
ਉੱਤਰ ਕਾਪੀਆਂ ਦੀਆਂ ਤਸਵੀਰਾਂ ਪ੍ਰਸਾਰਿਤ ਕੀਤੀਆਂ ਤਾਂ ਹੋਵੇਗੀ ਕਾਰਵਾਈ, ਪੰਜਾਬ ਸਕੂਲ ਸਿੱਖਿਆ ਬੋਰਡ ਨੇ ਜਾਰੀ ਕੀਤੇ ਆਦੇਸ਼
- by Jasbeer Singh
- March 25, 2024

ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਪ੍ਰੀਖਿਆਵਾਂ ਦੀਆਂ ਉੱਤਰ ਕਾਪੀਆਂ ਦੀ ਚੈਕਿੰਗ ਸਮੇਂ ਇਨ੍ਹਾਂ ਦੀਆਂ ਤਸਵੀਰਾਂ ਇੰਟਰਨੈੱਟ ਮੀਡੀਆ ’ਤੇ ਪ੍ਰਸਾਰਿਤ ਕਰਨੀਆਂ ਮਹਿੰਗੀਆਂ ਪੈ ਸਕਦੀਆਂ ਹਨ। ਕਿਉਂਕਿ ਅਜਿਹਾ ਕਰਨ ਵਾਲੇ ਅਧਿਆਪਕਾਂ ਖ਼ਿਲਾਫ਼ ਕਾਰਵਾਈ ਹੋਵੇਗੀ। ਪੰਜਾਬ ਸਕੂਲ ਸਿੱਖਿਆ ਬੋਰਡ ਨੇ ਇਹ ਫ਼ੈਸਲਾ ਕੀਤਾ ਹੈ। ਇਸ ਸਬੰਧੀ ਆਦੇਸ਼ ਜਾਰੀ ਕਰਦੇ ਹੋਏ ਬੋਰਡ ਨੇ ਕਿਹਾ ਕਿ ਉੱਤਰ ਕਾਪੀਆਂ ’ਤੇ ਕੁਝ ਵਿਦਿਆਰਥੀਆਂ ਵੱਲੋਂ ਅਕਸਰ ਹਾਸੋਹੀਣੇ ਜਵਾਬ ਲਿਖੇ ਜਾਂਦੇ ਹਨ। ਅਧਿਆਪਕ ਕਾਪੀ ਚੈੱਕ ਕਰਨ ਲੱਗੇ ਇਨ੍ਹਾਂ ਦੀਆਂ ਤਸਵੀਰਾਂ ਇੰਟਰਨੈੱਟ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ ’ਤੇ ਸਾਂਝੀਆਂ ਕਰਦੇ ਹਨ ਜਿਹੜੀਆਂ ਅੱਗੋ ਤੋਂ ਅੱਗੇ ਪ੍ਰਸਾਰਤ ਹੁੰਦੀਆਂ ਰਹਿੰਦੀਆਂ ਹਨ। ਪਰ ਬੋਰਡ ਨੇ ਇਸ ਰੁਝਾਨ ਨੂੰ ਰੋਕਣ ਦਾ ਫ਼ੈਸਲਾ ਕੀਤਾ ਹੈ। ਇਸ ਲਈ ਹੁਣ ਅਜਿਹਾ ਕਰਨ ਵਾਲੇ ਅਧਿਆਪਕਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।ਵਿਭਾਗ ਦਾ ਮੰਨਣਾ ਹੈ ਕਿ ਇਸ ਰੁਝਾਨ ਨਾਲ ਜਿੱਥੇ ਹੋਰਨਾਂ ਬੱਚਿਆਂ ਨੂੰ ਦੁਬਾਰਾ ਅਜਿਹਾ ਕਰਨ ਦਾ ਉਤਸ਼ਾਹ ਮਿਲਦਾ ਹੈ, ਉੱਥੇ ਇਸ ਨਾਲ ਹੋਰ ਅਧਿਆਪਕ ਇਸ ਤਰ੍ਹਾਂ ਕਰ ਰੁਝਾਨ ਨੂੰ ਵਧਾਉਂਦੇ ਹਨ। ਵਿਭਾਗ ਮੁਤਾਬਕ ਜੇ ਇਸ ਵਾਰ ਅਜਿਹਾ ਹੋਇਆ ਤਾਂ ਸਬੰਧਤ ਅਧਿਆਪਕ ਨੂੰ ਇਸ ਲਈ ਵਿਭਾਗੀ ਕਾਰਵਾਈ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ। ਇੱਥੇ ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਾਲਾਂ ਤੋਂ ਇੰਟਰਨੈੱਟ ਸੋਸ਼ਲ ਮੀਡੀਆ ਦੇ ਆਉਣ ਤੋਂ ਬਾਅਦ ਇਹ ਰੁਝਾਨ ਜ਼ਿਆਦਾ ਵਧ ਗਿਆ ਹੈ।