਲਿਆ ਸੀ ਜਦੋਂ ਉਹ ਲੰਗਰ ਵਰਤਾਉਣ ਲਈ ਗਿਆ ਸੀ ਅਤੇ ਟਰਾਲੀ ਵਿਚ ਬੈਠਾ ਸੀ। ਉਨ੍ਹਾਂ ਨੇ ਕਿਹਾ ਕਿ ਚਸ਼ਮਦੀਦ ਗਵਾਹਾਂ ਨੇ ਦੱਸਿਆ ਕਿ ਨੌਜਵਾਨਾਂ ਨੂੰ ਬੈਰੀਕੇਡ ਦੇ ਪਰਲੇ ਪਾਸੇ ਸੁੱਟ ਦਿੱਤਾ ਗਿਆ ਅਤੇ ਫਿਰ ਬੋਰੀ ‘ਚ ਪਾ ਕੇ ਬੁਰੀ ਤਰ੍ਹਾਂ ਕੁੱਟਿਆ ਮਾਰਿਆ ਜਿਸ ਕਾਰਨ ਉਸ ਦੀ ਇਕ ਲੱਤ ਟੁੱਟ ਗਈ ਜਬਾੜਾ ਤੇ ਨੱਕ ਵੀ ਟੁੱਟ ਗਏ ਤੇ ਹੋਰ ਗੰਭੀਰ ਸੱਟਾਂ ਵੱਜੀਆਂ।ਬਿਕਰਮ ਮਜੀਠੀਆ ਜਿਨ੍ਹਾਂ ਨੇ ਪ੍ਰੀਤਪਾਲ ਦੇ ਪਿਤਾ ਦਵਿੰਦਰ ਸਿੰਘ ਦੇ ਨਾਲ ਰਲ ਕੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ ਉਨ੍ਹਾਂ ਨੇ ਕਿਹਾ ਕਿ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਦੇ ਬਾਵਜੂਦ ਪ੍ਰੀਤਪਾਲ ਸਿੰਘ ਦੇ ਖਿਲਾਫ ਧਾਰਾ 307 IPC ਤਹਿਤ ਕੇਸ ਦਰਜ ਕਰ ਦਿੱਤਾ ਗਿਆ ਤੇ ਉਸਦਾ ਸਹੀ ਮੈਡੀਕਲ ਇਲਾਜ ਨਹੀਂ ਕੀਤਾ ਜਾ ਰਿਹਾ ਹਾਲਾਂਕਿ ਉਹ ਪੀ ਜੀ ਆਈ ਰੋਹਤਕ ਵਿਚ ਜੇਰੇ ਇਲਾਜ ਹੈ। ਉਹਨਾਂ ਕਿਹਾ ਕਿ ਹਰਿਆਣਾ ਸਰਕਾਰ ਪੀੜਤ ਪਰਿਵਾਰ ਦੀਆਂ ਅਪੀਲਾਂ ਨਹੀਂ ਸੁਣ ਰਹੀ ਤੇ ਉਸਨੂੰ ਸੁਪਰ ਸਪੈਸ਼ਲਟੀ ਹਸਪਤਾਲ ਨਹੀਂ ਲਿਜਾਣ ਦਿੱਤਾ ਜਾ ਰਿਹਾ ਤੇ ਨਾ ਹੀ ਉਸ ਖਿਲਾਫ ਦਰਜ ਐਫ ਆਈ ਆਰ ਦੀ ਕਾਪੀ ਦਿੱਤੀ ਜਾ ਰਹੀ ਹੈ।ਮਜੀਠੀਆ ਨੇ ਮੰਗ ਕੀਤੀ ਕਿ ਪ੍ਰੀਤਪਾਲ ਸਿੰਘ ਨੂੰ ਪਰਿਵਾਰ ਹਵਾਲੇ ਕੀਤਾ ਜਾਵੇ ਤਾਂ ਜੋ ਉਸਦਾ ਸਹੀ ਇਲਾਜ ਕਰਵਾਇਆ ਜਾ ਸਕੇ।ਉਹਨਾਂ ਕਿਹਾ ਕਿ ਉਹ ਤੇ ਉਹਨਾਂ ਦੀ ਵਿਧਾਇਕ ਪਤਨੀ ਸ੍ਰੀਮਤੀ ਗਨੀਵ ਕੌਰ ਇਹ ਲਿਖਤੀ ਹਲਫਨਾਮਾ ਦੇਣ ਲਈ ਤਿਆਰ ਹਨ ਕਿ ਤੰਦਰੁਸਤ ਹੋਣ ਮਗਰੋਂ ਲੜਕੇ ਨੂੰ ਜਿਵੇਂ ਅਤੇ ਜਦੋਂ ਵੀ ਲੋੜ ਪਵੇ ਉਹ ਆਪ ਲੈ ਕੇ ਹਰਿਆਣਾ ਪੁਲਿਸ ਕੋਲ ਪੇਸ਼ ਕਰ ਦੇਣਗੇ।ਮੁੱਖ ਮੰਤਰੀ ਭਗਵੰਤ ਮਾਨ ’ਤੇ ਵਰ੍ਹਦਿਆਂ ਅਕਾਲੀ ਦਲ ਦੇ ਆਗੂ ਨੇ ਕਿਹਾ ਕਿ ਜੇਕਰ ਪ੍ਰੀਤਪਾਲ ਸਿੰਘ ਨੂੰ ਕੁਝ ਵੀ ਹੁੰਦਾ ਹੈ ਤਾਂ ਇਸ ਲਈ ਮੁੱਖ ਮੰਤਰੀ ਸਿੱਧੇ ਤੌਰ ’ਤੇ ਜ਼ਿੰਮੇਵਾਰ ਹੋਣਗੇ। ਉਹਨਾਂ ਕਿਹਾ ਕਿ ਹਾਲਾਂਕਿ ਐਸ ਐਸ ਪੀ ਤੇ ਡਿਪਟੀ ਕਮਿਸ਼ਨਰ ਮੌਕੇ ’ਤੇ ਮੌਜੂਦ ਸਨ ਪਰ ਇਸਦੇ ਬਾਵਜੂਦ ਪੰਜਾਬ ਪੁਲਿਸ ਹਰਿਆਣਾ ਪੁਲਿਸ ਵੱਲੋਂ ਪ੍ਰੀਤਪਾਲ ਸਿੰਘ ਤੇ ਹੋਰ ਪੰਜਾਬੀ ਨੌਜਵਾਨਾਂ ਨੂੰ ਅਗਵਾ ਕਰ ਕੇ ਲਿਜਾਣ ਦੀ ਕਾਰਵਾਈ ਨੂੰ ਮੂਕ ਦਰਸ਼ਕ ਬਣ ਕੇ ਵੇਖਦੀ ਰਹੀ। ਉਹਨਾਂ ਕਿਹਾ ਕਿ 7 ਤੋਂ 8 ਪੰਜਾਬੀ ਕਿਸਾਨ ਲਾਪਤਾ ਹਨ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰੀਤਪਾਲ ਦੇ ਪਿਤਾ ਦਵਿੰਦਰ ਸਿੰਘ ਨੇ ਕਿਹਾ ਕਿ ਆਪ ਸਰਕਾਰ ਤੋਂ ਕਿਸੇ ਨੇ ਵੀ ਉਹਨਾਂ ਤੱਕ ਪਹੁੰਚ ਨਹੀਂ ਕੀਤੀ ਜਿਸ ਕਾਰਨ ਉਹ ਰਾਹਤ ਲੈਣ ਲਈ ਹਾਈ ਕੋਰਟ ਤੱਕ ਪਹੁੰਚ ਕਰਨ ਵਾਸਤੇ ਮਜਬੂਰ ਹੋਏ ਹਨ। ਇਸ ਮੌਕੇ ਫੁੱਟ ਫੁੱਟ ਕੇ ਰੋਣ ਲੱਗੇ ਦਵਿੰਦਰ ਸਿੰਘ ਨੇ ਕਿਹਾ ਕਿ ਹਰਿਆਣਾ ਪੁਲਿਸ ਨੇ ਉਹਨਾਂ ਦੇ ਪੁੱਤਰ ਨਾਲ ਪਸ਼ੂਆਂ ਵਾਲਾ ਵਿਹਾਰ ਕੀਤਾ ਹੈ ਤੇ ਪੀ ਜੀ ਆਈ ਰੋਹਤਕ ਵਿਖੇ ਉਸਦਾ ਸਹੀ ਇਲਾਜ ਨਹੀਂ ਕੀਤਾ ਜਾ ਰਿਹਾ। ਉਹਨਾਂ ਕਿਹਾ ਕਿ ਪ੍ਰੀਤਪਾਲ ਨੂੰ ਲੱਤ ਤੇ ਜਬਾੜੇ ਦੇ ਤੁਰੰਤ ਅਪਰੇਸ਼ਨ ਦੀ ਲੋੜ ਹੈ ਤੇ ਇਸੇ ਲਈ ਉਹ ਉਸਦਾ ਦੂਜੇ ਹਸਪਤਾਲ ਵਿਚ ਇਲਾਜ ਕਰਵਾਉਣਾ ਚਾਹੁੰਦੇ ਹਨ।ਬਿਕਰਮ ਮਜੀਠੀਆ ਨੇ ਪਰਿਵਾਰ ਨੂੰ ਭਰੋਸਾ ਦੁਆਇਆ ਕਿ ਉਹ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਕੋਲ ਵੀ ਇਹ ਮਾਮਲਾ ਚੁੱਕਣਗੇ। ਉਹਨਾਂ ਨੇ ਹਰਿਆਣਾ ਸਰਕਾਰ ਵੱਲੋਂ ਸੂਬੇ ‘ਚ NSA ਲਾਗੂ ਕਰਨ ਦੇ ਯਤਨਾਂ ਦੀ ਨਿਖੇਧੀ ਕਰਦਿਆਂ ਕਿਹਾ ਕਿ ਅਜਿਹੇ ਤਾਨਾਸ਼ਾਹੀ ਕਦਮ ਲੋਕਤੰਤਰ ਲਈ ਠੀਕ ਨਹੀਂ ਹਨ।ਇਸ ਤੋਂ ਇਲਾਵਾ ਬਿਕਰਮ ਮਜੀਠੀਆ ਨੇ ਕਿਹਾ ਕਿ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦਾ ਪੋਸਟ ਮਾਰਟਮ ਹੁਣ ਤੱਕ ਨਹੀਂ ਹੋ ਸਕਿਆ ਕਿਉਂਕਿ ਪੰਜਾਬ ਸਰਕਾਰ ਨੇ ਕੇਸ ‘ਚ FIR ਦਰਜ ਨਹੀਂ ਕੀਤੀ। ਉਹਨਾਂ ਪੁੱਛਿਆ ਕਿ ਕੀ ਮੁੱਖ ਮੰਤਰੀ ਨੂੰ ਨਿਯਮਾਂ ਦੀ ਜਾਣਕਾਰੀ ਨਹੀਂ ਹੈ ? ਉਹਨਾਂ ਕਿਹਾ ਕਿ ਹਰਿਆਣਾ ਪੁਲਿਸ ਵੱਲੋਂ ਕੀਤੇ ਹਮਲਿਆਂ ‘ਚ ਜ਼ਖ਼ਮੀ ਕਿਸਾਨਾਂ ਦੇ ਮਾਮਲੇ MLR ਇਸ ਕਰ ਕੇ ਨਹੀਂ ਕੱਟੀਆਂ ਜਾ ਰਹੀਆਂ ਜਿਸ ਤੋਂ ਸੰਕੇਤ ਮਿਲਦਾ ਹੈ ਕਿ ਮੁੱਖ ਮੰਤਰੀ ਹਰਿਆਣਾ ਨਾਲ ਰਲ ਕੇ ਫਿਕਸ ਮੈਚ ਖੇਡ ਰਹੇ ਹਨ।

Related Post