ਸੀ. ਐਮ. ਫਲਾਇੰਗ ਸਕੁਆਡ ਨੇ ਪਾਈ ਕੁਤਾਹੀ ਕਰਨ ਤੇ ਸਖ਼ਤ ਕਾਰਵਾਈ ਚੰਡੀਗੜ੍ਹ 21 ਨਵੰਬਰ 2025 : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਵਿਕਾਸ ਕਾਰਜਾਂ ਦੀ ਸਮੀਖਿਆ ਲਈ ਤਾਇਨਾਤ ਕੀਤੀ ਗਈ ਸੀ. ਐਮ. ਫਲਾਇੰਗ ਸਕੁਆਡ ਨੇ ਅੱਜ ਸਖ਼ਤ ਨਿਗਰਾਨੀ ਪ੍ਰਣਾਲੀ ਤਹਿਤ ਕਾਰਵਾਈ ਕਰਦਿਆਂ ਇਹ ਸਾਬਤ ਕਰ ਦਿੱਤਾ ਹੈ ਕਿ ਮਾਨ ਸਰਕਾਰ ਵਿੱਚ ਲਾਪ੍ਰਵਾਹੀ ਜਾਂ ਭ੍ਰਿਸ਼ਟਾਚਾਰ ਲਈ ਕੋਈ ਥਾਂ ਨਹੀਂ ਹੈ। ਕੀ ਸਖ਼ਤ ਐਕਸ਼ਨ ਲਿਆ ਸੀ. ਐਮ. ਫਲਾਇੰਗ ਸਕੁਆਡ ਨੇ ਸੀ. ਐਮ. ਫਲਾਇੰਗ ਸਕੁਐਡ ਨੇ ਪੰਜਾਬ ਦੇ ਜਿ਼ਲਾ ਮਾਨਸਾ ਅਧੀਨ ਆਉਂਦੇ ਖੇਤਰ ਭੀਖੀ ਵਿੱਚ ਮਾਖਾ ਚਾਹਲ ਸਪੈਸ਼ਲ ਕਨੈਕਸ਼ਨ ਰੋਡ ‘ਤੇ ਮਾਰਕੀਟ ਕਮੇਟੀ ਵੱਲੋਂ ਕੀਤੇ ਜਾ ਰਹੇ ਨਿਰਮਾਣ ਕਾਰਜ ਦਾ ਅਚਾਨਕ ਨਿਰੀਖਣ ਕਰਕੇ ਸੜਕ ਨਿਰਮਾਣ ਵਿੱਚ ਗੰਭੀਰ ਨੁਕਸ ਪਾਏ ਤਾਂ ਫੌਰੀ ਕਾਰਵਾਈ ਕਰਦਿਆਂ ਪੰਜਾਬ ਮੰਡੀ ਬੋਰਡ ਦੇ ਜੂਨੀਅਰ ਇੰਜੀਨੀਅਰ ਗੁਰਪ੍ਰੀਤ ਸਿੰਘ ਨੂੰ ਤੁਰੰਤ ਪ੍ਰਭਾਵ ਨਾਲ ਸੇਵਾ ਤੋਂ ਮੁਅੱਤਲ ਕਰ ਦਿੱਤਾ ਗਿਆ। ਇਥੇ ਹੀ ਬਸ ਨਹੀਂ ਸਬ-ਡਵੀਜ਼ਨਲ ਅਧਿਕਾਰੀ ਚਮਕੌਰ ਸਿੰਘ ਨੂੰ ਵੀ ਇੱਕ ਨੋਟਿਸ ਜਾਰੀ ਕੀਤਾ ਗਿਆ ਹੈ ਅਤੇ ਉਨ੍ਹਾਂ ਦੀ ਨਿਗਰਾਨੀ ਹੇਠ ਚੱਲ ਰਹੇ ਸਾਰੇ ਕੰਮ ਤੁਰੰਤ ਵਾਪਸ ਲੈ ਲਏ ਗਏ ਹਨ । ਸਰਕਾਰ ਨੇ ਸ਼ੁਰੂ ਕੀਤਾ ਹੈ ਸੂਬੇ ਵਿਚ ਪੇਂਡੂ ਲਿੰਕ ਸੜਕਾਂ ਦੀ ਮੁਰੰਮਤ ਅਤੇ ਅਪਗ੍ਰੇਡ ਕਰਨ ਦਾ ਪ੍ਰਾਜੈਕਟ ਪੰਜਾਬ ਸਰਕਾਰ ਨੇ ਰਾਜ ਭਰ ਵਿੱਚ 19,491 ਕਿਲੋਮੀਟਰ ਪੇਂਡੂ ਲਿੰਕ ਸੜਕਾਂ ਦੀ ਮੁਰੰਮਤ ਅਤੇ ਅਪਗ੍ਰੇਡ ਕਰਨ ਲਈ ਇੱਕ ਇਤਿਹਾਸਕ ਪ੍ਰੋਜੈਕਟ ਸ਼ੁਰੂ ਕੀਤਾ ਹੈ। ਇਸ ਪ੍ਰੋਜੈਕਟ ਦੀ ਕੁੱਲ ਲਾਗਤ 4,150.42 ਕਰੋੜ ਹੈ ਅਤੇ ਇਹ ਲਗਭਗ 7,373 ਸੜਕਾਂ ਨੂੰ ਕਵਰ ਕਰਦਾ ਹੈ। ਇਸ ਪ੍ਰੋਜੈਕਟ ਦੀ ਇੱਕ ਮੁੱਖ ਵਿਸ਼ੇਸ਼ਤਾ ਇਹ ਹੈ ਕਿ ਠੇਕੇਦਾਰਾਂ ਨੂੰ ਅਗਲੇ ਪੰਜ ਸਾਲਾਂ ਲਈ ਇਨ੍ਹਾਂ ਸੜਕਾਂ ਦੀ ਦੇਖਭਾਲ ਕਰਨ ਦੀ ਲੋੜ ਹੋਵੇਗੀ, ਜੋ ਕਿ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੈ। ਇਹ ਪ੍ਰਬੰਧ ਸੜਕਾਂ ਦੀ ਲੰਬੇ ਸਮੇਂ ਦੀ ਗੁਣਵੱਤਾ ਨੂੰ ਯਕੀਨੀ ਬਣਾਉਣ ਲਈ ਇੱਕ ਠੋਸ ਕਦਮ ਹੈ।
