post

Jasbeer Singh

(Chief Editor)

Punjab

ਹੜ੍ਹ ਅਤੇ ਸੋਕੇ ਦਾ ਨੁਕਸਾਨ ਪੰਜਾਬ ਦੇ ਹਿੱਸੇ ਆਇਆ : ਗਿਆਨੀ ਹਰਪ੍ਰੀਤ ਸਿੰਘ 

post-img

ਹੜ੍ਹ ਅਤੇ ਸੋਕੇ ਦਾ ਨੁਕਸਾਨ ਪੰਜਾਬ ਦੇ ਹਿੱਸੇ ਆਇਆ : ਗਿਆਨੀ ਹਰਪ੍ਰੀਤ ਸਿੰਘ  ਇਹ ਦੋਹਰੀ ਨੀਤੀ ਦੇ ਅੰਤ ਦਾ ਸਮਾਂ ਆ ਚੁੱਕਾ ਹੈ  ਪਾਣੀਆਂ ਤੇ ਠੱਗੀ ਬੰਦ ਹੋਵੇ,ਦੂਜੇ ਸੂਬਿਆਂ ਨੂੰ ਦਿੱਤੇ ਜਾਣ ਵਾਲੇ ਪਾਣੀ ਤੇ ਰਾਇਲਟੀ ਵਸੂਲ ਕਰਕੇ ਡੈਮਾਂ ਅਤੇ ਦਰਿਆਵਾਂ ਤੇ ਖਰਚ ਹੋਵੇ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਵਲੋਂ ਹਾਲੇ ਤੱਕ ਇੱਕ ਪੈਸਾ ਵੀ ਰਾਹਤ ਪੈਕਜ ਵਲੋਂ ਜਾਰੀ ਨਾ ਕਰਨਾ ਮੰਦਭਾਗਾ  ਚੰਡੀਗੜ੍ਹ, 30 ਅਗਸਤ 2025 : ਪੁਨਰ ਸੁਰਜੀਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋ ਅੱਜ ਹੜ੍ਹ ਨਾਲ ਪ੍ਰਭਾਵਿਤ ਇਲਾਕਿਆਂ ਜ਼ਿਲਾ ਫਿਰੋਜ਼ਪੁਰ ਅਤੇ ਹਰੀਕੇ ਪੱਤਣ ਦਾ ਦੌਰਾ ਕੀਤਾ ਗਿਆ । ਇਸ ਮੌਕੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਪਾਣੀਆਂ ਦੀ ਵੰਡ ਤੇ ਧੋਖੇ ਅਤੇ ਠੱਗੀ ਦੀ ਨੀਤੀ ਨੂੰ ਜੜ੍ਹੋਂ ਪੁੱਟਣ ਦਾ ਸਮਾਂ ਆ ਗਿਆ ਹੈ । ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਵੱਖ ਵੱਖ ਸਮੇਂ ਕੇਂਦਰ ਦੀਆਂ ਸਰਕਾਰਾਂ ਨੇ ਪਾਣੀਆਂ ਦੇ ਮਸਲੇ ਤੇ ਪੰਜਾਬ ਨਾਲ ਧੋਖਾ ਕੀਤਾ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਜਦੋਂ ਸਮੁੱਚੇ ਪੰਜਾਬੀਆਂ ਨੂੰ ਇੱਕਠੇ ਹੋ ਕੇ ਦੂਜੇ ਸੂਬਿਆਂ ਨੂੰ ਦਿੱਤੇ ਜਾਣ ਵਾਲੇ ਪਾਣੀ ਦੀ ਕੀਮਤ ਵਸੂਲਣ ਲਈ ਆਵਾਜ ਬੁਲੰਦ ਕਰਨੀ ਚਾਹੀਦੀ ਹੈ । ਪੰਜਾਬ ਇੱਕ ਰਿਪੇਰੀਅਨ ਸੂਬਾ ਹੈ,ਜਿਸ ਕਰਕੇ ਹੜ੍ਹ ਦਾ ਸਭ ਤੋਂ ਵੱਧ ਨੁਕਸਾਨ ਹੁਣ ਤੱਕ ਪੰਜਾਬ ਨੂੰ ਝੱਲਣਾ ਪਿਆ । ਦੂਜੇ ਸੂਬੇ ਆਪਣੇ ਕੁਦਰਤੀ ਵਸੀਲਿਆਂ ਤੋਂ ਆਪਣੇ ਸੂਬਿਆਂ ਦੀ ਆਮਦਨ ਵਿੱਚ ਵਾਧਾ ਕਰਦੇ ਹਨ, ਇਸ ਕਰਕੇ ਪੰਜਾਬ ਨੂੰ ਵੀ ਹੱਕ ਹੈ ਕਿ ਓਹ ਹਰਿਆਣਾ ਰਾਜਸਥਾਨ ਦਿੱਲੀ ਨੂੰ ਦਿੱਤੇ ਜਾਣ ਵਾਲੇ ਪਾਣੀ ਤੇ ਬਣਦੀ ਕੀਮਤ ਵਸੂਲ ਕਰੇ। ਪਾਣੀ ਦੀ ਵਸੂਲੀ ਕੀਮਤ ਨਾਲ ਸੂਬੇ ਦਾ ਬਜਟ ਵਧੇਗਾ ਅਤੇ ਇਸ ਪੈਸੇ ਨੂੰ ਡੈਮ ਪੱਕੇ ਕਰਨ, ਬੰਨ ਪੱਕੇ ਕਰਨ ਅਤੇ ਨਹਿਰੀ ਸੰਚਾਈ ਹੇਠ ਰਕਬਾ ਵਧਾਇਆ ਜਾ ਸਕਦਾ ਹੈ। ਇਸ ਤਰੀਕੇ ਨਾਲ ਜਿੱਥੇ ਇੱਕ ਪਾਸੇ ਹੜ ਤੋ ਹੋਣ ਵਾਲੇ ਕੁਦਰਤੀ ਨੁਕਸਾਨ ਤੋ ਬਚਿਆ ਜਾ ਸਕਦਾ ਹੈ,ਉਥੇ ਦੀ ਸੂਬੇ ਦੀ ਆਮਦਨ ਵਧੇਗੀ ਅਤੇ ਜ਼ਮੀਨ ਹੇਠਲਾ ਪਾਣੀ ਪ੍ਰਦੂਸ਼ਿਤ ਹੋਣ ਤੋਂ ਅਤੇ ਡਾਰਕ ਜ਼ੋਨ ਵਿੱਚ ਜਾਣ ਤੋਂ ਬਚੇਗਾ । ਗਿਆਨੀ ਹਰਪ੍ਰੀਤ ਸਿੰਘ ਨੇ ਸਾਲ 2023 ਵਿੱਚ ਹਿਮਾਚਲ ਪ੍ਰਦੇਸ਼ ਅਤੇ ਦਿੱਲੀ ਸਰਕਾਰ ਵਿਚਾਲੇ ਹੋਏ ਐਗਰੀਮੈਂਟ ਦਾ ਹਵਾਲਾ ਦਿੰਦੇ ਕਿਹਾ ਕਿ ਜੇਕਰ ਦਿੱਲੀ ਸਰਕਾਰ, ਹਿਮਾਚਲ ਪ੍ਰਦੇਸ਼ ਤੋਂ ਮੁੱਲ ਪਾਣੀ ਖਰੀਦ ਸਕਦੀ ਹੈ ਤਾਂ ਪੰਜਾਬ ਦਾ ਪਾਣੀ ਮੁਫ਼ਤ ਹੀ ਕਿਉਂ ਲੁੱਟਿਆ ਜਾ ਰਿਹਾ ਹੈ। ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਪੈਪਸੂ ਸਮੇਂ ਤੋਂ ਹੁਣ ਤੱਕ ਪਾਣੀਆਂ ਦੇ ਮੁੱਲ ਦੀ ਸਮੀਖਿਆ ਕਰਕੇ ਉਸ ਕੀਮਤ ਦੀ ਨਾ ਸਿਰਫ ਭਰਪਾਈ ਹੋਵੇ ਸਗੋ ਭਵਿੱਖ ਵਿੱਚ ਪਾਣੀ ਦੀ ਕੀਮਤ ਨੂੰ ਲਾਜ਼ਮੀ ਰੂਪ ਵਿੱਚ ਵਸੂਲਿਆ ਜਾਣਾ ਚਾਹੀਦਾ ਹੈ।ਓਹਨਾਂ ਹਰਿਆਣਾ ਸਰਕਾਰ ਦੀ ਆਲੋਚਨਾ ਕਰਦੇ ਕਿਹਾ ਕਿ ਅੱਜ ਜਦੋਂ ਪੰਜਾਬ ਮੁਸ਼ਕਿਲ ਸਥਿਤੀ ਵਿੱਚ ਹੈ ਤਾਂ ਹਰਿਆਣਾ ਨੇ ਭਾਖੜਾ ਜਰੀਏ ਪਾਣੀ ਲੈਣ ਤੋ ਸਾਫ ਇਨਕਾਰ ਕਰਕੇ ਸਾਬਿਤ ਕੀਤਾ ਹੈ ਕਿ ਡੋਬੇ ਸੋਕੇ ਦਾ ਨੁਕਸਾਨ ਸਿਰਫ ਪੰਜਾਬ ਦੇ ਹਿੱਸੇ ਆਇਆ ਹੈ। ਗਿਆਨੀ ਹਰਪ੍ਰੀਤ ਸਿੰਘ ਵੱਲੋ ਅੱਜ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਦੇ ਹੋਏ, ਇਹਨਾਂ ਇਲਾਕਿਆਂ ਵਿੱਚ ਜਿੱਥੇ ਰਾਸ਼ਨ ਸਮੱਗਰੀ ਨੂੰ ਭੇਜਿਆ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਵੱਲੋ ਚਲਾਏ ਜਾ ਰਹੇ ਰਾਹਤ ਕੈਂਪਾਂ ਦਾ ਵੀ ਦੌਰਾ ਕੀਤਾ। ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਮੁੜ ਹਦਾਇਤ ਕੀਤੀ ਕਿ ਓਹ ਹਰ ਤਰਾਂ ਦੀ ਮੱਦਦ ਲਈ ਤਿਆਰ ਰਹਿਣ । ਇਸ ਦੇ ਨਾਲ ਗਿਆਨੀ ਹਰਪ੍ਰੀਤ ਸਿੰਘ ਨੇ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਹਾਲੇ ਤੱਕ ਏਨੇ ਵੱਡੇ ਨੁਕਸਾਨ ਤੇ ਇੱਕ ਰੁਪਿਆ ਵੀ ਰਾਹਤ ਪੈਕਜ ਦੇ ਤੌਰ ਤੇ ਨਾ ਜਾਰੀ ਕਰਨ ਤੇ ਸਵਾਲ ਉਠਾਏ । ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸੂਬਾ ਸਰਕਾਰ ਪੂਰੀ ਤਰਾਂ ਫੇਲ੍ਹ ਹੋ ਚੁੱਕੀ ਹੈ,ਪੰਜਾਬੀ ਆਪਣੀ ਫਿਤਰਤ ਅਨੁਸਾਰ ਪੀੜਤ ਪਰਿਵਾਰਾਂ ਦੀ ਮਦਦ ਲਈ ਅੱਗੇ ਆਏ ਹਨ । ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਪੰਜਾਬ ਪ੍ਰਤੀ ਸ਼ੁਰੂ ਤੋਂ ਜਾਰੀ ਬੇਗਾਨਗੀ ਵਾਲੀ ਨਜ਼ਰ ਦੂਰ ਨਹੀਂ ਕੀਤੀ । ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਹ ਨਹੀਂ ਹੋ ਸਕਦਾ ਕਿ ਕੇਂਦਰ ਸਰਕਾਰ ਕੋਲ ਪੰਜਾਬ ਦੇ ਤਾਜਾ ਹਾਲਤਾਂ ਦੀ ਕੋਈ ਰਿਪੋਰਟ ਹੀ ਨਾ ਹੋਵੇ ਪਰ ਕੇਂਦਰ ਸਰਕਾਰ ਵਲੋਂ ਔਖੀ ਘੜੀ ਵਿੱਚ ਵੱਟੀ ਚੁੱਪ ਪੰਜਾਬੀਆਂ ਨੂੰ ਦਰਦ ਜ਼ਰੂਰ ਦੇ ਰਹੀ ਹੈ । ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਦੌਰੇ ਮੌਕੇ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਬਰਜਿੰਦਰ ਸਿੰਘ ਬਰਾੜ, ਅਜੇਪਾਲ ਸਿੰਘ ਬਰਾੜ,ਦਵਿੰਦਰ ਸਿੰਘ ਸੇਖੋਂ, ਕੁਲਬੀਰ ਸਿੰਘ ਮੱਤਾ, ਅਮਨਿੰਦਰ ਸਿੰਘ ਬਨੀ ਬਰਾੜ, ਗਗਨਦੀਪ ਸਿੰਘ ਸੰਧੂ ਅਤੇ ਮਨਪ੍ਰੀਤ ਸਿੰਘ ਭੋਲੂਵਾਲਾ ਹਾਜ਼ਰ ਸਨ ।

Related Post