

ਪੰਜਾਬ ਸਰਕਾਰ ਨੇ ਚੋਣ ਹਲਕੇ ਬਣਾਉਣ ਲਈ ਕੀਤਾ ਪੱਤਰ ਜਾਰੀ ਚੰਡੀਗੜ੍ਹ : ਪੰਜਾਬ ਵਿਚ ਮੁਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸੂਬੇ ਵਿੱਚ ਪੰਚਾਇਤ ਸਮਿਤੀਆਂ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਆਮ ਚੋਣਾਂ ਕਰਵਾਉਣ ਲਈ ਤਿਆਰੀ ਸ਼ੁਰੂ ਕਰ ਦਿੱਤੀ ਹੈ ਅਤੇ ਭਵਿੱਖ ਵਿਚ ਚੋਣਾਂ ਦਾ ਐਲਾਨ ਹੋਣ ਦੀ ਸੰਭਾਵਨਾ ਹੈ। ਪੰਚਾਇਤ ਸਮਿਤੀਆਂ ਅਤੇ ਜ਼ਿਲ੍ਹਾ ਪ੍ਰੀਸ਼ਦਾਂ ਦੇ ਚੋਣ ਹਲਕੇ ਬਣਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ ਅਤੇ 18 ਫ਼ਰਵਰੀ ਤਕ ਹਲਕਿਆਂ ਦੀਆਂ ਤਜਵੀਜ਼ਾਂ ਦਾ ਕੰਮ ਨੇਪਰੇ ਚਾੜ੍ਹਿਆ ਜਾਣਾ ਹੈ । ਇਥੇ ਹੀ ਬਸ ਨਹੀਂ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੇ ਅੱਜ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਚੋਣ ਹਲਕਿਆਂ ਦੇ ਨਕਸ਼ੇ ਤਿਆਰ ਕਰਨ ਦੀ ਹਦਾਇਤ ਜਾਰੀ ਕਰ ਦਿੱਤੀ ਹੈ । ਪੰਜਾਬ ਵਿਚ ਪੰਚਾਇਤ ਚੋਣਾਂ 15 ਅਕਤੂਬਰ ਨੂੰ ਹੋ ਗਈਆਂ ਸਨ ਅਤੇ ਨਵੀਆਂ ਪੰਚਾਇਤਾਂ ਨੇ ਆਪਣਾ ਕੰਮਕਾਜ ਵੀ ਸ਼ੁਰੂ ਕਰ ਦਿੱਤਾ ਹੈ। ਦੂਜੇ ਗੇੜ ਵਿਚ ਹੁਣ ਪੰਚਾਇਤ ਸਮਿਤੀਆਂ ਅਤੇ ਜ਼ਿਲ੍ਹਾ ਪਰਿਸ਼ਦਾਂ ਦੀ ਚੋਣ ਕਰਵਾਈ ਜਾ ਰਹੀ ਹੈ । ਲੁਧਿਆਣਾ ਦੀ ਜ਼ਿਮਨੀ ਚੋਣ ਵੀ ਕਿਸੇ ਵੀ ਵੇਲੇ ਐਲਾਨੀ ਜਾ ਸਕਦੀ ਹੈ। ਇਸੇ ਦੌਰਾਨ ਪੰਚਾਇਤ ਵਿਭਾਗ ਨੇ ਸਮਿਤੀਆਂ ਅਤੇ ਜ਼ਿਲ੍ਹਾ ਪਰਿਸ਼ਦਾਂ ਦੇ ਚੋਣ ਹਲਕੇ ਬਣਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ । ਪੰਚਾਇਤ ਵਿਭਾਗ ਨੇ ਹਲਕੇ ਤਜਵੀਜ਼ ਕਰਨ ਬਾਰੇ ਅੱਜ ਹਦਾਇਤ ਜਾਰੀ ਕਰ ਦਿੱਤੇ ਹਨ ।