 
                                             ਵਿਧਵਾ ਅਤੇ ਨਿਆਸ਼ਰਿਤ ਔਰਤਾਂ ਨੂੰ ਵਿੱਤੀ ਸਹਾਇਤਾ ਵਜੋਂ ਹੁਣ ਤੱਕ 693 ਕਰੋੜ ਰੁਪਏ ਦੀ ਰਾਸ਼ੀ ਜਾਰੀ: ਡਾ. ਬਲਜੀਤ ਕੌਰ
- by Jasbeer Singh
- October 31, 2025
 
                              ਵਿਧਵਾ ਅਤੇ ਨਿਆਸ਼ਰਿਤ ਔਰਤਾਂ ਨੂੰ ਵਿੱਤੀ ਸਹਾਇਤਾ ਵਜੋਂ ਹੁਣ ਤੱਕ 693 ਕਰੋੜ ਰੁਪਏ ਦੀ ਰਾਸ਼ੀ ਜਾਰੀ: ਡਾ. ਬਲਜੀਤ ਕੌਰ ਸੂਬੇ ਦੀਆਂ 6 ਲੱਖ 65 ਹਜ਼ਾਰ 994 ਵਿਧਵਾ ਅਤੇ ਨਿਆਸ਼ਰਿਤ ਔਰਤਾਂ ਇਸ ਸਕੀਮ ਦਾ ਲਾਭ ਲੈ ਰਹੀਆਂ ਹਨ ਚੰਡੀਗੜ੍ਹ, 31 ਅਕਤੂਬਰ 2025 : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸੂਬੇ ਦੇ ਹਰੇਕ ਵਰਗ ਦੀ ਭਲਾਈ ਅਤੇ ਸਮਾਜਿਕ ਨਿਆਂ ਲਈ ਵਚਨਬੱਧ ਹੈ । ਇਸ ਕੜੀ ਵਿੱਚ ਸਰਕਾਰ ਵੱਲੋਂ ਵਿਧਵਾ ਅਤੇ ਨਿਆਸ਼ਰਿਤ ਔਰਤਾਂ ਨੂੰ ਆਰਥਿਕ ਸਹਾਰਾ ਤੇ ਜੀਵਨ ਵਿੱਚ ਸੁਖਾਲਾ ਲਿਆਉਣ ਵਾਸਤੇ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ । ਇਸੇ ਤਹਿਤ, ਸਮਾਜਿਕ ਸੁਰੱਖਿਆ ਯੋਜਨਾ ਅਧੀਨ ਉਨ੍ਹਾਂ ਦੇ ਹਿੱਤ ਵਿੱਚ ਵੱਡੀ ਵਿੱਤੀ ਰਕਮ ਜਾਰੀ ਕੀਤੀ ਗਈ ਹੈ । ਇਹ ਜਾਣਕਾਰੀ ਦਿੰਦਿਆਂ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਚਾਲੂ ਵਿੱਤੀ ਸਾਲ ਦੌਰਾਨ ਪੰਜਾਬ ਸਰਕਾਰ ਵੱਲੋਂ ਹੁਣ ਤੱਕ ₹693.04 ਕਰੋੜ ਦੀ ਰਾਸ਼ੀ ਜਾਰੀ ਕੀਤੀ ਜਾ ਚੁੱਕੀ ਹੈ । ਉਨ੍ਹਾਂ ਨੇ ਦੱਸਿਆ ਕਿ ਸੂਬੇ ਦੀਆਂ 6 ਲੱਖ 65 ਹਜ਼ਾਰ 994 ਵਿਧਵਾ ਅਤੇ ਨਿਆਸ਼ਰਿਤ ਔਰਤਾਂ ਨੂੰ ਇਸ ਸਕੀਮ ਅਧੀਨ ਵਿੱਤੀ ਸਹਾਇਤਾ ਦਾ ਲਾਭ ਮਿਲ ਰਿਹਾ ਹੈ। ਡਾ. ਕੌਰ ਨੇ ਕਿਹਾ ਕਿ ਇਹ ਯੋਜਨਾ ਔਰਤਾਂ ਨੂੰ ਆਰਥਿਕ ਤੌਰ ‘ਤੇ ਮਜ਼ਬੂਤ ਬਣਾਉਣ ਦੇ ਨਾਲ-ਨਾਲ ਉਨ੍ਹਾਂ ਨੂੰ ਸਮਾਜ ਦੀ ਮੁੱਖ ਧਾਰਾ ਵਿੱਚ ਸ਼ਾਮਲ ਕਰਨ ਦਾ ਇੱਕ ਸ਼ਲਾਘਾਯੋਗ ਉਪਰਾਲਾ ਹੈ । ਡਾ. ਬਲਜੀਤ ਕੌਰ ਨੇ ਕਿਹਾ ਕਿ ਮਾਨ ਸਰਕਾਰ ਦਾ ਸਦਾ ਤੋਂ ਉਦੇਸ਼ ਔਰਤਾਂ ਨੂੰ ਸਿਰਫ਼ ਸਹਾਇਤਾ ਨਹੀਂ, ਸਸ਼ਕਤੀਕਰਨ ਦੇ ਮੌਕੇ ਦੇਣਾ ਹੈ । ਸਰਕਾਰ ਚਾਹੁੰਦੀ ਹੈ ਕਿ ਹਰ ਔਰਤ ਆਤਮਨਿਰਭਰ ਬਣੇ ਅਤੇ ਆਪਣੀ ਜ਼ਿੰਦਗੀ ਆਦਰ ਅਤੇ ਗੌਰਵ ਨਾਲ ਬਤੀਤ ਕਰ ਸਕੇ । ਇਹੀ ਕਾਰਨ ਹੈ ਕਿ ਰਾਜ ਸਰਕਾਰ ਸਮਾਜਿਕ ਸੁਰੱਖਿਆ ਯੋਜਨਾਵਾਂ ਨੂੰ ਲਗਾਤਾਰ ਹੋਰ ਮਜ਼ਬੂਤ ਤੇ ਪ੍ਰਭਾਵਸ਼ਾਲੀ ਬਣਾਉਣ ਉੱਤੇ ਧਿਆਨ ਦੇ ਰਹੀ ਹੈ । ਡਾ. ਬਲਜੀਤ ਕੌਰ ਨੇ ਹੋਰ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਵਿਧਵਾ ਅਤੇ ਨਿਆਸ਼ਰਿਤ ਔਰਤਾਂ ਦੀ ਭਲਾਈ ਲਈ 1170 ਕਰੋੜ ਦੇ ਬਜਟ ਦਾ ਉਪਬੰਧ ਕੀਤਾ ਗਿਆ ਹੈ। ਉਨ੍ਹਾਂ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਇਸ ਸਕੀਮ ਨੂੰ ਜ਼ਮੀਨੀ ਪੱਧਰ ‘ਤੇ ਸੁਚੱਜੇ ਤੇ ਪਾਰਦਰਸ਼ੀ ਢੰਗ ਨਾਲ ਲਾਗੂ ਕੀਤਾ ਜਾਵੇ, ਤਾਂ ਜੋ ਹਰ ਯੋਗ ਲਾਭਪਾਤਰੀ ਤੱਕ ਇਸ ਸਕੀਮ ਦਾ ਫ਼ਾਇਦਾ ਪਹੁੰਚ ਸਕੇ ।

 
                                     
                                                    
                                                    
                                                    
                                                    
                                                    
                                                    
                                                    
                                                    
                                                    
                                                    
                                          
 
                      
                      
                      
                      
                     