
ਪੰਜਾਬੀ ਸਰਬੱਤ ਦਾ ਭਲਾ ਮੰਗਣ ਵਾਲੇ ਲੋਕ, ਰਾਜਸਥਾਨ ਰਾਹੀਂ ਫੌਜ ਨੂੰ ਪਾਣੀ ਦੇਣਾ ਦੇਸ਼ ਹਿੱਤ ਵਿੱਚ - ਕੈਬਨਿਟ ਮੰਤਰੀ ਬਰਿ
- by Jasbeer Singh
- May 12, 2025

ਪੰਜਾਬੀ ਸਰਬੱਤ ਦਾ ਭਲਾ ਮੰਗਣ ਵਾਲੇ ਲੋਕ, ਰਾਜਸਥਾਨ ਰਾਹੀਂ ਫੌਜ ਨੂੰ ਪਾਣੀ ਦੇਣਾ ਦੇਸ਼ ਹਿੱਤ ਵਿੱਚ - ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ - ਕਿਹਾ! ਬੀ ਬੀ ਐਮ ਬੀ ਮਸਲੇ ਨੂੰ ਸੁਲਝਾਉਣ ਲਈ ਕੇਂਦਰ ਸਰਕਾਰ ਨੇ ਸਹੀ ਰੋਲ ਨਹੀਂ ਨਿਭਾਇਆ - ਜੇਕਰ ਲੋੜ੍ਹ ਪਈ ਤਾਂ ਆਪਣੇ ਹਿੱਤ ਸੁਰੱਖਿਅਤ ਕਰਨ ਲਈ ਪੰਜਾਬ ਸਰਕਾਰ ਹਰ ਹੀਲਾ ਵਸੀਲਾ ਵਰਤੇਗੀ - ਜਲ ਸਰੋਤ ਮੰਤਰੀ - ਹੰਗਾਮੀ ਹਾਲਤ ਵਿੱਚ ਵੀ ਪੰਜਾਬ ਸਰਕਾਰ ਲੋਕਾਂ ਨਾਲ ਮੋਢੇ ਨਾਲ ਮੋਢਾ ਜੋੜ ਖੜ੍ਹੀ ਲਹਿਰਾਗਾਗਾ, 12 ਮਈ : ਪੰਜਾਬ ਦੇ ਜਲ ਸਰੋਤ ਵਿਭਾਗ ਦੇ ਕੈਬਨਿਟ ਮੰਤਰੀ ਸ਼੍ਰੀ ਬਰਿੰਦਰ ਕੁਮਾਰ ਗੋਇਲ ਨੇ ਪੰਜਾਬ ਸਰਕਾਰ ਵੱਲੋਂ ਰਾਜਸਥਾਨ ਰਾਹੀਂ ਫੌਜ ਨੂੰ ਪਾਣੀ ਦੇਣ ਦੀ ਸਹਿਮਤੀ ਦੇਣ ਨੂੰ ਦੇਸ਼ ਦੇ ਹਿੱਤ ਵਿੱਚ ਲਿਆ ਫੈਸਲਾ ਕਰਾਰ ਦਿੰਦਿਆਂ ਕਿਹਾ ਕਿ ਪੰਜਾਬੀ ਤਾਂ ਸਰਬੱਤ ਦਾ ਭਲਾ ਮੰਗਣ ਵਾਲੇ ਲੋਕ ਹਨ। ਅਸੀਂ ਤਾਂ ਆਪਣੇ ਮੂੰਹ ਦੀ ਬੁਰਕੀ ਵੀ ਕਿਸੇ ਦੀ ਭੁੱਖ ਮਿਟਾਉਣ ਲਈ ਦੇ ਸਕਦੇ ਹਾਂ। ਇਹ ਤਾਂ ਫਿਰ ਵੀ ਭਾਰਤੀ ਫ਼ੌਜ ਦੀ ਪਿਆਸ ਦੀ ਗੱਲ ਹੈ । ਉਹਨਾਂ ਕਿਹਾ ਕਿ ਪੰਜਾਬ ਸਰਕਾਰ ਰਾਜਸਥਾਨ ਰਾਹੀਂ ਭਾਰਤੀ ਫੌਜ ਨੂੰ ਪਾਣੀ ਦੇਣ ਲਈ ਤਿਆਰ ਹੈ ਕਿਉਂਕਿ ਇਹ ਹਿਤ ਦੇਸ਼ ਅਤੇ ਸਾਡੀ ਫ਼ੌਜ ਨਾਲ ਜੁੜਿਆ ਹੋਇਆ ਹੈ । ਉਹਨਾਂ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਪੰਜਾਬ ਨਾਲ ਧੱਕਾ ਕਰ ਰਹੀ ਹੈ। ਇਸ ਮਸਲੇ ਨੂੰ ਸੁਲਝਾਉਣ ਲਈ ਕੇਂਦਰ ਸਰਕਾਰ ਨੇ ਆਪਣਾ ਸਹੀ ਰੋਲ ਨਹੀਂ ਨਿਭਾਇਆ। ਸੱਚਾਈ ਤਾਂ ਇਹ ਹੈ ਕਿ ਹਰਿਆਣਾ ਨੇ ਬੀ ਬੀ ਐਮ ਬੀ ਤੋਂ ਮਿਲਦੇ ਪਾਣੀ ਦੀ ਉਚਿਤ ਵਰਤੋਂ ਨਹੀਂ ਕੀਤੀ । ਸਾਡਾ ਹਰਿਆਣਾ ਜਾਂ ਕਿਸੇ ਹੋਰ ਨਾਲ ਕੋਈ ਟਕਰਾਅ ਨਹੀਂ ਹੈ। ਹਰਿਆਣੇ ਵਾਲੇ ਸਿਰਫ ਧੱਕੇ ਨਾਲ ਪਾਣੀ ਖੋਹਣ ਦੀ ਗੱਲ ਕਰਦੇ ਸੀ। ਜੋ ਪੰਜਾਬ ਨੂੰ ਮਨਜੂਰ ਨਹੀਂ ਸੀ। ਉਹਨਾਂ ਸਪੱਸ਼ਟ ਕੀਤਾ ਕਿ ਕਾਨੂੰਨ ਅਤੇ ਮਨੁੱਖਤਾ ਦੇ ਆਧਾਰ ਉੱਤੇ ਹਰ ਗੱਲ ਮੰਨੀ ਜਾ ਸਕਦੀ ਹੈ ਪਰ ਧੱਕਾ ਬਰਦਾਸ਼ਤ ਨਹੀਂ ਹੈ । ਉਹਨਾਂ ਕਿਹਾ ਕਿ ਕਿਸੇ ਦੀਆਂ ਲੋੜਾਂ ਪੂਰੀਆਂ ਕਰਨ ਲਈ ਪੰਜਾਬ ਦੀ ਕਿਸਾਨੀ ਦਾ ਗਲਾ ਨਹੀਂ ਘੁੱਟਿਆ ਜਾ ਸਕਦਾ ਹੈ। ਭਵਿੱਖ ਵਿੱਚ ਹਰਿਆਣਾ ਨੂੰ ਪਾਣੀ ਦੇਣ ਬਾਰੇ ਪੁੱਛੇ ਜਾਣ ਉੱਤੇ ਉਹਨਾਂ ਕਿਹਾ ਕਿ 21 ਮਈ ਤੋਂ ਬਾਅਦ ਨਵਾਂ ਕੋਟਾ ਸ਼ੁਰੂ ਹੋਵੇਗਾ ਤਾਂ ਹਰਿਆਣਾ ਆਪਣੇ ਹਿੱਸੇ ਦਾ ਪਾਣੀ ਲੈ ਸਕਦਾ ਹੈ, ਪੰਜਾਬ ਨੂੰ ਕੋਈ ਇਤਰਾਜ ਨਹੀਂ ਹੈ । ਉਹਨਾਂ ਕਿਹਾ ਕਿ ਇਸ ਮਸਲੇ ਉੱਤੇ ਬੀ ਬੀ ਐਮ ਬੀ ਨੇ ਵੀ ਪੰਜਾਬ ਨਾਲ ਧੱਕਾ ਕਰਨ ਦੀ ਕੋਸ਼ਿਸ਼ ਕੀਤੀ। ਸੱਚਾਈ ਤਾਂ ਇਹ ਹੈ ਕਿ ਬੀ ਬੀ ਐਮ ਬੀ ਨੂੰ ਚਲਾਉਣ ਲਈ 60 ਫੀਸਦੀ ਪੈਸਾ ਪੰਜਾਬ ਦਿੰਦਾ ਹੈ ਪਰ ਇਸ ਵੱਲੋਂ ਪੱਖ ਹਰਿਆਣਾ ਅਤੇ ਹੋਰ ਰਾਜਾਂ ਦਾ ਪੂਰਿਆ ਜਾਂਦਾ ਹੈ । ਉਹਨਾਂ ਇਹ ਵੀ ਸਪੱਸ਼ਟ ਕੀਤਾ ਕਿ ਜੇਕਰ ਲੋੜ੍ਹ ਪਈ ਤਾਂ ਆਪਣੇ ਹਿੱਤ ਸੁਰੱਖਿਅਤ ਕਰਨ ਲਈ ਪੰਜਾਬ ਸਰਕਾਰ ਹਰ ਹੀਲਾ ਵਸੀਲਾ ਵਰਤੇਗੀ। ਉਹਨਾਂ ਕਿਹਾ ਕਿ ਪਾਕਿਸਤਾਨ ਵੱਲੋਂ ਜੰਗਬੰਦੀ ਦੀ ਉਲੰਘਣਾ ਕਰਨਾ ਬਹੁਤ ਮੰਦਭਾਗੀ ਗੱਲ ਹੈ। ਇਹ ਲੜ੍ਹਾਈ ਸ਼ੁਰੂ ਹੋਣ ਪਿੱਛੇ ਪਾਕਿਸਤਾਨ ਦਾ ਹੀ ਹੱਥ ਸੀ। ਕਿਉਂਕਿ ਪਹਿਲਗਾਮ ਘਟਨਾ ਦਾ ਬਦਲਾ ਲੈਣਾ ਭਾਰਤ ਲਈ ਜ਼ਰੂਰੀ ਸੀ । ਉਹਨਾਂ ਭਾਰਤੀ ਫ਼ੌਜ ਨੂੰ ਵਧਾਈ ਦਿੰਦਿਆਂ ਧੰਨਵਾਦ ਕੀਤਾ ਜਿੰਨਾ ਨੇ ਸਿਰਫ਼ ਅੱਤਵਾਦੀ ਟਿਕਾਣਿਆਂ ਉੱਤੇ ਹੀ ਹਮਲਾ ਕੀਤਾ। ਕਿਸੇ ਆਮ ਨਾਗਰਿਕ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ । ਉਹਨਾਂ ਕਿਹਾ ਕਿ ਹਰੇਕ ਭਾਰਤੀ ਨੂੰ ਭਾਰਤੀ ਫ਼ੌਜ ਉੱਤੇ ਮਾਣ ਹੈ। ਇਸ ਫ਼ੌਜ ਦੇ ਹੁੰਦਿਆਂ ਕੋਈ ਬਾਹਰੀ ਤਾਕਤ ਸਾਡੇ ਦੇਸ਼ ਵੱਲ ਮਾੜੀ ਨਜ਼ਰ ਨਾਲ ਦੇਖ ਨਹੀਂ ਸਕਦੀ । ਉਹਨਾਂ ਕਿਹਾ ਕਿ ਇਸ ਹੰਗਾਮੀ ਹਾਲਤ ਵਿੱਚ ਵੀ ਪੰਜਾਬ ਸਰਕਾਰ ਲੋਕਾਂ ਨਾਲ ਮੋਢੇ ਨਾਲ ਮੋਢਾ ਜੋੜ ਖੜ੍ਹੀ ਰਹੀ ਹੈ। ਉਹਨਾਂ ਕਿਹਾ ਕਿ ਮਿਜ਼ਾਈਲਾਂ ਅਤੇ ਡਰੋਨਾਂ ਦੇ ਹਮਲਿਆਂ ਦੇ ਚੱਲਦਿਆਂ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਦੇਸ਼ ਉੱਤੇ ਪੰਜਾਬ ਸਰਕਾਰ ਦੇ 10 ਮੰਤਰੀ ਸਰਹੱਦੀ ਇਲਾਕਿਆਂ ਵਿੱਚ ਲੋਕਾਂ ਨਾਲ ਰਹੇ। ਪੰਜਾਬ ਸਰਕਾਰ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਸੂਬੇ ਦੇ ਲੋਕਾਂ ਨਾਲ ਖੜ੍ਹੀ ਰਹੇਗੀ ।