post

Jasbeer Singh

(Chief Editor)

Punjab

ਸੜਕ ਸੁਰੱਖਿਆ ਮਹੀਨਾ-2026 ਤਹਿਤ ਵੱਡੀ ਕਾਰਵਾਈ

post-img

ਸੜਕ ਸੁਰੱਖਿਆ ਮਹੀਨਾ-2026 ਤਹਿਤ ਵੱਡੀ ਕਾਰਵਾਈ ਆਰ. ਟੀ. ਏ. ਵੱਲੋਂ ਟੂਰਿਸਟ ਬੱਸਾਂ, ਓਵਰਲੋਡ ਅਤੇ ਹੈਵੀ ਵਹੀਕਲਾਂ ਦੀ ਰਾਤਰੀ ਵਿਸ਼ੇਸ਼ ਚੈਕਿੰਗ 19 ਵਾਹਨਾਂ ਦੇ ਚਲਾਨ, 4 ਲੱਖ 45 ਹਜ਼ਾਰ ਰੁਪਏ ਜੁਰਮਾਨਾ ਵਸੂਲ : ਗੁਰਮੀਤ ਕੁਮਾਰ ਬਾਂਸਲ ਮਾਲੇਰਕੋਟਲਾ, 22 ਜਨਵਰੀ 2026 : ਜ਼ਿਲ੍ਹਾ ਟਰਾਂਸਪੋਰਟ ਵਿਭਾਗ ਮਾਲੇਰਕੋਟਲਾ ਵੱਲੋਂ ਡਿਪਟੀ ਕਮਿਸ਼ਨਰ ਵਿਰਾਜ ਐਸ.ਤਿੜਕੇ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਰਾਸ਼ਟਰੀ ਸੜਕ ਸੁਰੱਖਿਆ ਮਹੀਨਾ-2026 ਦੇ ਤਹਿਤ ਸੜਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਲੜੀ ਤਹਿਤ ਖੇਤਰੀ ਟਰਾਂਸਪੋਰਟ ਅਫਸਰ ਕਮ ਐਸ. ਡੀ. ਐਮ. ਗੁਰਮੀਤ ਕੁਮਾਰ ਬਾਂਸਲ ਦੀ ਅਗਵਾਈ ਹੇਠ ਮਾਲੇਰਕੋਟਲਾ-ਸੰਗਰੂਰ ਰੋਡ ’ਤੇ ਜ਼ਿਲ੍ਹਾ ਟਰੈਫਿਕ ਪੁਲਿਸ ਦੇ ਸਹਿਯੋਗ ਨਾਲ ਟੂਰਿਸਟ ਬੱਸਾਂ, ਓਵਰਲੋਡ ਅਤੇ ਹੋਰ ਹੈਵੀ ਵਾਹਨਾਂ ਦੀ ਵਿਸ਼ੇਸ਼ ਰਾਤਰੀ ਚੈਕਿੰਗ ਕੀਤੀ ਗਈ । ਖੇਤਰੀ ਟਰਾਂਸਪੋਰਟ ਅਫਸਰ ਗੁਰਮੀਤ ਕੁਮਾਰ ਬਾਂਸਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੁਹਿੰਮ ਦੌਰਾਨ ਆਵਾਜਾਈ ਨਿਯਮਾਂ ਦੀ ਉਲੰਘਣਾ ਕਰਦੇ 19 ਵਾਹਨਾਂ ਦੇ ਚਲਾਨ ਕੀਤੇ ਗਏ ਅਤੇ ਕਰੀਬ 4 ਲੱਖ 45 ਹਜ਼ਾਰ ਰੁਪਏ ਜੁਰਮਾਨਾ ਵਜੋਂ ਵਸੂਲਿਆ ਗਿਆ । ਉਨ੍ਹਾਂ ਕਿਹਾ ਕਿ ਸੜਕ ਸੁਰੱਖਿਆ ਜਾਗਰੂਕਤਾ ਮਹੀਨੇ ਦਾ ਮੁੱਖ ਉਦੇਸ਼ ਆਮ ਲੋਕਾਂ ਨੂੰ ਸੜਕ ਸੁਰੱਖਿਆ ਨਿਯਮਾਂ ਪ੍ਰਤੀ ਸਚੇਤ ਕਰਨਾ ਅਤੇ ਸੜਕੀ ਹਾਦਸਿਆਂ ਨੂੰ ਘੱਟ ਤੋਂ ਘੱਟ ਕਰਨਾ ਹੈ।ਆਵਾਜਾਈ ਨਿਯਮਾਂ ਦੀ ਪਾਲਣਾ ਨਾ ਕੇਵਲ ਵਾਹਨ ਚਾਲਕਾਂ ਦੀ ਸੁਰੱਖਿਆ ਯਕੀਨੀ ਬਣਾਉਂਦੀ ਹੈ, ਸਗੋਂ ਹੋਰ ਰਾਹਗੀਰਾਂ ਦੀ ਜਾਨ-ਮਾਲ ਦੀ ਰੱਖਿਆ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦੀ ਹੈ । ਉਨ੍ਹਾਂ ਦੱਸਿਆ ਕਿ ਧੁੰਦ ਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਡਰਾਈਵਰਾਂ ਨੂੰ ਵਿਸ਼ੇਸ਼ ਸਾਵਧਾਨੀ ਵਰਤਣ, ਵਾਹਨਾਂ ਦੀਆਂ ਲਾਈਟਾਂ ਅਤੇ ਰਿਫਲੈਕਟਰ ਠੀਕ ਹਾਲਤ ਵਿੱਚ ਰੱਖਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਇਸਦੇ ਨਾਲ ਹੀ ਟਰੈਕਟਰ-ਟਰਾਲੀਆਂ, ਟਰੱਕਾਂ, ਕਾਰਾਂ ਅਤੇ ਹੋਰ ਵਾਹਨਾਂ ’ਤੇ ਰਿਫਲੈਕਟਰ ਵੀ ਲਗਾਏ ਜਾ ਰਹੇ ਹਨ ਤਾਂ ਜੋ ਦੁਰਘਟਨਾਵਾਂ ਤੋਂ ਬਚਾਅ ਕੀਤਾ ਜਾ ਸਕੇ । ਉਨ੍ਹਾਂ ਹੋਰ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ, ਟਰੱਕ ਯੂਨੀਅਨਾਂ ਅਤੇ ਟੈਕਸੀ ਸਟੈਂਡਾਂ ’ਤੇ ਜਾ ਕੇ ਨੌਜਵਾਨਾਂ ਅਤੇ ਆਮ ਲੋਕਾਂ ਨੂੰ ਟਰੈਫਿਕ ਨਿਯਮਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ । ਜ਼ਿਲ੍ਹਾ ਪ੍ਰਸ਼ਾਸਨ ਨੇ ਸਾਰੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਸੜਕਾਂ ’ਤੇ ਚਲਦਿਆਂ ਸਾਵਧਾਨੀ ਵਰਤਣ ਅਤੇ ਆਵਾਜਾਈ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਨ ਤਾਂ ਜੋ ਮਾਲੇਰਕੋਟਲਾ ਜ਼ਿਲ੍ਹੇ ਨੂੰ ਹਾਦਸਾ-ਰਹਿਤ ਅਤੇ ਸੁਰੱਖਿਅਤ ਬਣਾਇਆ ਜਾ ਸਕੇ ।

Related Post

Instagram