post

Jasbeer Singh

(Chief Editor)

Punjab

ਐਸ. ਡੀ. ਐਮ. ਤੇ ਡੀ. ਐਸ. ਪੀ. ਦਿੜ੍ਹਬਾ ਵੱਲੋਂ ਸਰਪੰਚਾਂ, ਨੋਡਲ ਤੇ ਕਲੱਸਟਰ ਅਧਿਕਾਰੀਆਂ ਨਾਲ ਬੈਠਕ

post-img

ਐਸ. ਡੀ. ਐਮ. ਤੇ ਡੀ. ਐਸ. ਪੀ. ਦਿੜ੍ਹਬਾ ਵੱਲੋਂ ਸਰਪੰਚਾਂ, ਨੋਡਲ ਤੇ ਕਲੱਸਟਰ ਅਧਿਕਾਰੀਆਂ ਨਾਲ ਬੈਠਕ -ਪਰਾਲੀ ਪ੍ਰਬੰਧਨ ਲਈ ਰਲਕੇ ਹੰਭਲਾ ਮਾਰਨ ਦੀ ਲੋੜ : ਰਾਜੇਸ਼ ਸ਼ਰਮਾ -ਕਿਹਾ, ਰਾਤ ਸਮੇਂ ਝੋਨੇ ਦੀ ਕਟਾਈ ਨਾ ਕਰਨ ਸਬੰਧੀ ਹੁਕਮਾਂ ਦੀ ਇੰਨ ਬਿੰਨ ਪਾਲਣਾ ਯਕੀਨੀ ਬਣਾਈ ਜਾਵੇ ਦਿੜ੍ਹਬਾ, 27 ਅਕਤੂਬਰ 2025 : ਸਬ-ਡਵੀਜ਼ਨ ਦਿੜ੍ਹਬਾ ਦੇ ਐਸ. ਡੀ. ਐਮ. ਰਾਜੇਸ਼ ਸ਼ਰਮਾ ਤੇ ਡੀ. ਐਸ. ਪੀ. ਰੁਪਿੰਦਰ ਕੌਰ ਬਾਜਵਾ ਵੱਲੋਂ ਅੱਜ ਸਬ ਡਵੀਜ਼ਨ ਦੇ ਪਿੰਡਾਂ ਦੇ ਸਰਪੰਚਾਂ, ਨੋਡਲ ਤੇ ਕਲੱਸਟਰ ਅਧਿਕਾਰੀਆਂ ਸਮੇਤ ਇਲਾਕੇ ਦੇ ਪਟਵਾਰੀਆਂ ਨਾਲ ਪਰਾਲੀ ਪ੍ਰਬੰਧਨ ਸਬੰਧੀ ਅਹਿਮ ਬੈਠਕ ਕੀਤੀ ਗਈ । ਐਸ. ਡੀ. ਐਮ. ਰਾਜੇਸ਼ ਸ਼ਰਮਾ ਨੇ ਸਰਪੰਚਾਂ ਨੂੰ ਇਸ ਜਾਗਰੂਕਤਾ ਮੁਹਿੰਮ ਵਿੱਚ ਮੋਹਰੀ ਭੂਮਿਕਾ ਨਿਭਾਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਪਰਾਲੀ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਨੂੰ ਰੋਕਣ ਵਿੱਚ ਪਿੰਡਾਂ ਦੇ ਪਤਵੰਤੇ ਅਹਿਮ ਰੋਲ ਦਾ ਕਰ ਸਕਦੇ ਹਨ । ਉਨ੍ਹਾਂ ਕਿਹਾ ਕਿ ਸਰਪੰਚ ਆਪਣੇ ਪਿੰਡ ਦੇ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਲਈ ਨਵੀਨਤਮ ਤਕਨੀਕਾਂ ਅਪਣਾਉਣ ਲਈ ਅੱਗੇ ਆਉਣ ਦਾ ਸੱਦਾ ਦੇਣ । ਉਨ੍ਹਾਂ ਨੋਡਲ ਤੇ ਕਲੱਸਟਰ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਪਰਾਲੀ ਸਾੜਨ ਤੋਂ ਰੋਕਣ ਲਈ ਮਾਣਯੋਗ ਸੁਪਰੀਮ ਕੋਰਟ ਦੇ ਆਦੇਸ਼ਾਂ ਅਤੇ ਹਵਾ ਗੁਣਵੱਤਾ ਮੋਨੀਟਰਿੰਗ ਕਮਿਸ਼ਨ ਦੇ ਨਿਰਦੇਸ਼ਾਂ ਦੀ ਪਾਲਣਾ ਇੰਨ-ਬਿੰਨ ਤੇ ਸਖ਼ਤੀ ਨਾਲ ਕਰਨੀ ਯਕੀਨੀ ਬਣਾਈ ਜਾਵੇ । ਉਹਨਾਂ ਕਿਹਾ ਕਿ ਪਰਾਲੀ ਸਾੜਨ ਤੋਂ ਰੋਕਣ ਲਈ ਤਾਇਨਾਤ ਕੀਤੇ ਗਏ ਨੋਡਲ ਅਫ਼ਸਰ ਕੋਈ ਅਣਗਹਿਲੀ ਨਾ ਵਰਤਣ ਤੇ ਕਿਸਾਨਾਂ ਨੂੰ ਪ੍ਰੇਰਿਤ ਕਰਕੇ ਪਰਾਲੀ ਨੂੰ ਬਿਨ੍ਹਾਂ ਅੱਗ ਲਗਾਏ ਖੇਤਾਂ 'ਚ ਮਿਲਾਉਣ ਤੇ ਸੁਚੱਜੇ ਪਰਾਲੀ ਪ੍ਰਬੰਧਨ ਲਈ ਉਤਸ਼ਾਹਤ ਕਰਨ । ਉਹਨਾਂ ਨੇ ਇਹ ਵੀ ਹਦਾਇਤ ਕੀਤੀ ਕਿ ਸਬ ਡਵੀਜ਼ਨ ਦਿੜ੍ਹਬਾ ਵਿੱਚ ਕੋਈ ਵੀ ਕੰਬਾਇਨ ਬਿਨ੍ਹਾਂ ਸੁਪਰ ਐਸ. ਐਮ. ਐਸ. ਚਲਾਏ ਝੋਨੇ ਦੀ ਕਟਾਈ ਨਾ ਕਰੇ ਤੇ ਜ਼ਿਲ੍ਹਾ ਪ੍ਰਸ਼ਾਸਨ ਸੰਗਰੂਰ ਵੱਲੋਂ ਸ਼ਾਮ 6 ਵਜੇ ਤੋਂ ਸਵੇਰੇ 10 ਵਜੇ ਤੱਕ ਝੋਨੇ ਦੀ ਕੰਬਾਇਨ ਨਾਲ ਕਟਾਈ ਨਾ ਕਰਨ ਸਬੰਧੀ ਜਾਰੀ ਕੀਤੇ ਆਦੇਸ਼ਾਂ ਦੀ ਵੀ ਫ਼ੀਲਡ ਵਿਚ ਤਾਇਨਾਤ ਅਧਿਕਾਰੀ ਪਾਲਣਾ ਨੂੰ ਯਕੀਨੀ ਬਣਾਉਣ । ਡੀ. ਐਸ. ਪੀ. ਰੁਪਿੰਦਰ ਕੌਰ ਬਾਜਵਾ ਨੇ ਕਿਹਾ ਕਿ ਪੁਲਸ ਵਿਭਾਗ ਪੂਰੀ ਤਰ੍ਹਾਂ ਚੌਕਸ ਹੈ ਤੇ ਵਿਭਾਗ ਵੱਲੋਂ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਵੀ ਮੁਹਿੰਮ ਵਿੱਢੀ ਗਈ ਹੈ । ਉਹਨਾਂ ਕਿਹਾ ਕਿ ਇਸ ਦਾ ਹੱਲ ਸਾਰਿਆਂ ਦੇ ਸਾਂਝੇ ਯਤਨਾਂ ਨਾਲ ਕੀਤਾ ਜਾ ਸਕਦਾ ਹੈ । ਉਹਨਾਂ ਇਨ ਸੀਟੂ ਤੇ ਐਕਸ ਸੀਟੂ ਤਕਨੀਕਾਂ ਨਾਲ ਪਰਾਲੀ ਦਾ ਨਿਪਟਾਰਾ ਕਰਨ ਲਈ ਕਿਸਾਨਾਂ ਨੂੰ ਪ੍ਰੇਰਿਤ ਕੀਤਾ ।

Related Post