

ਮਾਹਵਾਰੀ ਦੌਰਾਨ ਸਫ਼ਾਈ ਸਬੰਧੀ ਜਾਗਰੂਕਤਾ ਦਿਵਸ ਮਨਾਇਆ ਸਫ਼ਾਈ ਸਬੰਧੀ ਜਾਗਰੂਕਤਾ ਪੈਦਾ ਕਰਦਾ ਨਾਟਕ ਖੇਡਿਆ ਸੰਗਰੂਰ, 29 ਮਈ : ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਅਤੇ ਸਿਵਲ ਸਰਜਨ ਡਾ. ਸੰਜੇ ਕਾਮਰਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਅੰਜੂ ਸਿੰਗਲਾ ਦੀ ਅਗਵਾਈ ਵਿੱਚ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਵਿਖੇ ਮਾਹਵਾਰੀ ਦੌਰਾਨ ਸਫ਼ਾਈ ਸਬੰਧੀ ਜਾਗਰੂਕਤਾ ਦਿਵਸ ਮਨਾਇਆ ਗਿਆ । ਇਸ ਮੌਕੇ ਡਾ. ਅਮਨਜੋਤ ਕੌਰ ਨੇ ਦੱਸਿਆ ਕਿ ਮਾਹਵਾਰੀ ਇੱਕ ਕੁਦਰਤੀ ਪ੍ਰਕਿਰਿਆ ਹੈ ਅਤੇ ਇਸ ਵਿੱਚ ਚਿੰਤਾ, ਡਰ ਜਾਂ ਸ਼ਰਮ ਵਾਲੀ ਕੋਈ ਗੱਲ ਨਹੀਂ ਹੈ। ਕੁੜੀਆਂ ਇਸ ਸਬੰਧੀ ਆਪਣੀ ਮਾਤਾ, ਭੈਣਾਂ ਜਾਂ ਮਹਿਲਾ ਅਧਿਆਪਕਾਂ ਨਾਲ ਖੁੱਲ੍ਹ ਕੇ ਗੱਲ ਕਰ ਸਕਦੀਆਂ ਹਨ। ਜ਼ਿਆਦਾਤਰ ਕੁੜੀਆਂ/ਔਰਤਾਂ ਵਿੱਚ ਮਾਹਵਾਰੀ ਚੱਕਰ ਦਾ ਸਮਾਂ 28 ਦਿਨ ਹੁੰਦਾ ਹੈ। ਪਰ ਕਈ ਕੁੜੀਆਂ/ਔਰਤਾਂ ਲਈ ਮਾਹਵਾਰੀ ਚੱਕਰ 21-42 ਦਿਨ ਦਾ ਵੀ ਹੋ ਸਕਦਾ ਹੈ । ਮਾਹਵਾਰੀ ਦੌਰਾਨ ਸਾਦਾ ਅਤੇ ਸੰਤੁਲਿਤ ਭੋਜਨ ਖਾਣਾ ਚਾਹੀਦਾ ਹੈ। ਉਨ੍ਹਾਂ ਨੇ ਮਾਹਵਾਰੀ ਦੌਰਾਨ ਸਫ਼ਾਈ ਲਈ ਜ਼ਰੂਰੀ ਨੁਕਤਿਆਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਦਿਨ ਵਿੱਚ ਇੱਕ ਵਾਰ ਜ਼ਰੂਰ ਨਹਾਉਣਾ, ਨਿਯਮਤ ਤੌਰ 'ਤੇ ਡਿਸਪੋਜ਼ਏਬਲ ਸੈਨੇਟਰੀ ਨੈਪਕਿਨ/ਪੈਡ ਜਾਂ ਸਾਫ਼ ਕੱਪੜੇ ਦੀ ਵਰਤੋਂ ਕੀਤੀ ਜਾਵੇ ਅਤੇ ਵਰਤੇ ਹੋਏ ਸੈਨੇਟਰੀ ਨੈਪਕਿਨ/ਪੈਡ ਨੂੰ ਇੱਕ ਕਾਗਜ਼ ਵਿੱਚ ਲਪੇਟ ਕੇ ਡਸਟਬਿਨ ਵਿੱਚ ਸੁੱਟਿਆ ਜਾਵੇ, ਜੋ ਰੋਜ਼ਾਨਾ ਖਾਲੀ ਕੀਤੇ ਜਾਂਦੇ ਹਨ । ਡਿਸਪੋਜ਼ਏਬਲ ਸੈਨੇਟਰੀ/ਨੈਪਕਿਨ, ਪੈਡ ਜਾਂ ਕੱਪੜਾ ਬਦਲਣ ਤੋਂ ਬਾਅਦ ਸਾਬਣ ਨਾਲ ਹੱਥ ਜ਼ਰੂਰ ਧੋਣੇ ਚਾਹੀਦੇ ਹਨ। ਸੂਤੀ ਕੱਪੜੇ ਦੇ ਪੈਡ ਨੂੰ ਚੰਗੀ ਤਰ੍ਹਾਂ ਧੋ ਕੇ ਅਤੇ ਧੁੱਪ ਵਿੱਚ ਸੁਕਾ ਕੇ ਦੁਬਾਰਾ ਵਰਤਿਆ ਜਾ ਸਕਦਾ ਹੈ। ਸਫ਼ਰ ਦੌਰਾਨ ਕੁੜੀਆਂ/ਔਰਤਾਂ ਨੂੰ ਵਾਧੂ ਸੈਨੇਟਰੀ/ਨੈਪਕਿਨ, ਪੈਡ ਜਾਂ ਸੂਤੀ ਕੱਪੜਾ ਆਪਣੇ ਨਾਲ ਰੱਖਣਾ ਚਾਹੀਦਾ ਹੈ । ਇਸ ਮੌਕੇ ਮਾਹਵਾਰੀ ਦੌਰਾਨ ਸਫਾਈ ਸਬੰਧੀ ਜਾਗਰੂਕਤਾ ਪੈਦਾ ਕਰਦਾ ਨਾਟਕ ਖੇਡਿਆ ਗਿਆ ਅਤੇ ਵਿਦਿਆਰਥਣਾਂ ਨੂੰ ਸੈਨੇਟਰੀ ਪੈਡ ਵੀ ਵੰਡੇ ਗਏ। ਉਨ੍ਹਾਂ ਕਿਹਾ ਸਫ਼ਾਈ ਦੀ ਕਮੀਂ ਕੁੜੀਆਂ/ਔਰਤਾਂ ਦੇ ਸਰੀਰ 'ਤੇ ਮਾੜੇ ਪ੍ਰਭਾਵ ਪਾ ਸਕਦੀ ਹੈ । ਇਸ ਮੌਕੇ ਡਾ. ਅਸ਼ਮਿਤਾ ਜਿੰਦਲ, ਡਾ. ਜਸਦੀਪ ਕੌਰ, ਸਕੂਲ ਪ੍ਰਿੰਸੀਪਲ ਸੁਨੀਤਾ, ਸਿਹਤ ਅਧਿਆਪਕਾ ਅਰਸ਼ਦੀਪ ਕੌਰ ਤੋਂ ਇਲਾਵਾ ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।