

`ਆਪ` ਵਿਧਾਇਕ ਗੁਰਪ੍ਰੀਤ ਗੋਗੀ ਦੀ ਹੋਈ ਮੌਤ ਲੁਧਿਆਣਾ : ਪੰਜਾਬ ਦੇ ਮਹਾਨਗਰ ਲੁਧਿਆਣਾ ਦੇ ਪੱਛਮ ਹਲਕੇ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਦੀ ਭੇਦਭਰੇ ਹਾਲਾਤਾਂ ਵਿਚ ਮੌਤ ਹੋ ਜਾਣ ਬਾਰੇ ਪਤਾ ਲੱਗਿਆ ਹੈ । ਪ੍ਰਾਪਤ ਜਾਣਕਾਰੀ ਮੁਤਾਬਕ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਨੇ ਖੁਦ ਨੂੰ ਗੋਲੀ ਮਾਰੀ ਹੈ, ਜਿਸ ਤੋਂ ਬਾਅਦ ਉਹਨਾਂ ਨੂੰ ਡੀ. ਐਮ. ਸੀ. ਹਸਪਤਾਲ ਦੇ ਵਿੱਚ ਲਿਜਾਇਆ ਗਿਆ। ਹਾਲਾਂਕਿ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਜਿਸ ਸਮੇਂ ਗੁਰਪ੍ਰੀਤ ਸਿੰਘ ਗੋਗੀ ਆਪਣੀ ਪਿਸਤੌਲ ਸਾਫ ਕਰ ਰਹੇ ਸੀ ਉਸ ਸਮੇਂ ਅਚਾਨਕ ਉਨ੍ਹਾਂ ਨੂੰ ਗੋਲੀ ਲੱਗ ਗਈ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ । ਦੱਸਣਯੋਗ ਹੈ ਕਿ ਜਦੋਂ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤ ਐਲਾਨ ਦਿੱਤਾ । ਡੀ. ਐਮ. ਸੀ. ਹਸਪਤਾਲ ਦੇ ਵਿੱਚ ਪੁਲਸ ਕਮਿਸ਼ਨਰ ਅਤੇ ਪੁਲਸ ਦੇ ਉਚ ਅਧਿਕਾਰੀ ਮੌਕੇ ਤੇ ਪਹੁੰਚੇ ਹੋਏ ਹਨ । ਡਿਪਟੀ ਕਮਿਸ਼ਨਰ ਆਫ ਪੁਲਸ ਜਸਕਰਨ ਸਿੰਘ ਤੇਜਾ ਆਖਿਆ ਹੈ ਕਿ ਗੋਲੀ ਸਿਰ ਦੇ ਵਿੱਚ ਲੱਗੀ ਹੈ ਅਤੇ ਆਰ ਪਾਰ ਹੋਈ ਹੈ। ਪਰ ਦੂਜੇ ਪਾਸੇ ਡੀ. ਸੀ. ਪੀ. ਨੇ ਇਹ ਬਿਆਨ ਦਿੱਤਾ ਕਿ ਗੁਰਪ੍ਰੀਤ ਬੱਸੀ ਗੋਗੀ ਆਪਣੀ ਰਿਵਾਲਵਰ ਨੂੰ ਸਾਫ ਕਰ ਰਹੇ ਸੀ । ਇਸ ਸਬੰਧੀ ਜਾਣਕਾਰੀ ਦਿੰਦਿਆਂ ਜਸਕਰਨ ਸਿੰਘ ਤੇਜਾ ਨੇ ਦੱਸਿਆ ਕਿ ਪਰਿਵਾਰਿਕ ਮੈਂਬਰਾਂ ਦੇ ਬਿਆਨ ਮੁਤਾਬਕ ਇਹ ਐਕਸੀਡੈਂਟਲ ਫਾਇਰ ਹੋਇਆ ਹੈ । ਉਨ੍ਹਾਂ ਦੱਸਿਆ ਕਿ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਆਪਣੇ ਰਿਵਾਲਵਰ ਨੂੰ ਸਾਫ ਕਰਦੇ ਪਏ ਸੀ ਅਤੇ ਸਾਫ ਕਰਦੇ ਕਰਦੇ ਉਹਨਾਂ ਦੇ ਸਿਰ ’ਤੇ ਗੋਲੀ ਲੱਗ ਗਈ ਪਰ ਪੁਲਸ ਦਾ ਇਹ ਵੀ ਕਹਿਣਾ ਕਿ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਸਾਰੀ ਜਾਣਕਾਰੀ ਮਿਲੇਗੀ ਅਤੇ ਫਿਲਹਾਲ ਪੁਲਿਸ ਦੀ ਟੀਮ ਵੱਲੋਂ ਜਾਂਚ ਕੀਤੀ ਜਾ ਰਹੀ ਹੈ । ਮਿਲੀ ਜਾਣਕਾਰੀ ਮੁਤਾਬਿਕ ਮ੍ਰਿਤਕ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਦਾ ਅੰਤਿਮ ਸਸਕਾਰ ਦੁਪਹਿਰ 3 ਵਜੇ ਦੇ ਕਰੀਬ ਕੇਵੀਐਮ ਸਕੂਲ ਦੇ ਕੋਲ ਸਿਵਿਲ ਲਾਈਨ ਦੇ ਸ਼ਮਸ਼ਾਨ ਘਾਟ ਦੇ ਵਿੱਚ ਕੀਤਾ ਜਾਵੇਗਾ ।