post

Jasbeer Singh

(Chief Editor)

Punjab

ਫਾਰਮ ਸਲਾਹਕਾਰ ਸੇਵਾ ਕੇਂਦਰ ਸੰਗਰੂਰ ਨੇ ਪਿੰਡ ਘਨੌਰ ਕਲਾਂ ਵਿਖੇ ਲਗਾਇਆ ਜਾਗਰੂਕਤਾ ਕੈਂਪ

post-img

ਫਾਰਮ ਸਲਾਹਕਾਰ ਸੇਵਾ ਕੇਂਦਰ ਸੰਗਰੂਰ ਨੇ ਪਿੰਡ ਘਨੌਰ ਕਲਾਂ ਵਿਖੇ ਲਗਾਇਆ ਜਾਗਰੂਕਤਾ ਕੈਂਪ - ਝੋਨੇ ਦੀਆਂ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਅਤੇ ਮਿੱਟੀ ਪਾਣੀ ਪਰਖ ਸੰਬੰਧੀ ਦਿੱਤੀ ਜਾਣਕਾਰੀ ਸੰਗਰੂਰ, 7 ਮਈ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਡਾਇਰੈਕਟਰ ਪਸਾਰ ਸਿੱਖਿਆ ਦੇ ਦਿਸ਼ਾ ਨਿਰਦੇਸ਼ਾਂ ਹੇਠ ਫਾਰਮ ਸਲਾਹਕਾਰ ਸੇਵਾ ਕੇਂਦਰ, ਸੰਗਰੂਰ ਵਲੋਂ ਪਿੰਡ ਘਨੌਰ ਕਲਾਂ ਵਿਖੇ ਝੋਨੇ ਦੀਆਂ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਅਤੇ ਮਿੱਟੀ ਪਰਖ ਦੇ ਅਧਾਰ ਤੇ ਰਸਾਇਣਿਕ ਖਾਦਾਂ ਸੰਬੰਧੀ ਕਿਸਾਨ ਸਿਖਲਾਈ ਕੈਂਪ ਲਗਾਇਆ । ਕੈਂਪ ਦੀ ਪ੍ਰਧਾਨਗੀ ਕਰਦੇ ਹੋਏ ਡਾ. ਅਸ਼ੋਕ ਕੁਮਾਰ, ਜਿਲ੍ਹਾ ਪਸਾਰ ਵਿਗਿਆਨੀ (ਭੂਮੀ ਵਿਗਿਆਨ) ਨੇ ਕਿਸਾਨਾਂ ਨੂੰ ਝੋਨੇ ਦੀ ਨਵੀਂ ਕਿਸਮ ਪੀ ਆਰ 132 ਜੋ ਕਿ ਕੇਵਲ ਡੇਢ ਥੈਲੇ ਪ੍ਰਤੀ ਏਕੜ ਯੂਰੀਏ ਖਾਦ ਨਾਲ ਉਗਾਈ ਜਾ ਸਕਦੀ ਹੈ, ਬਾਰੇ ਵਿਸਥਾਰਪੂਰਵਕ ਦੱਸਿਆ। ਉਹਨਾਂ ਨੇ ਘੱਟ ਸਮੇਂ ਦੀ ਪ੍ਰਚੱਲਤ ਕਿਸਮ ਪੀ ਆਰ 126 ਬਾਰੇ ਵੀ ਚਾਨਣਾ ਪਾਇਆ ਅਤੇ ਕਿਸਾਨਾਂ ਨੂੰ ਇਸਦੀ ਲੁਆਈ 15 ਜੁਲਾਈ ਤੋਂ ਪਹਿਲਾਂ-ਪਹਿਲਾਂ ਕਰਨ ਦੀ ਸਲਾਹ ਦਿੱਤੀ। ਇਸ ਤੋਂ ਇਲਾਵਾ ਪੀ ਆਰ 131, ਪੀ ਆਰ 128 ਅਤੇ ਪੂਸਾ ਬਾਸਮਤੀ 1509 ਦੀ ਕਾਸ਼ਤ ਦੇ ਢੰਗਾਂ ਬਾਰੇ ਵੀ ਕਿਸਾਨਾਂ ਨੂੰ ਜਾਣੂ ਕਰਵਾਇਆ । ਡਾ. ਅਸ਼ੋਕ ਨੇ ਕਿਸਾਨਾਂ ਨੂੰ ਮਿੱਟੀ ਪਰਖ ਦੇ ਆਧਾਰ ਤੇ ਹੀ ਆਉਣ ਵਾਲੇ ਸਾਉਣੀ ਦੇ ਸੀਜ਼ਨ ਵਿੱਚ ਖਾਦਾਂ ਪਾਉਣ ਲਈ ਜਾਗਰੂਕ ਕੀਤਾ ਅਤੇ ਮਿੱਟੀ ਅਤੇ ਪਾਣੀ ਪਰਖ ਲਈ ਨਮੂਨੇ ਲੈਣ ਦੇ ਢੰਗਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ। ਉਹਨਾਂ ਝੋਨੇ ਵਿੱਚ ਯੂਰੀਏ ਨੂੰ ਸੰਜਮ ਨਾਲ ਵਰਤਣ, ਕੱਦੂ ਕਰਨ ਤੋਂ ਪਹਿਲਾਂ ਯੂਰੀਆ ਡਰਿਲ ਨਾ ਕਰਨ ਅਤੇ ਤਿੰਨ ਕਿਸ਼ਤਾਂ ਵਿੱਚ ਯੂਰੀਆ ਪਾਉਣ ਲਈ ਕਿਹਾ। ਬਾਸਮਤੀ ਵਿੱਚ ਝੰਡਾ ਰੋਗ ਤੋਂ ਬਚਾਅ ਲਈ ਬੀਜ ਸੋਧ ਦੀ ਮਹੱਤਤਾ ਬਾਰੇ, ਪਸ਼ੂਆਂ ਦੀ ਸਿਹਤ ਸੁਧਾਰ ਬਾਰੇ ਵੀ ਵਿਚਾਰ ਚਰਚਾ ਹੋਈ । ਭੂਮੀ ਦੀ ਜੈਵਿਕ ਸਿਹਤ ਵਧਾਉਣ ਲਈ ਝੋਨੇ ਅਤੇ ਬਾਸਮਤੀ ਦੀ ਪੌਦ ਨੂੰ ਲੱਗਣ ਵਾਲੇ ਜੀਵਾਣੂੰ ਖਾਦ ਦੇ ਟੀਕੇ (ਐਜ਼ੋਸਪਾਇਰਲਮ) ਬਾਰੇ ਡਾ. ਅਸ਼ੋਕ ਕੁਮਾਰ ਨੇ ਦੱਸਿਆ ਕਿ ਇਸ ਟੀਕੇ ਨੂੰ ਝੋਨੇ ਅਤੇ ਬਾਸਮਤੀ ਦੀ ਪੌਦ ਦੀਆਂ ਜੜ੍ਹਾਂ ਨੂੰ ਲਗਾਉਣਾ ਹੈ ਜਿਸ ਨਾਲ ਜ਼ਮੀਨ ਦੀ ਸਿਹਤ ਸੁਧਾਰ ਦੇ ਨਾਲ-ਨਾਲ ਝਾੜ ਵਿੱਚ ਵੀ ਵਾਧਾ ਹੁੰਦਾ ਹੈ।

Related Post