post

Jasbeer Singh

(Chief Editor)

Punjab

ਝੋਨੇ ਦੀਆਂ ਘੱਟ ਸਮੇਂ ਦੀਆਂ ਕਿਸਮਾਂ ਬੀਜ ਕੇ ਬਚਾਇਆ ਜਾ ਸਕਦੈ ਵਧੇਰੀ ਮਿਕਦਾਰ ਵਿੱਚ ਪਾਣੀ - ਖੇਤੀ ਮਾਹਿਰ

post-img

ਝੋਨੇ ਦੀਆਂ ਘੱਟ ਸਮੇਂ ਦੀਆਂ ਕਿਸਮਾਂ ਬੀਜ ਕੇ ਬਚਾਇਆ ਜਾ ਸਕਦੈ ਵਧੇਰੀ ਮਿਕਦਾਰ ਵਿੱਚ ਪਾਣੀ - ਖੇਤੀ ਮਾਹਿਰ - ਫਾਰਮ ਸਲਾਹਕਾਰ ਸੇਵਾ ਕੇਂਦਰ ਸੰਗਰੂਰ ਵੱਲੋਂ ਪਾਣੀ ਬਚਾਉਣ ਅਤੇ ਮਿੱਟੀ ਪਰਖ ਸਬੰਧੀ ਪਿੰਡ ਸ਼ੇਰੋਂ ਵਿਖੇ ਕੈਂਪ ਦਾ ਆਯੋਜਨ ਸੰਗਰੂਰ, 14 ਮਈ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਫਾਰਮ ਸਲਾਹਕਾਰ ਸੇਵਾ ਕੇਂਦਰ ਸੰਗਰੂਰ ਵੱਲੋਂ ਝੋਨੇ ਦੀਆਂ ਘੱਟ ਸਮੇਂ ਦੀਆਂ ਕਿਸਮਾਂ ਬੀਜਣ ਅਤੇ ਪਾਣੀ ਬਚਾਉਣ ਸਬੰਧੀ ਪਿੰਡ ਸ਼ੇਰੋਂ ਵਿਖੇ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ 70 ਤੋਂ ਵੱਧ ਕਿਸਾਨਾਂ ਨੇ ਭਾਗ ਲਿਆ। ਕੈਂਪ ਦੀ ਪ੍ਰਧਾਨਗੀ ਕਰਦੇ ਹੋਏ ਡਾ. ਅਸ਼ੋਕ ਕੁਮਾਰ ਗਰਗ, ਜਿਲ੍ਹਾ ਪਸਾਰ ਮਾਹਿਰ ਨੇ ਕਿਸਾਨਾਂ ਨੂੰ ਪੀ.ਏ.ਯੂ. ਵੱਲੋਂ ਸਿਫਾਰਸ਼ ਕਿਸਮਾਂ ਜਿਵੇਂ ਕਿ ਪੀ ਆਰ 131, ਪੀ ਆਰ 128, ਪੀ ਆਰ 126 ਆਦਿ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਹਨਾਂ ਨੇ ਨਵੀਂ ਕਿਸਮ ਪੀ ਆਰ 132 ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਹ ਕਿਸਮ ਕੇਵਲ 67.5 ਕਿਲੋ ਯੂਰੀਆ ਪ੍ਰਤੀ ਏਕੜ ਪਾ ਕੇ ਉਗਾਈ ਜਾ ਸਕਦੀ ਹੈ, ਇਸ ਤੋਂ ਇਲਾਵਾ ਪੀ ਆਰ 131, ਪੀ ਆਰ 128 ਕਿਸਮਾਂ ਜੋ ਕਿ ਕ੍ਰਮਵਾਰ 31 ਅਤੇ 30.5 ਕੁਇੰਟਲ ਔਸਤਨ ਝਾੜ ਪ੍ਰਤੀ ਏਕੜ ਦਿੰਦੀਆਂ ਹਨ ਅਤੇ ਲੁਆਈ ਤੋਂ ਬਾਅਦ ਕ੍ਰਮਵਾਰ 110 ਅਤੇ 111 ਦਿਨਾਂ ਦਾ ਸਮਾਂ ਲੈਂਦੀਆਂ ਹਨ। ਬਾਸਮਤੀ ਵਿੱਚ ਪੂਸਾ ਬਾਸਮਤੀ 1509 ਅਤੇ ਪੰਜਾਬ ਬਾਸਮਤੀ 7 ਵਿੱਚ ਖਾਦਾਂ ਦੀ ਲੋੜ ਅਤੇ ਝੰਡਾ ਰੋਗ ਦੀ ਰੋਕਥਾਮ ਲਈ ਬੀਜ ਸੋਧ ਬਾਰੇ ਵਿਸਥਾਰਪੂਰਵਕ ਚਰਚਾ ਹੋਈ। ਡਾ. ਅਸ਼ੋਕ ਨੇ ਕਿਸਾਨਾਂ ਨੂੰ ਮਿੱਟੀ ਪਰਖ ਦੇ ਆਧਾਰ ਉਤੇ ਹੀ ਖਾਦਾਂ ਪਾਉਣ ਲਈ ਪ੍ਰੇਰਦੇ ਹੋਏ ਕਿਹਾ ਕਿ ਖਾਦਾਂ ਦੀ ਸੰਤੁਲਿਤ ਵਰਤੋਂ ਨਾਲ ਜਿੱਥੇ ਖੇਤੀ ਖਰਚੇ ਘਟਣਗੇ ਉੱਥੇ ਝਾੜ ਵਿੱਚ ਵੀ ਵਾਧਾ ਹੋਵੇਗਾ। ਉਨ੍ਹਾਂ ਅੱਗੇ ਕਿਹਾ ਕਿ ਕਿਸਾਨ ਵੀਰ ਝੋਨੇ ਵਿੱਚ ਜ਼ਿੰਕ ਦੀ ਘਾਟ ਨੂੰ ਪੂਰਾ ਕਰਨ ਲਈ ਸਿਫਾਰਿਸ਼ ਕੀਤੀ ਪੂਰੀ ਮਾਤਰਾ ਹੀ ਪਾਉਣ। ਜੈਵਿਕ ਖਾਦਾਂ ਬਾਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਝੋਨੇ ਦੀ ਪੌਦ ਨੂੰ ਲੱਗਣ ਵਾਲਾ ਐਜ਼ੋਸਪਾਇਰਲਮ ਦਾ ਟੀਕਾ ਜਿੱਥੇ ਝਾੜ ਵਧਾਉਣ ਵਿੱਚ ਸਹਾਈ ਹੁੰਦਾ ਹੈ ਉੱਥੇ ਜ਼ਮੀਨ ਦੀ ਜੈਵਿਕ ਸਿਹਤ ਨੂੰ ਵੀ ਸੁਧਾਰਦਾ ਹੈ। ਡਾ. ਦੁਸ਼ਯੰਤ ਕੁਮਾਰ, ਵੈਟਨਰੀ ਅਫਸਰ ਸ਼ੇਰੋਂ ਨੇ ਕਿਸਾਨਾਂ ਨੂੰ ਪਸ਼ੂਆਂ ਦੀ ਸਿਹਤ ਸੁਧਾਰ ਸਬੰਧੀ ਨੁਕਤੇ ਸਾਂਝੇ ਕਰਦੇ ਹੋਏ ਦੱਸਿਆ ਕਿ ਧਾਤਾਂ ਦਾ ਚੂਰਾ, ਬਾਈਪਾਸ ਫੈਟ ਅਤੇ ਪਸ਼ੂ ਚਾਟ ਆਦਿ ਦੀ ਵਰਤੋਂ ਕਰਕੇ ਪਸ਼ੂ ਪਾਲਕ ਆਪਣੇ ਪਸ਼ੂਆਂ ਨੂੰ ਤੰਦਰੁਸਤ ਰੱਖਣ ਦੇ ਨਾਲ-ਨਾਲ ਦੁੱਧ ਦੀ ਪੈਦਾਵਾਰ ਵੀ ਵਧਾ ਸਕਦੇ ਹਨ। ਉਹਨਾਂ ਕਿਸਾਨਾਂ ਨੂੰ ਪਸ਼ੂ ਬੀਮੇ ਬਾਰੇ ਵੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਅਤੇ ਵਿਭਾਗ ਵਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਵੀ ਚਾਨਣਾ ਪਾਇਆ। ਪਿੰਡ ਦੇ ਸਰਪੰਚ ਸ. ਸਤਿਗੁਰ ਸਿੰਘ, ਸ. ਅਮ੍ਰਿਤਪਾਲ ਅਤੇ ਹੋਰ ਕਿਸਾਨ ਵੀਰਾਂ ਨੇ ਕੈਂਪ ਨੂੰ ਆਯੋਜਿਤ ਕਰਨ ਵਿੱਚ ਪੂਰਾ ਯੋਗਦਾਨ ਪਾਇਆ। ਅੰਤ ਵਿੱਚ ਕਿਸਾਨ ਵੀਰਾਂ ਲਈ ਪੀ.ਏ.ਯੂ. ਲੁਧਿਆਣਾ ਵਲੋਂ ਸਿਫਾਰਿਸ਼ ਬੀਜਾਂ ਜਿਵੇਂ ਕਿ ਪੀ ਆਰ 131, ਪੀ ਆਰ 132, ਪੂਸਾ ਬਾਸਮਤੀ 1509, ਪੰਜਾਬ ਬਾਸਮਤੀ 7, ਪੀ.ਏ.ਯੂ. ਖੇਤੀ ਸਾਹਿਤ ਅਤੇ ਜੀਵਾਣੂੰ ਖਾਦ ਦੇ ਟੀਕਿਆਂ ਦੀ ਵਿੱਕਰੀ ਵੀ ਕੀਤੀ ਗਈ। ਕਿਸਾਨਾਂ ਦੁਆਰਾ ਉਠਾਏ ਗਏ ਬਹੁਤ ਸਾਰੇ ਸਵਾਲਾਂ ਦੇ ਜਵਾਬ ਬਾਖੂਬੀ ਤਰਤੀਬਬੱਧ ਤਰੀਕੇ ਨਾਲ ਦਿੱਤੇ ਗਏ।

Related Post