ਚੈਕਿੰਗ ’ਚ ਗੜਬੜੀ ’ਤੇ ਹੋਵੇਗੀ ਕਾਰਵਾਈ ਪੰਜਾਬ ਸਕੂਲ ਸਿੱਖਿਆ ਬੋਰਡ ਦੀ 10ਵੀਂ ਦੀ ਪ੍ਰੀਖਿਆ ਹੋ ਚੁੱਕੀ ਹੈ ਅਤੇ 12ਵੀਂ ਦੇ ਪੇਪਰ 30 ਮਾਰਚ ਤੱਕ ਹੋਣਗੇ। ਪੰਜਾਬ ਸਕੂਲ ਐਜੂਕੇਸ਼ਨ ਬੋਰਡ ’ਚ ਦਸਵੀਂ ਅਤੇ ਬਾਰ੍ਹਵੀਂ ਕਲਾਸ ਦੀ ਪ੍ਰੀਖਿਆ ਦੌਰਾਨ ਪੇਪਰਾਂ ਦੀ ਚੈਕਿੰਗ ਵਿਚ ਗੜਬੜੀ ਹੋਈ ਤਾਂ ਚੈਕਿੰਗ ਸਟਾਫ ’ਤੇ ਕਾਰਵਾਈ ਹੋਵੇਗੀ। ਇਸ ਲਈ ਬੋਰਡ ਨੇ ਪੇਪਰਾਂ ਦੀ ਚੈਕਿੰਗ ਸਹੀ ਤਰੀਕੇ ਨਾਲ ਕਰਨ ਸਬੰਧੀ ਸਟਾਫ ਨੂੰ ਹਦਾਇਤਾਂ ਦਿੱਤੀਆਂ ਹਨ। ਸਾਰਿਆਂ ਨੂੰ ਇਹੀ ਕਿਹਾ ਗਿਆ ਹੈ ਕਿ ਉੱਤਰ ਕਾਪੀਆਂ ਦੀ ਰੀ-ਚੈਕਿੰਗ ਅੰਕ ਦੇ ਜੋੜ ਵਿਚ ਅੰਤਰ ਜਾਂ ਕਿਸੇ ਪ੍ਰਸ਼ਨ ਦਾ ਉੱਤਰ ਬਿਨਾਂ ਮੁਲਾਂਕਣ ਤੋਂ ਰਹਿ ਜਾਣ ਦੀ ਸਥਿਤੀ ’ਚ ਜੇ ਵਿਦਿਆਰਥੀ ਦੇ ਨਤੀਜੇ ’ਤੇ ਪ੍ਰਭਾਵ ਪਿਆ ਤਾਂ ਚੈਕਿੰਗ ਸਟਾਫ ’ਤੇ ਕਾਰਵਾਈ ਹੋਵੇਗੀ। ਚੈਕਿੰਗ ’ਚ ਸੁਧਾਰ ਲਿਆਉਣ ਦੇ ਉਦੇਸ਼ ਨਾਲ ਲਿਆ ਫ਼ੈਸਲਾ : ਡੀਈਓ ਜ਼ਿਲ੍ਹਾ ਸਿੱਖਿਆ ਅਧਿਕਾਰੀ ਸੰਜੀਵ ਸ਼ਰਮਾ ਨੇ ਦੱਸਿਆ ਕਿ ਪੇਪਰਾਂ ਦੀ ਚੈਕਿੰਗ ’ਚ ਸੁਧਾਰ ਲਿਆਉਣ ਦੇ ਉਦੇਸ਼ ਨਾਲ ਵਿਭਾਗ ਨੇ ਇਹ ਫ਼ੈਸਲਾ ਲਿਆ ਹੈ। ਉਨ੍ਹਾਂ ਦੱਸਿਆ ਕਿ ਇਸ ਨਾਲ ਜਿੱਥੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਕਾਰਗੁਜ਼ਾਰੀ ਦੇ ਆਧਾਰ ’ਤੇ ਹੀ ਅੰਕ ਮਿਲ ਸਕਣਗੇ, ਉੱਥੇ ਇੰਟਰਨੈੱਟ ਮੀਡੀਆ ’ਤੇ ਤਸਵੀਰਾਂ ਪ੍ਰਸਾਰਿਤ ਨਾ ਹੋਣ ਨਾਲ ਝੂਠੇ ਬਹਾਨੇ ਬਣਾਉਣ ਦਾ ਰੁਝਾਨ ਵੀ ਘਟੇਗਾ। ਉਨ੍ਹਾਂ ਵਿਦਿਆਰਥੀਆਂ ਨੂੰ ਪ੍ਰੀਖਿਆਵਾਂ ਲਈ ਮਿਹਨਤ ਕਰ ਕੇ ਚੰਗੇ ਅੰਕ ਲੈਣ ਲਈ ਦੀ ਸਲਾਹ ਦਿੱਤੀ।